Headlines

‘ਜ਼ੀਰੋ ਬਿੱਲਾਂ’ ਦਾ ਚੱਲਿਆ ਜਾਦੂ…!

ਚੰਡੀਗੜ੍ਹ (ਚਰਨਜੀਤ ਭੁੱਲਰ):ਜਲੰਧਰ ਜ਼ਿਮਨੀ ਚੋਣ ’ਚ ‘ਜ਼ੀਰੋ ਬਿੱਲਾਂ’ ਦਾ ਜਾਦੂ ਚਲਿਆ ਹੈ। ਇਨ੍ਹਾਂ ਬਿੱਲਾਂ ਨੇ ‘ਆਪ’ ਦੇ ਸਿਰ ਤਾਜ ਸਜਾਉਣ ’ਚ ਵੱਡੀ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਵਜ਼ੀਰਾਂ ਨੇ ਜ਼ਿਮਨੀ ਚੋਣ ਦੇ ਪਿੜ ’ਚ ‘ਜ਼ੀਰੋ ਬਿੱਲਾਂ’ ਨੂੰ ਪੂਰੀ ਤਰ੍ਹਾਂ ਪ੍ਰਚਾਰਿਆ। ਪੰਜਾਬ ਸਰਕਾਰ ਨੇ ਦੋ ਮਹੀਨਿਆਂ ਵਿਚ 600 ਬਿਜਲੀ ਯੂਨਿਟਾਂ ਦੀ ਮੁਆਫ਼ੀ ਨੂੰ ਪਹਿਲੀ ਜੁਲਾਈ 2022  ਤੋਂ ਲਾਗੂ ਕੀਤਾ ਸੀ ਅਤੇ ਅਗਸਤ ਮਹੀਨੇ ਤੋਂ ਹੀ ਘਰੇਲੂ ਬਿਜਲੀ ਦੇ ਜ਼ੀਰੋ ਬਿੱਲ ਖਪਤਕਾਰਾਂ ਨੂੰ ਜਾਣੇ ਸ਼ੁਰੂ ਹੋ ਗਏ ਸਨ। ਵੇਰਵਿਆਂ ਅਨੁਸਾਰ ਅਪਰੈਲ 2023 ਵਿਚ ਜਲੰਧਰ ਲੋਕ ਸਭਾ ਹਲਕੇ ਵਿਚ ਘਰੇਲੂ ਬਿਜਲੀ ਦੇ 3.55 ਲੱਖ ਬਿੱਲ ਭੇਜੇ ਗਏ ਸਨ ਜਿਨ੍ਹਾਂ ’ਚੋਂ 3.13 ਲੱਖ ਬਿੱਲ ‘ਜ਼ੀਰੋ’ ਸਨ ਜੋ ਕਿ 88.39 ਫ਼ੀਸਦੀ ਬਣਦੇ ਹਨ। ਨਕੋਦਰ ਸਿਟੀ ਡਵੀਜ਼ਨ ਵਿਚ 88.42 ਫ਼ੀਸਦੀ, ਕਰਤਾਰਪੁਰ ਡਵੀਜ਼ਨ ਵਿਚ 87.46 ਫ਼ੀਸਦੀ, ਈਸਟ ਡਵੀਜ਼ਨ ਜਲੰਧਰ ਵਿਚ 89.79 ਫ਼ੀਸਦੀ, ਭੋਗਪੁਰ ਡਵੀਜ਼ਨ ਵਿਚ 90.31 ਫ਼ੀਸਦੀ ਪਰਿਵਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਅਪਰੈਲ ਮਹੀਨੇ ਵਿਚ ਪ੍ਰਾਪਤ ਹੋਏ ਸਨ। ਇਸੇ ਤਰ੍ਹਾਂ ਮਾਰਚ ਮਹੀਨੇ ਵਿਚ ਜਲੰਧਰ ਸੰਸਦੀ ਹਲਕੇ ਵਿਚ 87 ਫ਼ੀਸਦੀ ਘਰਾਂ ਨੂੰ ਜ਼ੀਰੋ ਬਿੱਲ ਮਿਲੇ ਹਨ। ਮਾਰਚ ਵਿਚ 3.54 ਲੱਖ ਕੁੱਲ ਘਰੇਲੂ ਬਿੱਲਾਂ ’ਚੋਂ 3.08 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ। ਇਸੇ ਤਰ੍ਹਾਂ ਹਲਕਾ ਜਲੰਧਰ ਕੈਂਟ ਦੇ ਕੁੱਲ 53,913 ਘਰਾਂ ’ਚੋਂ 47,946 ਪਰਿਵਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਪ੍ਰਾਪਤ ਹੋਏ ਸਨ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਜਲੰਧਰ ਸੰਸਦੀ ਹਲਕੇ ਦੇ ਤਿੰਨ ਲੱਖ ਘਰਾਂ ਨੂੰ ਵੀ ਬਿਜਲੀ ਦੇ ਜ਼ੀਰੋ ਬਿੱਲ ਮਿਲੇ ਹਨ ਤਾਂ ਸਿੱਧੇ ਤੌਰ ’ਤੇ ਕਰੀਬ ਛੇ ਲੱਖ ਵੋਟਰਾਂ ਨੂੰ ਜ਼ੀਰੋ ਬਿੱਲਾਂ ਦਾ ਫ਼ਾਇਦਾ ਪੁੱਜਿਆ ਹੈ। ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਜੁਲਾਈ 2022 ਤੋਂ ਹੁਣ ਤੱਕ ਜ਼ੀਰੋ ਬਿੱਲਾਂ ਦੀ ਸਬਸਿਡੀ ਦਾ ਬਿੱਲ 4851 ਕਰੋੜ ਰੁਪਏ ਬਣ ਗਿਆ ਹੈ।