Headlines

ਫੈਡਰਲ ਸਰਕਾਰ ਵਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਤੇ ਰੋਕ

ਓਟਵਾ ( ਦੇ ਪ੍ਰ ਬਿ)–ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਦਰਜਨਾਂ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੋਕ ਰਹੀ ਹੈ ਜਿਨ੍ਹਾਂ ਨਾਲ ਇਮੀਗ੍ਰੇਸ਼ਨ ਸਲਾਹਕਾਰਾਂ  ਨੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾਵਾਂ ਦੇ ਜਾਅਲੀ ਸਵੀਕ੍ਰਿਤੀ ਪੱਤਰਾਂ ਨਾਲ ਧੋਖਾ ਕੀਤਾ ਸੀ ਜਦਕਿ ਟਾਸਕ ਫੋਰਸ ਹਰੇਕ ਵਿਅਕਤੀਗਤ ਮਾਮਲੇ ਦੀ ਜਾਂਚ ਕਰ ਰਹੀ ਹੈ| ਫਰੇਜ਼ਰ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਵਿਦਿਆਰਥੀ ਜਿਹੜੇ ਅਣਜਾਣੇ ਵਿਚ ਘੁਟਾਲੇ ਦੀ ਲਪੇਟ ਵਿਚ ਆ ਗਏ ਉਨ੍ਹਾਂ ਨੂੰ ਆਰਜ਼ੀ ਰੈਜ਼ੀਡੈਂਟ ਪਰਮਿਟ ਦਿੱਤਾ ਜਾਵੇਗਾ| ਟਾਸਕ ਫੋਰਸ ਇਸ ਗੱਲ ਦਾ ਪਤਾ ਲਗਾਵੇਗੀ ਕਿ ਕੀ ਵਿਅਕਤੀ ਸੱਚਮੁੱਚ ਧੋਖੇ ਦਾ ਸ਼ਿਕਾਰ ਹੋਏ ਸਨ ਜਾਂ ਕੀ ਉਨ੍ਹਾਂ ਨੂੰ ਪਤਾ ਸੀ ਕਿ ਦਾਖਲਾ ਪੱਤਰ ਜਾਅਲੀ ਹਨ ਜਾਂ ਨਹੀਂ| ਫਰੇਜ਼ਰ ਨੇ ਕਿਹਾ ਕਿ ਉਹ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਘੁਟਾਲੇ ਵਿਚ ਸ਼ਾਮਿਲ ਨਹੀਂ ਪਈ ਜਾਣਗੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ| ਟਾਸਕ ਫੋਰਸ ਕਈ ਗੱਲਾਂ ’ਤੇ ਵਿਚਾਰ ਕਰੇਗੀ ਜਿਸ ਵਿਚ ਇਹ ਗੱਲਾਂ ਸ਼ਾਮਿਲ ਹਨ ਕਿ ਕੀ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਹੈ ਜਾਂ ਨਹੀਂ ਅਤੇ ਕੀ ਉਨ੍ਹਾਂ ਨੇ ਪੜ੍ਹਨ ਦੇ ਇਰਾਦੇ ਤੋਂ ਬਿਨ੍ਹਾਂ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ| ਪ੍ਰਭਾਵਤ ਵਿਦਿਆਰਥੀ ਤੇ ਉਨ੍ਹਾਂ ਦੇ ਸਮਰਥਕ ਮਈ ਦੇ ਅਖੀਰ ਤੋਂ ਓਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿਚ ਕੈਨੇਡੀਅਨ ਬਾਰਡਰ ਸਰਵਸਿਜ਼ ਏਜੰਸੀ ਦੇ ਬਾਹਰ ਦੇਸ਼ ਨਿਕਾਲੇ ਦੇ ਹੁਕਮਾਂ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਹਨ| ਉਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਂਚ ਕਰਨ ਵਿਚ ਨਾਕਾਮ ਰਹਿਣ ਲਈ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦੀ ਆਲੋਚਨਾ ਕੀਤੀ ਜਿਹੜੇ ਅਣਜਾਣੇ ਵਿਚ ਜਾਅਲੀ ਦਸਤਾਵੇਜ਼ ਲੈ ਕੇ ਜਾ ਰਹੇ ਸਨ| ਕੁਝ ਰਿਪੋਰਟਾਂ ਕਹਿੰਦੀਆਂ ਹਨ ਕਿ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ 700 ਦੇ ਕਰੀਬ ਹੈ ਜਦਕਿ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਕਿ ਇਹ ਦਰਜਨਾਂ ਦੇ ਨੇੜੇ ਹੈ|

ਵਿਦਿਆਰਥੀਆਂ ਲਈ ਰਾਹਤ-
ਓਨਟਾਰੀਓ ਦੇ ਐਡਵੋਕੇਸੀ ਗਰੁੱਪ ਅੰਤਰਰਾਸ਼ਟਰੀ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਸੰਸਥਾਪਕ ਜਸਪ੍ਰੀਤ ਸਿੰਘ ਕਹਿੰਦੇ ਹਨ ਕਿ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੋਕਣ ਦਾ ਐਲਾਨ ਨਾਲ ਵਿਦਿਆਰਥੀਆਂ ਨੂੰ ਰਾਤਾਂ ਜਾਗ ਕੇ ਕੱਟਣ ਤੋਂ ਰਾਹਤ ਮਿਲੀ ਹੈ ਪਰ ਪ੍ਰਦਰਸ਼ਨਕਾਰੀਆਂ ਨੂੰ ਅਜੇ ਵੀ ਚਿੰਤਾਵਾਂ ਸਤਾ ਰਹੀਆਂ ਹਨ ਕਿ ਇਸ ਤਰ੍ਹਾਂ ਦੀ ਰੋਕ ਆਰਜ਼ੀ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਟਾਸਕ ਫੋਰਸ ਪ੍ਰਭਾਵਤ ਵਿਦਿਆਰਥੀਆਂ ਲਈ ਇਕ ਵੱਖਰੇ ਸਿੱਟੇ ’ਤੇ ਨਹੀਂ ਪੁੱਜੇਗੀ| ਸਿੰਘ ਨੇ ਦੱਸਿਆ ਕਿ ਮੁਜ਼ਾਹਰੇ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ ਫਿਰ ਵੀ ਫ਼ੈਸਲਾ ਪ੍ਰਭਾਵਤ ਵਿਦਿਆਰਥੀਆਂ ਨਾਲ ਸਲਾਹ ਮਸ਼ਵਰਾ ਕਰਨ ਪਿੱਛੋਂ ਲਿਆ ਜਾਵੇਗਾ|
ਕੌਣ ਕੌਣ ਗਏ ਧਰਨੇ ’ਤੇ-
ਮਿਸੀਸਾਗਾ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿਚ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਅਤੇ ਐਨਡੀਪੀ ਨੇਤਾ ਜਗਮੀਤ ਸਿੰਘ ਸਮੇਤ ਵਿਰੋਧੀ ਪਾਰਟੀਆਂ ਦੇ ਨੇਤਾ ਪੁੱਜੇ| ਐਨ ਡੀ ਪੀ ਐਮ ਪੀ ਜੈਨੀ ਕਵਾਨ ਜਿਹੜੀ ਪਿਛਲੇ ਹਫ਼ਤੇ ਧਰਨੇ ’ਤੇ ਪੁੱਜੀ ਨੇ ਕਿਹਾ ਕਿ ਫਰੇਜ਼ਰ ਦਾ ਐਲਾਨ ਉਤਸ਼ਾਹਿਤ ਕਰਨ ਵਾਲਾ ਹੈ ਪਰ ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੇ ਪ੍ਰਭਾਵਤ ਵਿਦਿਆਰਥੀਆਂ ਲਈ ਲੰਬੇ ਸਮਾਂ ਦਾ ਹੱਲ ਮੁਹੱਈਆ ਨਹੀਂ ਕੀਤਾ|