Headlines

ਯੂਸੀਪੀ ਉਮੀਦਵਾਰ ਅੰਮ੍ਰਿਤਪਾਲ ਮਠਾੜੂ, ਰਮਨ ਅਠਵਾਲ ਤੇ ਰਣਜੀਤ ਬਾਠ ਵਲੋਂ ਚੋਣ ਮੁਹਿੰਮ ਤੇਜ਼

ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂਸੀਪੀ ਸਰਕਾਰ ਬਣਾਉਣ ਦੀ ਅਪੀਲ-

ਐਡਮਿੰਟਨ ( ਦਵਿੰਦਰ ਦੀਪਤੀ, ਗੁਰਪ੍ਰੀਤ ਸਿੰਘ)- ਅਲਬਰਟਾ ਲੈਜਿਸਲੇਚਰ ਵੋਟਾਂ ਵਿਚ ਐਡਮਿੰਟਨ ਮੈਡੋਜ ਤੋ ਯੂ ਸੀ ਪੀ ਉਮੀਦਵਾਰ ਅੰਮਿ੍ਤਪਾਲ ਸਿੰਘ ਮਠਾੜੂ, ਐਡਮਿੰਟਨ ਮਿਲਵੁਡਜ ਤੋ ਯੂ ਸੀ ਪੀ ਉਮੀਦਵਾਰ ਰਮਨ ਅਠਵਾਲ ਤੇ ਐਡਮਿੰਟਨ ਐਲਰਸਰੀ ਹਲਕੇ ਤੋ ਯੂ ਸੀ ਪੀ ਦੇ ਉਮੀਦਵਾਰ ਰਣਜੀਤ ਬਾਠ ਵਲੋਂ ਆਪੋ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਉਹਨਾਂ ਵਲੋਂ ਲਗਾਤਾਰ ਡੋਰ ਨਾਕਿੰਗ ਤੇ ਨੁਕੜ ਮੀਟਿੰਗਾਂ ਰਾਹੀਂ ਵੋਟਰਾਂ ਤੱਕ ਸੰਪਰਕ ਕੀਤਾ ਜਾ ਰਿਹਾ ਹੈ।

ਐਡਮਿੰਟਨ ਮੈਡੋਜ ਤੋਂ ਯੂਸੀਪੀ ਉਮੀਦਵਾਰ ਅੰਮ੍ਰਿਤਪਾਲ ਸਿੰਘ ਮਠਾੜੂ ਦੀ ਚੋਣ ਮੁਹਿੰਮ ਨੂੰ ਉਘੇ ਗਾਇਕ ਤੇ ਸਮਾਜ ਸੇਵੀ ਉਪਿੰਦਰਜੀਤ ਮਠਾੜੂ ਤਰਤੀਬ ਦੇ ਰਹੇ ਹਨ। ਉਹਨਾਂ ਨਾਲ ਮੁਹਿੰਮ ਵਿਚ ਸ਼ਾਮਿਲ ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਦਾ ਕਹਿਣਾ ਹੈ ਕਿ ਯੂਸੀ ਪੀ ਦੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਮਠਾੜੂ ਐਡਮਿੰਟਨ ਦੇ ਜੰਮਪਲ ਤੇ ਪੜੇ ਲਿਖੇ ਉਮੀਦਵਾਰ ਹਨ ਜੋ ਸਥਾਨਕ ਸਮੱਸਿਆਵਾਂ ਨੂੰ ਸਮਝਣ ਦੇ ਨਾਲ ਉਹਨਾਂ ਦੇ ਹੱਲ ਅਤੇ ਉਪਾਵਾਂ ਤੋਂ ਜਾਣੂ ਹਨ।

ਐਡਮਿੰਟਨ ਮਿਲਵੁਡਜ ਤੋ ਰਮਨ ਅਠਵਾਲ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਤਰਜੀਹਾਂ ਵਿਚ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ  ਪਹਿਲੀ ਤਰਜੀਹ ਹੈ। ਉਹਨਾਂ ਦੱਸਿਆ ਕਿ ਉਹ ਖੁਦ ਮੈਡੀਕਲ ਸਿਸਟਮ ਵਿਚ ਖਰਾਬੀ ਕਾਰਣ ਪੀੜਾ ਹੰਢਾ ਚੁੱਕਾ ਹੈ। ਉਹਨਾਂ ਕਿਹਾ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂਸੀ ਪੀ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਵਿਰੋਧੀਆਂ ਵਲੋਂ ਮੈਡੀਕਲ ਸਿਸਟਮ ਵਿਚ ਪ੍ਰਾਈਵੇਟ ਦਖਲ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਯੂਸੀਪੀ ਪਬਲਿਕ ਫੰਡਿਡ ਮੈਡੀਕਲ ਸਿਸਟਮ ਅਤੇ ਇਸ ਵਿਚ ਬੇਹਤਰੀ ਲਿਆਉਣ ਲਈ ਵਚਨਬੱਧ ਹੈ। ਇਸ ਮੌਕੇ ਉਹਨਾਂ ਹਲਕੇ ਦੇ ਵੋਟਰਾਂ ਨੂੰ  ਫੇਸਬੁੱਕੀ ਲੀਡਰਾਂ ਦੇ ਦਾਅਵਿਆਂ ਤੋ ਬਚਣ ਅਪੀਲ ਕੀਤੀ।ਉਹਨਾਂ ਭਾਈਚਾਰੇ  ਦੇ ਲੋਕਾਂ ਨੂੰ ਵਧ ਤੋ ਵਧ ਵੋਟਾਂ ਦੀ ਅਪੀਲ ਕਰਦਿਆਂ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਇਕ ਮਜਬੂਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਇਸੇ ਦੌਰਾਨ ਐਡਮਿੰਟਨ ਐਲਰਸਲੀ ਹਲਕੇ ਤੋ ਯੂ ਸੀ ਪੀ ਉਮੀਦਵਾਰ ਰਣਜੀਤ ਬਾਠ ਨੇ ਕਿਹਾ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ ਸੀ ਪੀ ਸਰਕਾਰ ਦੇ ਹੱਥਾਂ ਵੁਿਚ ਸੂਬੇ ਦਾ ਭਵਿੱਖ ਸੁਰੱਖਿਅਤ ਹੈ। ਜਦੋਂ ਤੋ ਉਹਨਾਂ ਨੇ ਪਾਰਟੀ ਆਗੂ ਬਣਕੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਹੈ, ਸੂਬੇ ਦੇ ਹਿੱਤਾਂ ਅਤੇ ਲੋਕਾਂ ਦੀ ਬੇਹਤਰੀ ਲਈ ਕਈ ਵੱਡੇ ਫੈਸਲੇ ਲਏ ਹਨ। ਉਹਨਾਂ ਨੇ ਸੂਬੇ ਦੇ ਹਿੱਤਾਂ ਲਈ ਫੈਡਰਲ ਸਰਕਾਰ ਨਾਲ ਮੱਥਾ ਲਗਾਉਣ ਤੋਂ ਵੀ ਗੁਰੇਜ ਨਹੀ ਕੀਤਾ। ਉਹਨਾਂ ਕਿਹਾ ਕਿ ਪ੍ਰੀਮੀਅਰ ਵਲੋਂ ਲਏ ਗਏ ਫੈਸਲਿਆਂ ਤੇ ਉਹਨਾਂ ਉਪਰ ਅਮਲ ਲਈ ਯੂ ਸੀ ਪੀ ਸਰਕਾਰ ਦਾ ਬਹੁਮਤ ਨਾਲ ਜਿੱਤਣਾ ਹੀ ਸੂਬੇ ਦੇ ਹਿੱਤ ਵਿਚ ਹੈ। ਯੂ ਸੀ ਪੀ ਨੇ ਇਸ ਚੋਣ ਮੁਹਿਮ ਦੌਰਾਨ ਵੀ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਅਹਿਮ ਵਾਅਦੇ ਕੀਤੇ ਹਨ। ਉਹਨਾਂ ਆਪਣੇ ਹਲਕੇ ਵਿਚ ਹੋਰ ਸਕੂਲ ਬਣਾਉਣ, ਸਟੇਡੀਅਮ ਬਣਾਉਣ ਅਤੇ ਹੋਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਅਗਰ ਉਹ ਚੁਣੇ ਜਾਂਦੇ ਹਨ ਤਾਂ ਜਨਤਾ ਦੇ ਸੇਵਕ ਵਜੋਂ ਹਲਕੇ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਨੂੰ ਤਰਜੀਹ ਦੇਣਗੇ। ਉਹਨਾਂ ਕਿ ਹਲਕੇ ਦੇ ਲੋਕਾਂ ਨੂੰ ਦਰਸ਼ਨੀ ਐਮ ਐਲ ਏ ਦੀ ਨਹੀ ਲੋਕਾਂ ਦੇ ਕੰਮ ਕਰਨ ਅਤੇ ਕੰਮ ਆਉਣ ਵਾਲੇ ਪ੍ਰਤੀਨਿਧ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਯੂਸੀਪੀ ਸਰਕਾਰ ਬਣਾਉਣ ਲਈ ਭਾਰੀ ਗਿਣਤੀ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।