Headlines

ਕੈਨੇਡਾ ਵਿਚ ਲੱਕ ਤੋੜ ਮਹਿੰਗਾਈ-ਬੇਸਮੈਂਟਾਂ ਦੇ ਕਿਰਾਏ ਅਸਮਾਨੀ ਚੜੇ

—ਇੱਕ ਰੂਮ ਬੇਸਮੈਂਟ 1500 ਅਤੇ ਦੋ ਰੂਮ ਵਾਲੀ ਹੋਈ 2000 ਡਾਲਰ ਨੂੰ-
ਵੈਨਕੂਵਰ :-(ਬਰਾੜ/ਭਗਤਾ ਭਾਈ ਕਾ) ਕੈਨੇਡਾ ਵਿੱਚ ਵਿਆਜ ਦਰਾਂ ਵਧਣ ਕਾਰਨ ਮਹਿੰਗਾਈ ਨੇ ਵੀ ਖੰਭ ਏਨੇ ਜ਼ਿਆਦਾ ਖਿਲਾਰ ਲਏ ਹਨ ਕਿ ਲੋਕਾਂ ਦਾ ਜੀਵਨ ਨਿਰਬਾਹ ਕਰਨਾ ਔਖਾ ਹੋ ਗਿਆ ਹੈ। ਹਰ ਖੇਤਰ ਵਿੱਚ ਕੀਮਤਾਂ ‘ਚ ਵਾਧਾ ਹੀ ਵਾਧਾ ਹੁੰਦਾ ਜਾ ਰਿਹਾ ਹੀ। ਇੱਕ ਗੋਭੀ ਦਾ ਫੁੱਲ ਜਿਹੜਾ ਕਿ ਡੇਢ ਡਾਲਰ ਦਾ ਹੁੰਦਾ ਸੀ ਅੱਜ 6 ਡਾਲਰ ਦਾ ਹੋ ਚੁੱਕਾ ਹੈ। ਘਰਾਂ ਦੀਆਂ ਕੀਮਤਾਂ ਤਾਂ ਭਾਵੇਂ ਕਾਫ਼ੀ ਹੇਠਾਂ ਡਿੱਗ ਚੁੱਕੀਆਂ ਹਨ ਪਰ ਬੇਸਮੈਂਟਾਂ ਦੇ ਕਿਰਾਇਆਂ ‘ਚ ਮਕਾਨ ਮਾਲਕਾਂ ਨੇ ਕਾਫ਼ੀ ਵਾਧਾ ਕਰ ਦਿੱਤਾ ਹੈ। ਅੱਜ ਤੋਂ ਤਿੰਨ ਕੁ ਮਹੀਨੇ ਪਹਿਲਾਂ ਇੱਕ ਰੂਮ ਦੀ ਬੇਸਮੈਂਟ ਦੇ ਕਿਰਾਏ ‘ਚ 200 ਡਾਲਰ ਦਾ ਅਤੇ ਦੋ ਰੂਮ ਦੀ ਬੇਸਮੈਂਟ ਦੇ ਕਿਰਾਏ ‘ਚ 300 ਤੋਂ 400 ਡਾਲਰ ਦਾ ਵਾਧਾ ਹੋਇਆ ਸੀ। ਜਿਵੇਂ ਜਿਵੇਂ ਵਿਦੇਸ਼ਾਂ ਤੋਂ ਯਾਤਰੀ ਵੀਜ਼ੇ ਅਤੇ ਪੜ੍ਹਾਈ ਵੀਜ਼ੇ ‘ਤੇ ਆਉਣ ਵਾਲਿਆਂ ਦੀ ਆਮਦ ਵਿੱਚ ਵਾਧਾ ਹੋਇਆ ਤਿਵੇਂ ਹੀ ਮਕਾਨ ਮਾਲਕਾਂ ਨੇ ਬੇਸਮੈਂਟ ਦੇ ਕਿਰਾਏ ‘ਚ ਵੱਡਾ ਵਾਧਾ ਕਰ ਦਿੱਤਾ ਹੈ। ਇੱਕ ਰੂਮ ਦੀ ਬੇਸਮੈਂਟ 1500-1600 ਡਾਲਰ ਅਤੇ ਦੋ ਰੂਮ ਦੀ ਬੇਸਮੈਂਟ ‘ਚ 2000 ਡਾਲਰ ਤੋਂ ਵੱਧ ਵਾਧਾ ਕਰ ਦਿੱਤਾ ਹੈ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਬਹੁਤ ਵੱਡਾ ਬੋਝ ਪੈ ਗਿਆ ਹੈ। ਜਿਹੜੀ ਬੇਸਮੈਂਟ ਕਦੇ ਕਿਰਾਏ ‘ਤੇ ਚੜ੍ਹਣ ਦੇ ਯੋਗ ਵੀ ਨਹੀਂ ਸੀ, ਅੱਜ ਉਹ ਵੀ ਅਸਮਾਨ ਨੂੰ ਹੱਥ ਲਾਈ ਖੜ੍ਹੀ ਹੈ।
ਇਸ ਤੋਂ ਇਲਾਵਾ ਵਿੱਦਿਆ ਲੈਣ ਆ ਰਹੇ ਵਿਦਿਆਰਥੀਆਂ ਦੀ ਦਿਨ ਬ ਦਿਨ ਵਧ ਰਹੀ ਗਿਣਤੀ ਕਾਰਨ ਕੰਮ ਵੀ ਬਹੁਤ ਘੱਟ ਮਿਲ ਰਹੇ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਆਪਣੀ ਫ਼ੀਸਾਂ ਅਤੇ ਬੇਸਮੈਂਟ ਦਾ ਕਿਰਾਇਆ ਭਰਨ ਲਈ ਆਪਣੇ ਦੇਸ਼ ਤੋਂ ਰਕਮ ਮੰਗਵਾਉਣੀ ਪੈ ਰਹੀ ਹੈ, ਓਧਰ ਭਾਰਤ ਸਰਕਾਰ ਨੇ ਭਾਰਤ ਤੋਂ ਬਾਹਰ ਰਕਮ ਭੇਜਣ ‘ਤੇ 20 ਪ੍ਰਤੀਸ਼ਤ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉੱਥੋਂ ਰਕਮ ਆਉਣ ‘ਤੇ ਏਨੇ ਭਾਰੀ ਟੈਕਸ ਨੇ ਓਧਰ ਮਾਪਿਆਂ ਨੂੰ ਕਸ ਦਿੱਤਾ ਹੈ ਅਤੇ ਏਧਰ ਵਿਦਿਆਰਥੀਆਂ ਦੁਚਿੱਤੀ ‘ਚ ਫਸੇ ਨਜ਼ਰ ਆ ਰਹੇ ਕਿਉਂਕਿ ਬੇਸਮੈਂਟਾਂ ਦੇ ਵਧੇ ਕਿਰਾਏ ਨੇ ਅਤੇ ਲੋੜ ਅਨੁਸਾਰ ਕੰਮ ਨਾ ਮਿਲਣ ਕਰਕੇ ਵਿਦਿਅਰਥੀਆਂ ਦਾ ਇੱਕ ਤਰਾਂ ਨਾਲ ਲੱਕ ਤੋੜ ਛੱਡਿਆ ਜਿਸ ਕਰਕੇ ਵਿਦਿਆਰਥੀਆਂ ਨੂੰ ਚਿੰਤਾ, ਡਿਪਰੈਸ਼ਨ ਵਰਗੀਆਂ ਅਲਾਮਤਾਂ ਨੇ ਘੇਰ ਰੱਖਿਆ। ਏਥੇ ਹੀ ਵੱਸ ਨਹੀਂ, ਖਾਸ ਕਰਕੇ ਪੰਜਾਬੀ ਵਪਾਰੀ ਲੋਕ ਵੀ ਇਸ ਸਥਿੱਤੀ ਦਾ ਫ਼ਾਇਦਾ ਉਠਾਉਂਦੇ ਹੋਏ ਕਾਮਿਆਂ ਨੂੰ ਮਿਹਨਤਾਨਾ ਵੀ ਘੱਟ ਦੇ ਰਹੇ ਹਨ ਉਹ ਵੀ ਅਜਿਹੇ ਹਾਲਾਤਾਂ ਵਿੱਚ ਇੱਕ ਖੂਨ ਚੂਸਣ ਵਾਲੀ ਕਿਤਾਬ ਖੋਲ੍ਹੀ ਬੈਠੇ ਹਨ।