Headlines

ਅਲਬਰਟਾ ਚੋਣਾਂ- ਯੂਸੀਪੀ ਵੱਲੋਂ ਡੈਨੀਅਲ ਸਮਿੱਥ ਦੀ ਅਗਵਾਈ ਹੇਠ ਦੂਜੀ ਵਾਰ ਜਿੱਤ ਦਰਜ

ਯੂਸੀਪੀ ਨੂੰ 49 ਤੇ ਐਡੀ ਪੀ ਨੂੰ ਮਿਲੀਆਂ 38 ਸੀਟਾਂ-

-ਹਰਕੰਵਲ ਸਿੰਘ ਕੰਗ-

ਕੈਲਗਰੀ, 30 ਮਈ-ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਯੂਸੀਪੀ (ਯੂਨਾਈਟਿਡ ਕੰਜ਼ਰਵੇਟਿਵ ਪਾਰਟੀ) ਨੇ ਮੁੜ ਜਿੱਤ ਹਾਸਲ ਕਰ ਲਈ ਹੈ। ਯੂਸੀਪੀ ਨੂੰ ਮੁੱਖ ਵਿਰੋਧੀ ਧਿਰ ਐਨਡੀਪੀ (ਨਿਊ ਡੈਮੋਕਰੇਟਿਕ ਪਾਰਟੀ) ਨੇ ਸਖਤ ਟੱਕਰ ਦਿੱਤੀ। ਅਣਅਧਿਕਾਰਤ ਤੌਰ ਉੱਤੇ ਪ੍ਰਾਪਤ ਨਤੀਜਿਆਂ ਵਿੱਚ ਯੂਸੀਪੀ ਨੂੰ 52.56 ਫੀਸਦ ਵੋਟ ਮਿਲੇ ਅਤੇ ਪਾਰਟੀ 49 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਐਨਡੀਪੀ ਨੂੰ 44.02 ਫੀਸਦ ਵੋਟਾਂ ਮਿਲੀਆਂ ਅਤੇ ਪਾਰਟੀ 39 ਸੀਟਾਂ ਹੀ ਜਿੱਤ ਸਕੀ। 87 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਸਰਕਾਰ ਦੇ ਗਠਨ ਲਈ 44 ਸੀਟਾਂ ਦੀ ਲੋੜ ਹੈ।

ਦੋਵਾਂ ਪਾਰਟੀਆਂ ਦੀ ਕਮਾਂਡ ਮਹਿਲਾ ਆਗੂਆਂ ਦੇ ਹੱਥ ਸੀ। ਪ੍ਰੀਮੀਅਰ ਡੇਨੀਅਲ ਸਮਿਥ ਨੇ ਯੂਸੀਪੀ ਉਮੀਦਵਾਰਾਂ ਲਈ ਅਤੇ ਰੇਚਲ ਨੋਟੀਅਲ ਨੇ ਐਨਡੀਪੀ ਉਮੀਦਵਾਰਾਂ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ। ਅਧਿਕਾਰਤ ਚੋਣ ਨਤੀਜੇ 8 ਜੁਨ ਨੂੰ ਐਲਾਨੇ ਜਾਣਗੇ। ਅਲਬਰਟਾ ਵਿੱਚ ਰਜਿਸਟਰਡ ਕੁੱਲ ਕੁਲ ਵੋਟਰ 2840927 ਹਨ। 29 ਮਈ ਨੂੰ ਹੋਏ ਮੱਤਦਾਨ ਵਿੱਚ 932712 ਵੋਟਾਂ ਪਈਆਂ। ਇਸ ਤੋਂ ਪਹਿਲਾਂ ਐਡਵਾਂਸ ਵੋਟਾਂ ਵਿੱਚ 75840 ਵੋਟਾਂ ਪਈਆਂ। ਮੋਬਾਈਲ ਵੋਟਿੰਗ ਵਿੱਚ 23892 ਵੋਟਾਂ ਪਈਆਂ। ਵਿਸੇਸ਼ 50962 ਵੋਟਾਂ ਪਈਆਂ। ਪ੍ਰਤੀਸ਼ਤਤਾ62.38 ਫੀਸਦ ਰਹੀ ਹੈ। 8052 ਵੋਟਾ ਰੱਦ ਹੋਈਆਂ ਹਨ। ਜਿਕਰਯੋਗ ਹੈ ਕਿ ਚੋਣ ਪ੍ਰਕਿਰਿਆ ਵਿੱਚ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਗਈ ਹੈ। 29 ਮਈ ਨੂੰ ਚੋਣ ਅਮਲ ਅਮਾਨ ਨਾਲ ਸਿਰੇ ਚੜ੍ਹਿਆ।

-ਯੂਸੀਪੀ ਦੇ ਰਾਜਨ ਸਾਹਨੀ, ਪੀਟਰ ਸਿੰਘ ਤੇ ਐਨ ਡੀ ਪੀ ਵਲੋਂ ਪਰਮੀਤ ਬੋਪਾਰਾਏ, ਇਰਫਾਨ ਸਬੀਰ, ਗੁਰਿੰਦਰ ਬਰਾੜ, ਜਸਵੀਰ ਦਿਓਲ ਤੇ ਰਾਖੀ ਪੰਚੋਲੀ ਚੋਣ ਜਿੱਤੇ-

ਇਨ੍ਹਾਂ ਵੋਟਾਂ ਵਿੱਚ ਪੰਜਾਬੀ ਭਾਈਚਾਰੇ ਨੇ ਚੋਣਾਂ ਵਿੱਚ ਵਿਸੇਸ਼ ਰੁਚੀ ਦਿਖਾਈ ਪਰ ਵੋਟਰਾਂ ਨਾਲੋਂ ਸਮਰਥਕ ਵਧੇਰੇ ਨਜ਼ਰ ਆਏ। ਉਮੀਦਵਾਰਾਂ ਦੇ ਦਫਤਰਾਂ ਵਿੱਚ ਲੰਗਰ ਚੱਲਦੇ ਰਹੇ।  ਪੰਜਾਬੀ ਬਹੁਲਤਾ ਵਾਲੇ ਕੁਝ ਹਲਕਿਆਂ ਵਿੱਚ ਸਮਰਥਕਾਂ ਦੀ ਦਾਰੂ -ਪਾਣੀ ਨਾਲ ਸੇਵਾ ਵੀ ਕੀਤੀ ਗਈ।

ਕੈਲਗਰੀ ਦੇ ਚਰਚਿਤ ਪੰਜਾਬੀ ਹਲਕਿਆਂ ਵਿੱਚੋਂ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਇੰਦਰ ਗਰੇਵਾਲ ਨੂੰ ਹਰਾ ਦਿੱਤਾ ਹੈ। ਬਰਾੜ ਨੂੰ 11111 ਅਤੇ ਗਰੇਵਾਲ ਨੂੰ9078 ਵੋਟਾਂ ਮਿਲੀਆਂ ਹਨ।

ਗਰੇਵਾਲ ਸੁਧਾਰ ਲੁਧਿਆਣਾ ਅਤੇ ਬਰਾੜ ਮਾਲਵਾ ਬੈਲਟ ਨਾਲ ਸਬੰਧਤ ਹੈ।

ਕੈਲਗਰੀ ਭੁੱਲਰ ਮੈਕਾਲ ਹਲਕੇ ਵਿੱਚ ਐਨਡੀਪੀ ਦੇ ਇਰਫਾਨ ਸਬੀਰ 6958 ਵੋਟਾਂ ਲੈ ਕੇ ਮੁੜ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਅਮਨਪ੍ਰੀਤ ਸਿੰਘ ਭੁੱਲਰ ਨੂੰ 5060 ਵੋਟਾਂ ਮਿਲੀਆਂ। ਅਮਨਪ੍ਰੀਤ ਮੋਗੇ ਨਾਲ ਸਬੰਧਤ ਹਨ ਅਤੇ ਸ਼ਬੀਰ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਨਾਲ ਸਬੰਧਤ ਹੈ।

ਕੈਲਗਰੀ ਫਾਲਕਿਨਜ਼ ਰਿੱਜ਼ ਵਿੱਚ ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ 7786 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਨ੍ਹਾਂ ਅਪਣੇ ਵਿਰੋਧੀ ਯੂਸੀਪੀ ਦੇ ਦਵਿੰਦਰ ਤੂਰ ਨੂੰ ਹਰਾਇਆ। ਜਿਕਰਯੋਗ ਹੈ ਕਿ ਪਿਛਲੀ ਵਾਰ ਬੋਪਾਰਾਏ, ਤੂਰ ਦੇ ਮੁਕਾਬਲੇ ਚੋਣ ਹਾਰ ਗਏ ਸਨ।

ਕੈਲਗਰੀ ਨਾਰਥ ਵੈਸਟ ਤੋਂ ਯੂ ਸੀ ਪੀ ਦੀ ਰਾਜਨ ਸਾਹਨੀ ਅਤੇ ਕੈਲਗਰੀ ਈਸਟ ਤੋਂ ਯੂਸੀਪੀ ਦੇ ਪੀਟਰ ਸਿੰਘ ਜੇਤੂ ਰਹੇ ਹਨ। ਕੈਲਗਰੀ ਕਰੌਸ ਤੋਂ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਚੋਣ ਹਾਰ ਗਏ ਹਨ।

ਕੈਲਗਰੀ ਨੌਰਥ ਤੋਂ ਐਨ ਡੀਪੀ ਦੇ ਰਾਜੇਸ਼ ਅੰਗੁਰਾਲ ਵੀ ਚੋਣ ਹਾਰ ਗਏ ਹਨ।

ਐਡਮਿੰਟਨ ਸ਼ਹਿਰ ਵਿਚ ਪੰਜਾਬੀ ਪ੍ਰਭਾਵ ਵਾਲੀ ਸੀਟ ਐਡਮਿੰਟਨ ਮੈਡੋਜ਼ ਤੋਂ ਐਨਡੀਪੀ ਉਮੀਦਵਾਰ ਜਸਵੀਰ ਦਿਓਲ 10964 ਵੋਟਾਂ ਨਾਲ ਦੂਸਰੀ ਵਾਰ ਜੇਤੂ ਰਹੇ ਹਨ। ਉਨ੍ਹਾਂ ਆਪਣੇ ਵਿਰੋਧੀ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ। ਮਠਾੜੂ ਨੂੰ 6383 ਵੋਟਾਂ ਮਿਲੀਆਂ। ਐਡਮਿੰਟਨ ਵਾਈਟਮੱਡ ਤੋਂ ਐਨਡੀਪੀ ਦੀ ਰਾਖੀ ਪੰਚੋਲੀ ਜੇਤੂ ਰਹੀ। ੳਸਨੇ ਯੂਸੀਪੀ ਦੇ ਡਾਕਟਰ ਰਾਜ ਸ਼ਰਮਨ ਨੂੰ ਹਰਾਇਆ।ਸ਼ਰਮਨ ਨੂੰ 7803 ਵੋਟਾਂ ਮਿਲੀਆਂ। ਡਰੇਨਟ ਵੈਲੀ ਤੋਂ ਅਨਡੀਪੀ ਦੀ ਟਿਕਟ ਉੱਤੇ ਕਿਸਮਤ ਅਜ਼ਮਾ ਰਹੇ ਹੈਰੀ ਸਿੰਘ ਹਾਰ ਗਏ ਹਨ।

ਐਡਮਿੰਟਨ ਐਲਰਸਲੀ ਤੋਂ ਯੂਸੀਪੀ ਉਮੀਦਵਾਰ ਰਣਜੀਤ ਬਾਠ ਐਨ ਡੀ ਪੀ ਦੇ ਰੌਡ ਲੋਇਲਾ ਤੋਂ  ਚੋਣ ਹਾਰ ਗਏ ਹਨ। ਐਡਮਿੰਟਨ ਮਿਲਵੁੱਡਜ਼ ਤੋਂ ਯੂਸੀਪੀ ਦੇ ਰਮਨ ਅਠਵਾਲ ਨੂੰ ਐਨ ਡੀ ਪੀ ਦੀ ਸਾਬਕਾ ਮੰਤਰੀ ਕ੍ਰਿਸਟੀਨਾ ਗਰੇਅ ਨੇ ਹਰਾ ਦਿੱਤਾ।