Headlines

ਜਲੰਧਰ ਜ਼ਿਮਨੀ ਚੋਣ: ‘ਆਪ’ ਨੇ ਢਾਹਿਆ ਕਾਂਗਰਸ ਦਾ ਕਿਲਾ

ਪਾਲ ਸਿੰਘ ਨੌਲੀ

ਜਲੰਧਰ, 13 ਮਈ 

ਆਮ ਆਦਮੀ ਪਾਰਟੀ (ਆਪ) ਨੇ ਅੱਜ ਜਲੰਧਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ ’ਚ ਵੱਡੀ ਜਿੱਤ ਦਰਜ ਕਰਦਿਆਂ ਕਾਂਗਰਸ ਦਾ ਮਜ਼ਬੂਤ ਮੰਨਿਆ ਜਾਂਦਾ ਕਿਲ੍ਹਾ ਢਹਿ-ਢੇਰੀ ਕਰ ਦਿੱਤਾ ਹੈ। ‘ਆਪ’ ਦੇ ਸੁਸ਼ੀਲ ਰਿੰਕੂ ਨੇ 3,02,097 ਵੋਟਾਂ ਹਾਸਲ ਕਰਕੇ  58,691 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ। ਕਰਮਜੀਤ ਕੌਰ ਨੇ 2,43,450  ਵੋਟਾਂ ਹਾਸਲ ਕੀਤੀਆਂ। ਇਸ ਚੋਣ ਲਈ ਕੁੱਲ 8,87,086 ਲੋਕਾਂ ਨੇ ਵੋਟ ਪਾਈ ਸੀ। ਕਾਂਗਰਸ ਪਾਰਟੀ ਜਲੰਧਰ ਦੇ ਲੋਕ ਸਭਾ ਹਲਕੇ ’ਤੇ 1999 ਤੋਂ ਕਾਬਜ਼ ਚੱਲੀ ਆ ਰਹੀ ਸੀ। ਸੁਸ਼ੀਲ ਰਿੰਕੂ ਨੇ ਜਲੰਧਰ  ਪੱਛਮੀ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਦੂਜੀ ਵਾਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ  ਵਿੱਚ ‘ਆਪ’ ਆਗੂ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸਨ। ਲੋਕ ਸਭਾ ਦੀ ਉਪ ਚੋਣ ਵੇਲੇ ਉਹ ਕਾਂਗਰਸ ਛੱਡ ਕੇ ‘ਆਪ’ ਵਿੱਚ ਆ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ‘ਆਪ’ ਦੇ ਪਹਿਲੇ ਐੱਮਪੀ ਬਣ ਗਏ ਹਨ ਜੋ ਜਲੰਧਰ ਤੋਂ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਅੱਜ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਰਿੰਕੂ ਨੇ ਪਹਿਲੇ ਗੇੜ ਤੋਂ ਹੀ ਲੀਡ ਬਣਾ ਲਈ ਜੋ ਅਖੀਰ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਦੇ ਕੁੱਲ 16 ਗੇੜ ਹੋਏ ਜਿਨ੍ਹਾਂ ਸਾਰਿਆਂ ਵਿੱਚ ਸੁਸ਼ੀਲ ਰਿੰਕੂ ਅੱਗੇ ਰਹੇ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚੋਂ 7 ਵਿੱਚ ‘ਆਪ’ ਅਤੇ ਦੋ ਵਿੱਚ ਕਾਂਗਰਸ ਜੇਤੂ ਰਹੀ। ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਪਹਿਲਾਂ  ਤੀਜੇ ਨੰਬਰ ’ਤੇ ਚੱਲਦੇ  ਆ ਰਹੇ ਸਨ ਪਰ ਉਹ ਆਖਰੀ ਗੇੜਾਂ ਵਿੱਚ ਪੱਛੜ ਗਏ। ਭਾਜਪਾ ਉਮੀਦਵਾਰ ਨੂੰ 1,34,706 ਵੋਟਾਂ ਮਿਲੀਆਂ, ਜਦਕਿ  ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ    1,58,354 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਸਿਰਫ਼ 20,354 ਵੋਟਾਂ ਹੀ ਮਿਲੀਆਂ। ਨੋਟਾ ਦਾ ਬਟਨ 6656 ਜਣਿਆਂ ਨੇ ਦਬਾਇਆ। ‘ਆਪ’ ਦੀ ਜਲੰਧਰ ਵਿੱਚ ਪਹਿਲੀ ਵਾਰ ਹੋਈ ਜਿੱਤ ’ਤੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ।

 

ਚੌਧਰੀ ਪਰਿਵਾਰ ਦਾ ਦਬਦਬਾ ਘਟਿਆ

ਪੰਜਾਬ ਦੀ ਸਿਆਸਤ ਵਿੱਚ ਚੌਧਰੀ ਪਰਿਵਾਰ ਦਾ ਬਹੁਤ ਦਬਾਦਬਾ ਰਿਹਾ ਹੈ। ਮਾਸਟਰ ਗੁਰਬੰਤ ਸਿੰਘ ਪੰਜਾਬ ਵਜ਼ਾਰਤ ’ਚ ਮੰਤਰੀ ਰਹੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਦੋ ਪੁੱਤਰ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਲੰਮਾਂ ਸਮਾਂ ਦਲਿਤਾਂ ਦੀ ਅਗਵਾਈ ਕਰਦੇ ਰਹੇ। ਦੋਵੇਂ ਭਰਾ ਵੀ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ। ਚੌਧਰੀ ਸੰਤੋਖ ਸਿੰਘ ਐੱਮਪੀ ਰਹੇ। ਅੱਗੇ ਚੌਧਰੀ ਭਰਾਵਾਂ ਦੇ ਪੁੱਤਰ ਵੀ ਫਿਲੌਰ ਤੇ ਕਰਤਾਰਪੁਰ ਤੋਂ ਵਿਧਾਇਕ ਬਣੇ ਸਨ। ਇਸ ਜ਼ਿਮਨੀ ਉਪ ਚੋਣ ਵਿੱਚ ਕਾਂਗਰਸ ਕਰਤਾਰਪੁਰ ਤੇ ਫਿਲੌਰ ਵਿੱਚੋਂ ਵੀ ਹਾਰ ਗਈ ਜਿਹੜੇ ਚੌਧਰੀਆਂ ਦੇ ਗੜ੍ਹ ਵਜੋਂ ਦੇਖੇ ਜਾਂਦੇ ਹਨ। ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਕਾਂਗਰਸ ਹਮਦਰਦੀ ਤਹਿਤ ਵੋਟਾਂ ਦੀ ਆਸ ਲਾ ਕੇ ਬੈਠੀ ਸੀ ਪਰ ਲੋਕਾਂ `ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਦਲਿਤ ਪੱਤਾ ਵੀ ਕੰਮ ਨਾ ਆਇਆ

ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਵਿੱਚ ਉਤਾਰਿਆ ਸੀ। ਵਿਜੀਲੈਂਸ ਦੀ ਜਾਂਚ ਵਿੱਚ ਘਿਰੇ ਚੰਨੀ ਬਾਰੇ ਇਕ ਵਾਰ ਦਾ ਹਮਦਰਦੀ ਦੀ ਲਹਿਰ ਬਣਦੀ ਨਜ਼ਰ ਆਈ ਸੀ ਪਰ ਇਹ ਵੋਟਾਂ ਵਿੱਚ ਤਬਦੀਲ ਨਾ ਹੋ ਸਕੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੰਨੀ ਦੇ ਨਾਂ ’ਤੇ ਜਿਹੜਾ ਦਲਿਤ ਪੱਤਾ ਖੇਡਿਆ ਸੀ, ਉਹ ਨਹੀਂ ਚੱਲਿਆ।

ਕਾਂਗਰਸ ਦੀ ਇਕਜੁੱਟਤਾ ਵੀ ਕੰਮ ਨਾ ਆਈ

ਕਾਂਗਰਸ ਨੇ ਆਪਣੇ ਹੀ ਗੜ੍ਹ ਵਿੱਚ ਸਾਬਕਾ ਕਾਂਗਰਸੀ ਕੋਲੋਂ ਹੀ ਮਾਤ ਖਾਧੀ ਹੈ। ਇਸ ਜ਼ਿਮਨੀ ਚੋਣ ਲਈ ਕਾਂਗਰਸ ਦੇ ਸਾਰੇ ਛੋਟੇ-ਵੱਡੇ ਆਗੂ ਇਕਜੁੱਟ ਨਜ਼ਰ ਆਏ ਸਨ ਤੇ ਜਿਸ ਦਿਨ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੇ ਕਾਗਜ਼ ਦਾਖਲ ਕਰਨੇ ਸਨ, ਉਸ ਦਿਨ ਸਮੁੱਚੀ ਕਾਂਗਰਸ ਪਹਿਲੀ ਵਾਰ ਇਕਜੁੱਟ ਨਜ਼ਰ ਆਈ ਸੀ।

ਲੋਕ ਭਲਾਈ ਦੇ ਕੰਮਾਂ ਸਦਕਾ ‘ਆਪ’ ਜਿੱਤੀ: ਕੇਜਰੀਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ):ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ‘ਬੇਮਿਸਾਲ ਜਿੱਤ’ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿੱਚ ਲੋਕ ਭਲਾਈ ਕੰਮਾਂ ਸਦਕਾ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੀ ਲਹਿਰ ਸਮੇਂ ਵੀ ਜਲੰਧਰ ਦੇ ਨੌਂ ਹਲਕਿਆਂ ’ਚੋਂ ਕਾਂਗਰਸ ਨੇ ਪੰਜ ’ਤੇ ਜਿੱਤ ਹਾਸਲ ਕੀਤੀ ਸੀ ਪਰ ‘ਆਪ’ ਵੱਲੋਂ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਹਲਕੇ ਦੇ ਲੋਕਾਂ ਨੇ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ‘ਆਪ’ ਦਾ ਲੋਕ ਸਭਾ ਵਿੱਚ ਮੁੜ ਤੋਂ ਖਾਤਾ ਖੁੱਲ੍ਹ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਮਗਰੋਂ ਪਾਰਟੀ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਨਾਲ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕੰਮ ਦੀ ਰਾਜਨੀਤੀ ਕਰਦੇ ਹਨ ਅਤੇ ਕੀਤੇ ਗੲੇ ਕੰਮਾਂ ਦੇ ਸਿਰ ’ਤੇ ਹੀ ਲੋਕਾਂ ਤੋਂ ਵੋਟਾਂ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਸਰਕਾਰ ਦੇ ਕੰਮਾਂ ’ਤੇ ਮੋਹਰ ਲਗਾ ਕੇ ਵੱਡਾ ਸੰਦੇਸ਼ ਦਿੱਤਾ ਹੈ।

ਜਲੰਧਰ ਵਿੱਚ ਸ਼ਨਿਚਰਵਾਰ ਨੂੰ ਜ਼ਿਮਨੀ ਚੋਣ ’ਚ ਹੋਈ ਜਿੱਤ ਤੋਂ ਬਾਅਦ ਢੋਲ ਵਜਾਉਂਦੀ ਹੋਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ।
ਜਲੰਧਰ ਵਿਚ ਜਿੱਤ ਦੀ ਖੁਸ਼ੀ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਸੁਸ਼ੀਲ ਕੁਮਾਰ ਰਿੰਕੂ।
ਜ਼ਿਮਨੀ ਚੋਣ ’ਚ ਹਾਰ ਮਗਰੋਂ ਜਲੰਧਰ ਸਥਿਤ ਕਾਂਗਰਸ ਭਵਨ ਵਿੱਚ ਪੱਸਰੀ ਸੁੰਨ।
ਚੋਣ ਹਾਰਨ ਮਗਰੋਂ ਪਰਤਦੇ ਹੋਏ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ। -ਫੋਟੋਆਂ: ਮਲਕੀਅਤ ਸਿੰਘ