Headlines

ਨਾਮਵਰ ਲਿਖਾਰੀ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਲੋਕ ਅਰਪਣ

ਸਰੀ (ਡਾ ਗੁਰਵਿੰਦਰ ਸਿੰਘ)- : ਪੰਜਾਬੀ ਸਾਹਿਤ ਦੀ ਝੋਲੀ ਵਿਚ 35 ਪੁਸਤਕਾਂ ਪਾਉਣ ਵਾਲੇ ਨਾਮਵਰ ਲਿਖਾਰੀ ਅਤੇ ਉਸਤਾਦ ਢਾਡੀ ਗਿਆਨੀ ਕੇਵਲ ਸਿੰਘ ਨਿਰਦੋਸ਼ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਪਿਛਲੇ ਕੁਝ ਅਰਸੇ ਤੋਂ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀ ਸਿਹਤ ਨਾਸਾਜ਼ ਚੱਲ ਰਹੀ ਹੈ, ਪਰ ਮਾਨਸਿਕ ਤੌਰ ‘ਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ। ਸਰੀਰਕ ਢਿੱਲ ਮਠ ਦੇ ਬਾਵਜੂਦ ਗਿਆਨੀ ਜੀ ਨੇ ਸਾਹਿਤ ਰਚਨਾ ਜਾਰੀ ਰੱਖੀ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀਆਂ ਨਾਲ ਜੂਝਦਿਆਂ ਵੀ ਪਿਛਲੇ 5 ਸਾਲਾਂ ਵਿੱਚ ਉਨ੍ਹਾਂ 8 ਕਿਤਾਬਾਂ ਲਿਖੀਆਂ ਹਨ। ਨਿਰਦੋਸ਼ ਜੀ ਦੀ 471 ਸਫ਼ਿਆਂ ਦੀ ਵੱਡ ਆਕਾਰੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਦਾ ਲੋਕ ਅਰਪਣ ਸਮਾਗਮ, 28 ਮਈ ਦਿਨ ਐਤਵਾਰ ਨੂੰ ਖਾਲਸਾ ਲਾਇਬ੍ਰੇਰੀ, ਸਰੀ ਵਿਖੇ ਕੀਤਾ ਗਿਆ। ਗਿਆਨੀ ਜੀ ਨੇ ਜਿਥੇ ਆਪਣੀ ਕਾਵਿ-ਸਿਰਜਣਾ ਬਾਰੇ ਚੜ੍ਹਦੀ ਕਲਾ ਭਰਪੂਰ ਵਿਚਾਰ ਸਾਂਝੇ ਕੀਤੇ, ਉਥੇ ਆਪਣੀ ਅਗਲੀ ਛਪਣ ਵਾਲੀ ਕਿਤਾਬ ਵਿੱਚੋਂ ਕੁਝ ਅੰਸ਼ ਸਾਂਝੇ ਕੀਤੇ। ਇਸ ਸਮਾਗਮ ਵਿੱਚ ਲਖਜੀਤ ਸਿੰਘ ਸਾਰੰਗ, ਬੀਬੀ ਹਰਸ਼ਰਨ ਕੌਰ, ਮਨਜੀਤ ਕੌਰ ਕੰਗ, ਮੀਨੂੰ ਬਾਵਾ, ਚਮਕੌਰ ਸਿੰਘ ਸੇਖੋਂ, ਅਮਰੀਕ ਪਲਾਹੀ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਹਰਦਮ ਸਿੰਘ ਮਾਨ ਤਰਲੋਚਨ ਸਿੰਘ ਬਾਹੀਆ, ਡਾ. ਸੁਖਵਿੰਦਰ ਸਿੰਘ ਵਿਰਕ ਅਤੇ ਅਮਨਜੀਤ ਸਿੰਘ ਚੀਮਾ ਸਮੇਤ ਹੋਰ ਬੁਲਾਰਿਆਂ ਨੇ ਪ੍ਰਭਾਵਸ਼ਾਲੀ ਕਿਤਾਬ ਲਈ ਗਿਆਨੀ ਜੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਡਾ. ਰਮਿੰਦਰਪਾਲ ਸਿੰਘ ਕੰਗ ਦੇ ਸੰਚਾਲਨ ਦੀ ਸੇਵਾ ਨਿਭਾਈ। ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਵਿੱਚ ਸੁਖਮਨੀ ਸਾਹਿਬ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸਮੁੱਚੀ ਬਾਣੀ ਤੇ ਭੱਟਾਂ ਦੇ ਸਵਾਈਆਂ ਦੀ ਭਾਵ-ਅਰਥੀ ਕਾਵਿ ਵਿਆਖਿਆ ਹੈ। ਨਿਰਦੋਸ਼ ਸਾਹਿਬ ਦੀ ਇਕ ਹੋਰ ਕਿਤਾਬ ਭਗਤ ਕਬੀਰ ਜੀ ਦੇ ਸਲੋਕਾਂ ਦੀ ਭਾਵ ਅਰਥ ਵਿਆਖਿਆ ਦਾ ਸਮਾਗਮ ਵੀ ਜਲਦੀ ਹੀ ਕੀਤਾ ਜਾਵੇਗਾ।