Headlines

ਕੈਨੇਡਾ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਰਾਹ ਵਿੱਚ ਫਾਰਮਾ ਕੰਪਨੀਆਂ ਨੇ ਹੀ ਡਾਹਿਆ ਸੀ ਅੜਿੱਕਾ

ਸਰੀ ( ਦੇ ਪ੍ਰ ਬਿ)- ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਦਵਾਈਆਂ ਦੀਆਂ ਕੀਮਤਾਂ ਵਿੱਚ ਸੁਧਾਰ ਦੇ ਮੁੱਦੇ ਉੱਤੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਇੰਡੀਪੈਂਡੈਂਟ ਫੈਡਰਲ ਏਜੰਸੀ ਇਨ੍ਹਾਂ ਸੁਧਾਰਾਂ ਦੇ ਮੁਲਾਂਕਣ ਨੂੰ ਹਾਲ ਦੀ ਘੜੀ ਰੋਕ ਦੇਣਾ ਚਾਹੀਦਾ ਹੈ ਤੇ ਇਸ ਲਈ ਅਜੇ ਹੋਰ ਸਲਾਹ ਮਸ਼ਵਰਾ ਕਰਨ ਦੀ ਲੋੜ ਹੈ। ਇਸ ਦਾ ਖੁਲਾਸਾ 2021 ਦੇ ਮੀਮੋ ਤੋਂ ਹੋਇਆ।
ਐਨਡੀਪੀ ਵੱਲੋਂ ਐਕਸੈੱਸ ਟੂ ਇਨਫਰਮੇਸ਼ਨ ਲਾਅ ਰਾਹੀਂ ਹਾਸਲ ਕੀਤਾ ਗਿਆ ਇਹ ਮੀਮੋ ਅਸਲ ਵਿੱਚ ਸਿਹਤ ਮੰਤ਼ਰੀ ਦੇ ਪੇਟੈਂਟਿਡ ਮੈਡੀਸਿਨ ਪ੍ਰਾਈਸਿਜ਼ ਰਵੀਊ ਬੋਰਡ ਦੇ ਕਾਰਜਕਾਰੀ ਚੇਅਰ ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਰਾਹ ਵਿੱਚ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਰਵਿਊ ਬੋਰਡ ਇਸ ਲਈ ਕਾਇਮ ਕੀਤਾ ਗਿਆ ਸੀ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਵਿੱਚ ਪੇਟੈਂਟਿਡ ਦਵਾਈਆਂ ਦੀਆਂ ਕੀਮਤਾਂ ਘੱਟ ਰਹਿਣ ਤੇ ਆਮ ਆਦਮੀ ਦੀ ਪਹੁੰਚ ਵਿੱਚ ਹੋਣ। ਇਸ ਦਾ ਇੱਕ ਸੌਖਾ ਰਾਹ ਹੋਰਨਾਂ ਦੇਸ਼ਾਂ ਵਿੱਚ ਇੱਕੋ ਜਿਹੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਕੇ ਚੱਲਣਾ ਵੀ ਸ਼ਾਮਲ ਸੀ।2017 ਵਿੱਚ ਸਰਕਾਰ ਨੇ ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ ਤੇ ਇਸ ਸਬੰਧੀ ਤਬਦੀਲੀਆਂ 2020 ਵਿੱਚ ਪੇਸ਼ ਕੀਤੀਆਂ ਜਾਣੀਆਂ ਸਨ ਪਰ ਕੋਵਿਡ-19 ਮਹਾਂਮਾਰੀ ਦੇ ਘੜੀ ਮੁੜੀ ਸਿਰ ਚੁੱਕਣ ਕਾਰਨ ਇਨ੍ਹਾਂ ਵਿੱਚ ਦੇਰ ਹੁੰਦੀ ਰਹੀ।