Headlines

ਬੀਸੀ ਵਿਚ ਫਾਰਮਸਿਸਟਾਂ ਨੂੰ 21 ਬੀਮਾਰੀਆਂ ਦੇ ਇਲਾਜ ਲਈ ਪ੍ਰੈਸਕ੍ਰਿਪਸ਼ਨ ਦੇ ਅਧਿਕਾਰ ਦਿੱਤੇ

ਵਿਕਟੋਰੀਆ – 1 ਜੂਨ- ਬੀ.ਸੀ. ਵਿੱਚ ਲੋਕ ਗਰਭ ਨਿਰੋਧਕ ਲਈ ਅਤੇ 21 ਮਾਮੂਲੀ ਬਿਮਾਰੀਆਂ ਦੇ ਇਲਾਜ ਲਈ ਆਪਣੇ ਫਾਰਮੇਸਿਸਟ ਤੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹਨ। ਇਨ੍ਹਾਂ ਬਿਮਾਰੀਆਂ ਵਿੱਚ ਐਲਰਜੀਜ਼, ਸ਼ਿੰਗਲਜ਼, ਬੁੱਲ੍ਹਾਂ ‘ਤੇ ਛਾਲੇ, ਅੱਖ ਦr ਇਨਫੈਕਸ਼ਨ (ਪਿੰਕ ਆਈ), ਅਤੇ ਜ਼ਿਆਦਾਤਰ UTIs ਸ਼ਾਮਲ ਹਨ।

ਇਸ ਸਬੰਧੀ ਸਿਹਤ ਮੰਤਰੀ ਐਂਡਰੀਅਨ ਡਿਕਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ “ਅਸੀਂ ਫਾਰਮੇਸਿਸਟਾਂ ਨੂੰ ਪ੍ਰਿਸਕ੍ਰਿਪਸ਼ਨ ਦੇਣ ਦੇ ਇਖਤਿਆਰ ਬਾਰੇ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੇ ਹਾਂ। “ਕੱਲ੍ਹ ਤੋਂ, ਲੋਕ ਬਹੁਤ ਸਾਰੀਆਂ ਮਾਮੂਲੀ ਬਿਮਾਰੀਆਂ ਲਈ ਲੋੜੀਂਦੀ ਦਵਾਈ ਅਤੇ ਗਰਭ ਨਿਰੋਧਕ ਲੈਣ ਲਈ ਆਪਣੀ ਸਥਾਨਕ ਫਾਰਮੇਸੀ ਵਿੱਚ ਜਾ ਸਕਦੇ ਹਨ। ਇਹ ਨਾ ਸਿਰਫ਼ ਮਰੀਜ਼ਾਂ ਲਈ ਇਹਨਾਂ ਸੇਵਾਵਾਂ ਤੱਕ ਪਹੁੰਚਣਾ ਆਸਾਨ ਅਤੇ ਤੇਜ਼ ਬਣਾਏਗਾ, ਪਰ ਇਸ ਦੇ ਨਾਲ-ਨਾਲ ਇਹ ਪ੍ਰਾਇਮਰੀ-ਕੇਅਰ ਪ੍ਰਦਾਤਾਵਾਂ ਅਤੇ ਸਮੁੱਚੇ ਤੌਰ ‘ਤੇ ਸਾਡੇ ਪਬਲਿਕ ਹੈਲਥ-ਕੇਅਰ ਸਿਸਟਮ ‘ਤੇ ਦਬਾਅ ਨੂੰ ਵੀ ਘੱਟ ਕਰੇਗਾ।“

ਮਾਮੂਲੀ ਬਿਮਾਰੀਆਂ ਅਤੇ ਪ੍ਰਿਸਕ੍ਰਿਪਸ਼ਨ ਵਾਲੀ ਗਰਭ ਨਿਰੋਧਕ ਦੀ ਇਸ ਨਵੀਂ ਸੇਵਾ ਤੱਕ ਪਹੁੰਚ ਕਰਨ ਲਈ, ਬੀ.ਸੀ. ਦੇ ਲੋਕ, ਜਿਨ੍ਹਾਂ ਕੋਲ ਆਪਣਾ ਪਰਸਨਲ ਹੈਲਥ ਨੰਬਰ (PHN) ਹੈ, ਉਹ ਵਿਅਕਤੀਗਤ ਤੌਰ ‘ਤੇ ਫਾਰਮੇਸੀ ‘ਤੇ ਜਾ ਸਕਦੇ ਹਨ ਜਾਂ ਅਪੌਇੰਟਮੈਂਟ ਬਣਾਉਣ ਲਈ ਫ਼ੋਨ ਕਰ ਸਕਦੇ ਹਨ। ਔਨਲਾਈਨ ਅਪੌਇੰਟਮੈਂਟ ਬੁੱਕ ਕਰਨ ਦੀ ਸੁਵਿਧਾ ਵੀ 29 ਜੂਨ, 2023 ਤੋਂ ਸ਼ੁਰੂ ਹੋਣ ਜਾ ਰਹੀ ਹੈ।

” ਬੀ ਸੀ ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ, ਕ੍ਰਿਸ ਚਿਊ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਮਿਊਨਿਟੀ ਫਾਰਮੇਸਿਸਟ ਲੋੜ ਪੈਣ ‘ਤੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ, “ਸੂਬੇ ਭਰ ਵਿੱਚ, ਹਜ਼ਾਰਾਂ ਫਾਰਮੇਸਿਸਟ ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਲਈ ਸਾਡੀ ਮੁਹਾਰਤ ਅਤੇ ਸਿਖਲਾਈ ਦੀ ਵਰਤੋਂ ਕਰਕੇ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਉਤਸੁਕ ਹਨ। ਬੀ.ਸੀ. ਵਿੱਚ ਫਾਰਮੇਸਿਸਟ ਸਭ ਤੋਂ ਵੱਧ ਪਹੁੰਚਯੋਗ ਸਿਹਤ-ਸੰਭਾਲ ਪ੍ਰਦਾਤਾਵਾਂ ਵਿੱਚੋਂ ਇੱਕ ਹਨ, ਅਤੇ ਜਦੋਂ ਮਰੀਜ਼ਾਂ ਨੂੰ ਸਾਡੀ ਲੋੜ ਹੁੰਦੀ ਹੋ, ਅਸੀਂ ਉਹਨਾਂ ਲਈ ਮੌਜੂਦ ਹੁੰਦੇ ਹਾਂ, ਖਾਸ ਕਰਕੇ ਜਦੋਂ ਉਹਨਾਂ ਨੂੰ ਕੋਈ ਮਾਮੂਲੀ ਬਿਮਾਰੀ ਦਾ ਇਲਾਜ ਕਰਾਉਣ, ਗਰਭ ਨਿਰੋਧਕ ਲਈ ਪ੍ਰਿਸਕ੍ਰਿਪਸ਼ਨ ਦੀ ਲੋੜ ਹੁੰਦੀ ਹੈ, ਜਾਂ ਇਹ ਯਕੀਨੀ ਬਣਾਉਣ ਲਈ ਕਿ ਉਹਨਾਂ ਕੋਲ ਆਪਣੀਆਂ ਲੋੜੀਂਦੀਆਂ ਦਵਾਈਆਂ ਪ੍ਰਾਪਤ ਹਨ।”

ਇਸ ਨਵੀਂ ਸੇਵਾ ਰਾਹੀਂ, ਇੱਕ ਫਾਰਮੇਸਿਸਟ ਮਰੀਜ਼ ਵੱਲੋਂ ਦਰਸਾਏ ਗਏ ਲੱਛਣਾਂ ਦਾ ਮੁਲਾਂਕਣ ਕਰ ਸਕਦਾ ਹੈ, ਉਹਨਾਂ ਦੇ ਮੈਡੀਕਲ ਪਿਛੋਕੜ ਦੀ ਜਾਂਚ ਕਰ ਸਕਦਾ ਹੈ ਅਤੇ ਇੱਕ ਢੁਕਵੇਂ ਇਲਾਜ ਦੀ ਸਿਫ਼ਾਰਸ਼ ਕਰ ਸਕਦਾ ਹੈ, ਜਿਸ ਵਿੱਚ ਸਵੈ-ਸੰਭਾਲ ਦੀ ਸਲਾਹ, ‘ਓਵਰ-ਦ-ਕਾਊਂਟਰ’ ਦਵਾਈਆਂ ਜਾਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਸ਼ਾਮਲ ਹੋ ਸਕਦੀਆਂ ਹਨ। ਕੁਝ ਮਰੀਜ਼ਾਂ ਨੂੰ ਕਿਸੇ ਹੋਰ ਸਿਹਤ-ਸੰਭਾਲ ਪ੍ਰਦਾਤਾ ਨੂੰ ਮਿਲਣ ਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ, ਜੇਕਰ ਸਥਿਤੀ ਨੂੰ ਮਾਮੂਲੀ ਤੋਂ ਜ਼ਿਆਦਾ ਗੰਭੀਰ ਸਮਝਿਆ ਜਾਂਦਾ ਹੈ, ਜਾਂ ਜੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੁਆਰਾ ਵਧੇਰੇ ਗਹਿਰਾਈ ਵਿੱਚ ਜਾਂਚ ਦੀ ਜ਼ਰੂਰਤ ਮਹਿਸੂਸ ਹੁੰਦੀ ਹੋਵੇ।”ਸੂਬੇ ਭਰ ਦੇ ਫਾਰਮੇਸਿਸਟ ਆਪਣੀ ਪ੍ਰੈਕਟਿਸ ਦੇ ਦਾਇਰੇ ਵਿੱਚ ਹੋਣ ਵਾਲੇ ਇਸ ਵਿਸਤਾਰ ਲਈ ਤਿਆਰ ਹਨ,” ਬ੍ਰਿਟਿਸ਼ ਕੋਲੰਬੀਆ ਦੇ ਕਾਲਜ ਔਫ ਫਾਰਮੇਸਿਸਟ ਦੀ ਰਜਿਸਟਰਾਰ ਅਤੇ ਸੀ.ਈ.ਓ., ਸੁਜ਼ੈਨ ਸੋਲਵੇਨ ਨੇ ਕਿਹਾ। ਉਨ੍ਹਾਂ ਦੀ ਸਿੱਖਿਆ ਅਤੇ ਸਿਖਲਾਈ, ਅਤੇ ਨਵੇਂ ਨਿਯਮ ਅਤੇ ਪ੍ਰੈਕਟਿਸ ਦੇ ਮਾਪਦੰਡ ਜੋ ਹੁਣ ਲਾਗੂ ਹੋਣ ਜਾ ਰਹੇ ਹਨ, ਇਹ ਯਕੀਨੀ ਬਣਾਉਣਗੇ ਕਿ ਲੋਕ ਹੁਣ ਸੁਰੱਖਿਅਤ ਅਤੇ ਪੇਸ਼ੇਵਰ ਤਜਵੀਜ਼ ਸੇਵਾਵਾਂ ਤੱਕ ਵਧੇਰੇ ਪਹੁੰਚ ਕਰ ਸਕਦੇ ਹਨ।