Headlines

ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ

ਜ਼ਿੰਦਗੀ ਵਿਚ ਥੋੜ੍ਹੀ ਜਿਹੀ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ – ਡਾ. ਸਾਧੂ ਸਿੰਘ-

ਸਰੀ, 6 ਜੂਨ (ਹਰਦਮ ਮਾਨ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਜੀਵਨੀ ‘ਕੋਈ ਸਮਝੌਤਾ ਨਹੀਂ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨ ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਨੇ ਕੀਤੀ। ਸਮਾਗਮ ਵਿਚ ਸ਼ਹਿਰ ਦੇ ਵਿਦਵਾਨਾਂ, ਸਾਹਿਤਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਸਟੇਜ ਸੰਚਾਲਕ ਸੁਰਿੰਦਰ ਚਾਹਲ ਨੇ ਸਮਾਗਮ ਦਾ ਆਗਾਜ਼ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਪੁਸਤਕ ਬਾਰੇ ਸੰਖੇਪ ਵਿਚ ਚਾਨਣਾ ਪਾਇਆ। ਉਪਰੰਤ ਡਾ. ਸਾਧੂ ਸਿੰਘ ਦੀ ਪਤਨੀ ਸੁਧਾ, ਉਨ੍ਹਾਂ ਦੀਆਂ ਧੀਆਂ, ਜਵਾਈ, ਹਰਦੀਪ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।

ਪੁਸਤਕ ਉੱਪਰ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪੁਸਤਕ ਦਾ ਪਹਿਲਾ ਅਧਿਆਏ ਪੜ੍ਹਦਿਆਂ ਪਿੰਡ ਅਤੇ ਪਿੰਡ ਦੇ ਬਸ਼ਿੰਦਿਆਂ ਵਿਚਲੇ ਰਿਸ਼ਤੇ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੇ ਸੁਭਾਅ ਅਨੁਸਾਰ ਆਪਣੀ ਜਲਾਵਤਨ ਦੀ ਦਾਸਤਾਨ ਨੂੰ ਬੜੇ ਸੰਖੇਪ ਸ਼ਬਦਾਂ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਦੀ ਭਾਸ਼ਾ, ਸ਼ੈਲੀ ਬਾਕਮਾਲ ਹੈ। ਡਾ. ਗੁਰਬਾਜ਼ ਸਿੰਘ ਬਰਾੜ ਨੇ ਕਿਹਾ ਕਿ ਡਾ. ਸਾਧੂ ਸਿੰਘ ਦੀ ਵਿਲੱਖਣ ਸ਼ੈਲੀ ਹੈ ਅਤੇ ਬਹੁਤ ਰਵਾਨੀ ਹੈ। ਲੇਖਕ ਵੱਖ ਵੱਖ ਵੇਰਵੇ ਦਿੰਦਿਆਂ ਕਿਤੇ ਵੀ ਉਲਾਰ ਨਹੀਂ ਹੁੰਦਾ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਾਡੇ ਰਿਸ਼ਤਿਆਂ ਦੇ ਸਮੀਕਰਨ ਕਿਵੇਂ ਤਬਦੀਲ ਹੋ ਗਏ ਹਨ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਹ ਪੁਸਤਕ ਡਾ. ਸਾਧੂ ਸਿੰਘ ਦੀ ਪਿਛਲੀ ਪੁਸਤਕ ‘ਮੇਰੇ ਮੇਹਰਬਾਨ’ ਦੀ ਅਗਲੀ ਲੜੀ ਹੈ। ਇਸ ਵਿਚ ਉਸ ਸਮੇਂ ਦੇ ਪੰਜਾਬ ਦਾ ਇਤਿਹਾਸ, ਸਮਾਜਿਕ ਤੇ ਸੱਭਿਆਚਾਰਕ ਪੱਖ, ਪਿੰਡ ਦੀ ਰਹਿਤਲ, ਬਹਿਤਲ ਦੇ ਝਲਕਾਰੇ ਹਨ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਦੀ ਸਰਬਾਂਗੀ, ਸਦਗੁਣੀ ਸ਼ਖ਼ਸੀਅਤ ਦੇ ਬਹੁਤ ਅੰਸ਼ ਅਜੇ ਵੀ ਰਹਿ ਗਏ ਹਨ ਅਤੇ ਉਮੀਦ ਹੈ ਕਿ ਅਗਲੀ ਪੁਸਤਕ ਵਿਚ ਜਲਦੀ ਸਾਡੇ ਸਾਹਮਣੇ ਆਉਣਗੇ।

ਡਾ. ਰਘਬੀਰ ਸਿੰਘ ਸਿਰਜਣਾ ਨੇ ਡਾ. ਸਾਧੂ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਉਨ੍ਹਾਂ ਦੀ ਵਿਦਵਤਾ, ਅਮੀਰ ਸ਼ਬਦਾਵਲੀ, ਦਿਲ ਟੁੰਬਵੀਂ ਸ਼ੈਲੀ ਅਤੇ ਪੁਸਤਕ ਦੇ ਕਈ ਪੱਖਾਂ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੀ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਹਰ ਫੈਸਲੇ ਨੂੰ ਆਪਣੀ ਮਰਜ਼ੀ ਨਾਲ ਆਪਣੇ ਜ਼ਾਵੀਏ ਤੋਂ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਜੋ ਵੀ ਕੀਤਾ ਹੈ ਠੀਕ ਕੀਤਾ ਹੈ। ਪੁਸਤਕ ਦੇ ਆਖਰੀ ਕਾਂਡ ਵਿਚ ਅੱਤ ਦੀ ਭਾਵੁਕਤਾ ਦਾ ਪ੍ਰਗਟਾਵਾ ਹੈ।

ਡਾ. ਪ੍ਰਿਥੀਪਾਲ ਸੋਹੀ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੀ ਖ਼ੁਦਦਾਰੀ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ਅਤੇ ਪਰਿਵਾਰ ‘ਤੇ ਬੜੇ ਔਖੇ ਦਿਨਾਂ ਵਿਚ ਵੀ ਆਪਣੀ ਜ਼ਮੀਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪੁਸਤਕ ਅਤੇ ਇਸ ਦਾ ਸਰਵਰਕ ਦਰਸਾਉਂਦਾ ਹੈ ਕਿ ਹਨੇਰੇ ਨਾਲ ਕਦੇ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ। ਮੋਹਨ ਗਿੱਲ ਨੇ ਪੁਸਤਕ ਵਿਚਲੀ ਰੌਚਿਕਤਾ ਅਤੇ ਲਿਖਣ ਢੰਗ ਦੀ ਗੱਲ ਕੀਤੀ। ਜਸਕਰਨ ਸਹੋਤਾ ਨੇ ਕਿਤਾਬ ਵਿਚ ਉੱਘੜੇ ਕੁਝ ਇਸ਼ਾਰਿਆਂ ਦੀ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਆਪਣੀ ਮਜ਼ਬੂਰੀ ਨਾਲ ਜਾਂ ਆਪਣੀ ਮਰਜ਼ੀ ਨਾਲ ਪਰਵਾਸ ਧਾਰਨ ਕੀਤਾ ਹੈ ਪਰ ਡਾ. ਸਾਧੂ ਸਿੰਘ ਵਾਂਗ ਏਥੇ ਹਰ ਕੋਈ ਸੰਤਾਪ ਭੋਗ ਰਿਹਾ ਹੈ ਅਤੇ ਸਾਰੀ ਜ਼ਿੰਦਗੀ ਭੋਗਦਾ ਰਹੇਗਾ। ਡਾ. ਕਿਰਪਾਲ ਬੈਂਸ, ਅਵਤਾਰ ਬਾਈ ਅਤੇ ਨਵਜੋਤ ਢਿੱਲੋਂ ਨੇ ਵੀ ਇਸ ਪੁਸਤਕ ਲਈ ਡਾ. ਸਾਧੂ ਸਿੰਘ ਨੂੰ ਮੁਬਾਰਕਬਾਦ ਦਿੱਤੀ।

ਅੰਤ ਵਿਚ ਡਾ. ਸਾਧੂ ਸਿੰਘ ਨੇ ਸਭਨਾਂ ਬੁਲਾਰਿਆਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਜ਼ਿੰਦਗੀ ਵਿਚ ਥੋੜ੍ਹੀ ਜਿਹੀ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਜ਼ਿੰਦਗੀ ਦੇ ਬੁਨਿਆਦੀ ਅਸੂਲਾਂ ਨਾਲ ਕੋਈ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ। ਸਹਿਯੋਗ ਅਤੇ ਸਾਂਝ ਵਿਚ ਹੀ ਜ਼ਿੰਦਗੀ ਹੈ, ਵਿਰੋਧ ਵਿਚ ਨਹੀਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਨਿੱਕੀ ਜਿਹੀ ਗੱਲ ਦਾ ਆਸਰਾ ਵੀ ਕਿਸੇ ਨੂੰ ਬੁਲੰਦੀਆਂ ‘ਤੇ ਪੁਚਾ ਸਕਦਾ ਹੈ। ਏਨਾ ਕੁ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਤਾਰ ਨੂੰ ਕਿੰਨਾ ਕੁ ਕਸਣਾ ਹੈ ਅਤੇ ਕਿੰਨਾ ਕੁ ਢਿੱਲਾ ਛੱਡਣਾ ਹੈ ਤਾਂ ਜੋ ਜ਼ਿੰਦਗੀ ਦਾ ਸਾਜ਼ ਭਰੜਾਵੇ ਨਾ।

ਇਸ ਮੌਕੇ ਪ੍ਰੋਗਰੈਸਿਵ ਕਲਚਰਲ ਸੈਂਟਰ ਦੇ ਪ੍ਰਬੰਧਕਾਂ ਅਤੇ ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਪ੍ਰੋ. ਕਿਰਪਾਲ ਬੈਂਸ, ਇਕਬਾਲ ਪੁਰੇਵਾਲ ਅਤੇ ਸੰਤੋਖ ਢੇਸੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਡਾ. ਸਾਧੂ ਸਿੰਘ ਦਾ ਸਨਮਾਨ ਕੀਤਾ।