Headlines

ਐਨ ਡੀ ਪੀ ਉਮੀਦਵਾਰਾਂ ਜਸਵੀਰ ਦਿਓਲ, ਕ੍ਰਿਸਟੀਨਾ ਤੇ ਰੌਡ ਵੱਲੋਂ ਸਾਂਝੀ ਰੈਲੀ

ਐਡਮਿੰਟਨ ( ਦਵਿੰਦਰ ਦੀਪਤੀ, ਗੁਰਪ੍ਰੀਤ ਸਿੰਘ)-ਬੀਤੇ ਦਿਨ ਐਨ ਡੀ ਪੀ ਦੇ ਐਡਮਿੰਟਨ ਮੈਡੋਜ ਤੋ ਉਮੀਦਵਾਰ ਜਸਵੀਰ ਦਿਓਲ, ਐਡਮਿੰਟਨ ਮਿਲਵੁਡਜ ਤੋ ਉਮੀਦਵਾਰ ਕ੍ਰਿਸਟੀਨਾ ਗਰੇਅ ਅਤੇ ਐਡਮਿੰਟਨ ਐਲਰਸਲੀ ਤੋਂ ਉਮੀਦਵਾਰ ਰੌਡ ਲੋਇਲਾ ਵਲੋਂ ਇਕ ਸਾਂਝੀ ਰੈਲੀ ਗਈ ਗਈ ਜਿਸ ਵਿਚ ਵੱਡੀ  ਗਿਣਤੀ ਵਿਚ ਸਮਰਥਕਾਂ ਤੇ ਵੋਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਮੈਡਮ ਹੈਦਰ ਨੇ ਤਿੰਨਾਂ ਉਮੀਦਵਾਰਾਂ ਨੂੰ ਮੰਚ ਤੇ ਬੁਲਾਇਆ ਜਿਹਨਾਂ ਦਾ  ਸਮਰਥਕਾਂ ਨੇ ਤਾੜੀਆਂ ਦੀ ਗੂੰਜ ਤੇ ਬੁਲੰਦ ਆਵਾਜ਼ ਵਿਚ ਸਵਾਗਤ ਕੀਤਾ। ਇਸ ਮੌਕੇ ਤਿੰਨਾਂ ਉਮੀਦਵਾਰਾਂ ਨੇ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਲਈ ਯੂਸੀਪੀ ਦੀਆਂ ਗਲਤ ਨੀਤੀਆਂ ਨੂੰ ਜਿੰਮੇਵਾਰ ਠਹਿਰਾਊਂਦਿਆਂ ਐਨ ਡੀ ਪੀ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਨੂੰ ਯਾਦ ਕਰਾਇਆ ਜਦੋਂ ਵਰਕਰਾਂ ਲਈ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਕੇ ਮੁਲਕ ਨੂੰ ਵਰਕਰਾਂ ਦੇ ਹਿੱਤਾਂ ਵਿਚ ਕੰਮ ਕਰਨ ਦੀ ਰਾਹ ਦਿਖਾਈ ਤੇ ਸੂਬੇ ਦੇ ਵਿਕਾਸ ਲਈ ਕਈ ਕਾਰਜ ਆਰੰਭੇ। ਉਮੀਦਵਾਰਾਂ ਨੇ ਐਨ ਡੀ ਪੀ ਆਗੂ ਰੇਚਲ ਨੋਟਲੀ ਦੀ ਅਗਵਾਈ ਹੇਠ ਇਕਮੁੱਠ ਹੋਕੇ ਮੁੜ ਸਰਕਾਰ ਬਣਾਉਣ ਦੀ ਅਪੀਲ ਕੀਤੀ। ਕ੍ਰਿਸਟਨੀ ਗਰੇਅ ਨੇ ਐਨ ਡੀ ਪੀ ਦੀ ਚੋਣ ਮੁਹਿੰਮ ਨੂੰ ਇਕ ਸਾਂਝੇ ਪ੍ਰਾਜੈਕ ਵਾਂਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਐਨ ਡੀ ਪੀ ਦੀ ਵਾਪਸੀ ਹੀ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਹੈ। ਜਸਵੀਰ ਦਿਓਲ ਨੇ ਸਕੂਲਾਂ ਦੀ ਮਾੜੀ ਹਾਲਤ, ਹਸਪਤਾਲਾਂ ਵਿਚ ਲੰਬੀਆਂ ਉਡੀਕ ਸੂਚੀਆਂ ਤੇ ਹੋਰ ਸਮੱਸਿਆਵਾਂ ਗਿਣਾਉਂਦਿਆਂ ਇਮੀਗ੍ਰੇਸ਼ਨ ਨੀਤੀਆਂ ਦੀ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿਚ ਹਜ਼ਾਰਾਂ ਉਚ ਵਿਦਿਆ ਪ੍ਰਾਪਤ ਲੋਕ ਕੰਮ ਦੀ ਉਡੀਕ ਵਿਚ ਹਨ ਜਦੋਂਕਿ ਉਹਨਾਂ ਦੇ ਕਰੀਡੈਂਸ਼ੀਅਲ ਮਾਨਤਾ ਵੱਡਾ ਅੜਿੱਕਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਐਨ ਡੀ ਪੀ ਸਰਕਾਰ ਆਉਣ ਤੇ ਇਸ ਸਮੱਸਿਆ ਦੇ ਹੱਲ ਨੂੰ ਸਮਾਂਬੱਧ ਕੀਤਾ ਜਾਵੇਗਾ। ਰੌਡ ਲੋਇਲਾ ਨੇ ਇਸ ਮੌਕੇ ਆਪਣੀ ਮੰਗੇਤਰ ਨੂੰ ਮੰਚ ਉਪਰ ਲਿਆਕੇ ਪਰਿਵਾਰਾਂ ਦੀ ਬੇਹਤਰੀ ਲਈ ਕੰਮ ਕਰਨ ਅਤੇ ਐਨ ਡੀ ਪੀ ਦੀਆਂ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਐਨ ਡੀ ਪੀ ਸਰਕਾਰ ਨੇ ਐਡਮਿੰਟਨ ਵਿਚ ਨਵਾਂ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ ਪਰ ਯੂਸੀਪੀ ਨੇ ਆਉਂਦਿਆਂ ਹੀ ਇਹ ਯੋਜਨਾ ਰੱਦ ਕਰ ਦਿੱਤੀ। ਉਹਨਾਂ ਕਿਹਾ ਕਿ ਪਰਿਵਾਰਾਂ ਦੀ ਭਲਾਈ ਤੇ ਸੂਬੇ ਦੇ ਸੁਰੱਖਿਅਤ ਭਵਿੱਖ ਲਈ ਐਨ ਡੀ ਪੀ ਦੀ ਸਰਕਾਰ ਬਣਾਉਣਾ ਸਭ ਦੀ ਤਰਜੀਹ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।