Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ 55ਵਾਂ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਕਬੱਡੀ ਵਿਚ ਯੁਨਾਈਟਡ ਫਰੈਂਡਜ ਕਲੱਬ ਕੈਲਗਰੀ ਦੀ ਟੀਮ ਜੇਤੂ ਰਹੀ-

ਵੈਨਕਵੂਰ ( ਜੁਗਿੰਦਰ ਸਿੰਘ ਸੁੰਨੜ )- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਗਦਰੀ ਬਾਬਿਆਂ ਤੇ ਬੱਬਰ ਸ਼ਹੀਦਾਂ ਦੀ ਯਾਦ ਵਿਚ 55ਵਾਂ ਖੇਡ ਮੇਲਾ 20-21 ਮਈ 2023 ਨੂੰ ਧੂਮਧਾਮ ਨਾਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਕੁਲਦੀਪ ਸਿੰਘ ਥਾਂਦੀ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਖੇਡ ਮੇਲੇ ਦੌਰਾਨ ਖੇਡਾਂ ਦੇ ਸਰਪ੍ਰਸਤ ਸੁਖਵਿੰਦਰ ਗਿੱਲ ਰਾਣਾ, ਸਹਾਇਕ ਹਰਜੀਤ ਸਿੰਘ, ਸਾਧੂ ਸਿੰਘ ਉਪਲ ਚੇਅਰਮੈਨ, ਸੁਰਜੀਤ ਸਿੰਘ ਢਿੱਲੋਂ,  ਅਤੇ ਗੁਰਬਖਸ਼ ਸਿੰਘ ਬਾਗੀ ਸੰਘੇੜਾ ਨੇ ਸਕੱਤਰ ਦੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਕਬੱਡੀ ਦੇ ਕੋਆਰਡੀਨੇਟਰ ਵਜੋਂ ਬੂਟਾ ਸਿੰਘ ਜੌਹਲ, ਗੁਰਦੀਪ ਸਿੰਘ ਹੇਅਰ ਮੋਰਾਂਵਾਲੀ, ਸੁਖਦੇਵ ਬਾਗੜੀ ਤੋਂ ਇਲਾਵਾ ਸੌਕਰ, ਕਬੱਡੀ ਤੇ ਘੋਲਾਂ ਦੇ ਵੱਖੋ ਵੱਖ ਕੋਆਰਡੀਨੇਟਰਾਂ ਨੇ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ। ਕਬੱਡੀ ਦੇ ਮੈਚ ਬੀ ਸੀ ਕਬੱਡੀ ਫੈਡਰੇਸ਼ਨ ਦੀ ਦੇਖ ਰੇਖ ਹੇਠ ਕਰਵਾਏ ਜਿਸ ਵਿਚ 7 ਟੀਮਾਂ ਨੇ ਭਾਗ ਲਿਆ। ਬੀ ਸੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀਪ ਸਿੰਘ ਢਿੱਲੋਂ, ਲਾਲੀ ਢੇਸੀ, ਗਿਆਨ ਬਿਨਿੰਗ, ਭੋਲਾ ਸੰਧੂ, ਜਸਵੰਤ ਬਾਸੀ, ਵਿੱਕੀ ਜੌਹਲ, ਸਰਬਜੀਤ ਸਾਬੀ ਤੱਖਰ, ਵਲੋਂ ਆਪਣੀਆਂ ਟੀਮਾਂ ਖਿਡਾਈਆਂ ਗਈਆਂ। ਕੈਨੇਡੀਅਨ ਜੰਮਪਲ ਬੱਚਿਆਂ ਦੀਆਂ ਚਾਰ ਟੀਮਾਂ ਜੀਵਨ ਸ਼ੇਰਗਿੱਲ ਤੇ ਕੁਲਵਿੰਦਰ ਸੰਧੂ ਵਲੋਂ ਸ਼ਾਮਿਲ ਕਰਵਾਈਆਂ ਗਈਆਂ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਯੁਨਾਈਟਡ ਫਰੈਂਡਜ ਕੈਲਗਰੀ ਤੇ ਐਬਸਫੋਰਡ ਰਿਚਮੰਡ ਦੀਆਂ ਟੀਮਾਂ ਵਿਚਾਲੇ ਹੋਇਆ। ਲਾਲੀ ਢੇਸੀ ਦੀ ਟੀਮ ਯੁਨਾਈਟਡ ਫਰੈਂਡਜ ਕੈਲਗਰੀ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਸੌਕਰ ਮੁਕਾਬਲਿਆਂ ਵਿਚ ਬੀ ਬੀ ਫਾਈਵ ਦੀ ਟੀਮ ਜੇਤੂ ਰਹੀ ਤੇ 5000 ਡਾਲਰ ਦਾ ਇਨਾਮ ਜਿੱਤਿਆ। ਦੂਸਰੇ ਨੰਬਰ ਤੇ ਟੈਂਪਲ ਯੁਨਾਈਟਡ ਦੀ ਟੀਮ ਰਹੀ ਜਿਸਨੂੰ 2500 ਡਾਲਰ ਦਾ ਇਨਾਮ ਦਿੱਤਾ ਗਿਆ। ਐਥਲੈਟਿਕ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਵਨਿਚ 8 ਸਾਲ ਤੋਂ 65 ਸਾਲ ਦੇ ਉਮਰ ਦੇ ਖਿਡਾਰੀਆਂ ਨੇ ਵੱਖ ਵੱਖ ਵਰਗਾਂ ਵਿਚ ਭਾਗ ਲਿਆ। ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ। ਅਂਡਰ 16 ਮੁਕਾਬਲੇ ਵਿਚ ਜਗਰੂਪ ਢੀਂਡਸ ਐਬਸਫੋਰਡ ਜੇਤੂ ਰਿਹਾ ਜਦੋਂਕਿ ਲੜਕੀਆਂ ਦੇ ਅਂਡਰ 16 ਮੁਕਾਬਲੇ ਵਿਚ ਤਾਨੀਆ ਢਿੱਲੋਂ ਜੇਤੂ ਰਹੀ।