Headlines

ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਦਾ ਦੇਸ਼ ਭਗਤ ਕਾਲਜ ਮੋਗਾ ਵਿਚ ਭਰਵਾਂ ਸਵਾਗਤ

ਮੋਗਾ- ਬੀਤੇ ਦਿਨ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਚਾਲਕ, ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਦੇਸ਼ ਭਗਤ ਕਾਲਜ, ਮੋਗਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਕਨੇਡਾ ਜਾਣ ਤੋਂ ਪਹਿਲਾਂ ਕਾਲਜ ਬਾਰੇ ਅਤੇ ਜੋ ਕੋਰਸ ਵਿਦਿਆਰਥੀ ਕਰਨਾ ਚਾਹੁੰਦਾ ਹੈ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਕਨੇਡਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵੀ ਸੰਦੇਸ਼ ਦਿੱਤਾ ਕਿ ਘੱਟੋ ਘੱਟ ਆਪਣੀਆਂ ਬੇਟੀਆਂ ਨੂੰ ਭੇਜਣ ਸਮੇਂ ਇਹ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਬੇਟੀਆਂ ਨੇ ਜਾ ਕੇ ਰਹਿਣਾ ਕਿੱਥੇ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਪੰਜਾਬ ਭਵਨ ਵਿਖੇ ਸੰਪਰਕ ਕਰ ਸਕਦਾ ਹੈ । ਸੁੱਖੀ ਬਾਠ  ਨੇ ਦੱਸਿਆ ਕਿ ਪੰਜਾਬ ਭਵਨ ਉਨ੍ਹਾਂ ਨੇ ਆਪਣੇ ਪਿਤਾ ਸ: ਅਰਜਨ ਸਿੰਘ ਬਾਠ  ਦੀ ਯਾਦ ਵਿਚ ਬਣਾਇਆ ਹੈ ਜਿੱਥੇ ਲੋਕ ਫਰੀ ਧਾਰਮਿਕ ,ਸਮਾਜਕ ਸਮਾਗਮ ਕਰਦੇ ਹਨ। ਚਾਹ ਅਤੇ ਸਮੋਸਿਆਂ ਦੀ ਸੇਵਾ ਪੰਜਾਬ ਭਵਨ ਵੱਲੋਂ ਕੀਤੀ ਜਾਂਦੀ ਹੈ।
ਸੁੱਖੀ ਬਾਠ  ਨੂੰ ਕਾਲਜ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ, ਗੌਰਵ ਗੁਪਤਾ ਵੱਲੋਂ ਜੀ ਆਇਆਂ ਕਿਹਾ ਗਿਆ। ਇਸ ਮੌਕੇ ਤੇ ਪ੍ਰੋ: ਰਾਜਦੀਪ ਸਿੰਘ, ਜਸਵਿੰਦਰ ਸਿੰਘ ਅਤੇ ਦੀਪ ਸੋਢੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਦਵਿੰਦਰਪਾਲ ਸਿੰਘ ਨੇ ਕਿਹਾ ਕਿ ਸੁੱਖੀ ਬਾਠ ਇਕ ਵਿਅਕਤੀ ਨਹੀ ਬਲਕਿ ਇੱਕ ਸੰਸਥਾ ਹਨ।  ਸਮਾਜ ਸੇਵੀ ਸ਼ਬਦ ਇਹਨਾਂ ਵਾਸਤੇ ਬਹੁਤ ਛੋਟਾ ਹੈ। ਇਹ ਅਨੇਕਾਂ ਸਮਾਜ ਸੇਵਾ ਦੇ ਕੰਮ ਕਰਦੇ ਹਨ। ਫਿਲਪਾਈਨ ਵਿਖੇ 500 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਹਨ ਅਤੇ ਉਹਨਾਂ ਲਈ ਖਾਣ-ਪੀਣ ਦੇ ਨਾਲ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਫਿਰੋਜ਼ਪੁਰ ਵਿਖੇ ਦੋ ਮਨਾਖੀਆ ਧੀਆਂ ਨੂੰ ਇਹਨਾਂ ਨੇ ਅਡੋਪਟ ਕੀਤਾ ਹੈ। ਅਸੀਂ ਪਰਮਾਤਮਾ ਅੱਗੇ ਇਹਨਾਂ ਦੀ ਤੰਦਰੁਸਤੀ ਤੇ ਹਰ ਖੇਤਰ ਵਿਚ ਤਰੱਕੀ ਦੀ ਕਾਮਨਾ ਕਰਦੇ ਹਾਂ।