Headlines

ਵਿਦੇਸ਼ੀ ਦਖਲਅੰਦਾਜ਼ੀ ਬਾਰੇ ਵਿਸ਼ੇਸ਼ ਜਾਂਚ ਅਧਿਕਾਰੀ ਜੌਹਨਸਟਨ ਵਲੋਂ ਅਸਤੀਫਾ

ਓਟਵਾ-ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਂਚ ਦੇ ਵਿਸ਼ੇਸ਼ ਰਿਪੋਰਟਰ ਡੇਵਿਡ ਜੌਹਨਸਟਨ ਨੇ ਅਸਤੀਫਾ ਦੇ ਦਿੱਤਾ ਹੈ।  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ, ਜੌਹਨਸਟਨ ਨੇ ਆਪਣੀ ਨਿਯੁਕਤੀ ਅਤੇ ਕੰਮ ਦੇ ਤਿੱਖੇ ਸਿਆਸੀਕਰਨ ਦਾ ਹਵਾਲਾ ਦਿੰਦਿਆਂ ਆਪਣੇ ਅਸਤੀਫੇ ਦਾ ਕਾਰਣ ਦੱਸਿਆ ਹੈ।
ਉਹਨਾਂ ਆਪਣੇ ਅਸਤੀਫੇ ਵਿਚ ਕਿਹਾ ਹੈ ਕਿ ਜਦੋਂ ਮੈਂ ਵਿਦੇਸ਼ੀ ਦਖਲਅੰਦਾਜ਼ੀ ‘ਤੇ ਸੁਤੰਤਰ ਵਿਸ਼ੇਸ਼ ਰਿਪੋਰਟਰ ਦਾ ਕੰਮ ਸੰਭਾਲਿਆ, ਤਾਂ ਮੇਰਾ ਉਦੇਸ਼ ਸਾਡੀਆਂ ਲੋਕਤੰਤਰੀ ਸੰਸਥਾਵਾਂ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਵਕਰਨਾ ਸੀ। ਪਰ ਮੈਂ ਇਹ ਸਿੱਟਾ ਕੱਢਿਆ ਹੈ ਕਿ, ਮੇਰੀ ਨਿਯੁਕਤੀ ਅਤੇ ਕੰਮ ਦੇ ਆਲੇ ਦੁਆਲੇ ਬਹੁਤ ਪੱਖਪਾਤੀ ਮਾਹੌਲ ਨੂੰ ਦੇਖਦੇ ਹੋਏ, ਮੇਰੀ ਲੀਡਰਸ਼ਿਪ ਦਾ ਉਲਟ ਪ੍ਰਭਾਵ ਹੋਇਆ ਹੈ।
“ਇਸ ਲਈ ਮੈਂ ਆਪਣਾ ਅਸਤੀਫਾ ਦੇ ਰਿਹਾ ਹਾਂ।
ਪ੍ਰੀਵੀ ਕੌਂਸਲ ਦਫਤਰ (ਪੀਸੀਓ) ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਵੱਖਰੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸਰਕਾਰ ਨੂੰ ਜੌਹਨਸਟਨ ਦਾ ਅਸਤੀਫਾ ਮਿਲ ਗਿਆ ਹੈ ਅਤੇ ਉਸਨੇ “ਨਿਪੁੰਨ ਪਬਲਿਕ ਸਰਵੈਂਟ” ਨੂੰ ਉਸਦੇ ਅੱਜ ਤੱਕ ਦੇ ਕੰਮ ਅਤੇ  ਉਸਦੀ “ਕੈਨੇਡਾ ਅਤੇ ਕੈਨੇਡੀਅਨਾਂ ਪ੍ਰਤੀ  ਵਚਨਬੱਧਤਾ” ਲਈ ਧੰਨਵਾਦ ਕੀਤਾ ਹੈ।