Headlines

ਖਾਲਿਸਤਾਨੀ ਆਗੂ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀਆਂ ਮਾਰਕੇ ਹੱਤਿਆ

ਗੁਰੂ ਘਰ ਦੀ  ਪਾਰਕਿੰਗ ਲੌਟ ਵਿਚ ਹੀ ਬਣਾਇਆ ਨਿਸ਼ਾਨਾ-ਬੀ ਸੀ ਸਿੱਖ ਗੁਰਦੁਆਰਾ ਕੌਂਸਲ ਵਲੋਂ ਭਾਰਤੀ ਏਜੰਸੀਆਂ ਦਾ ਕਾਰਾ ਘੋਸ਼ਿਤ-
ਸਰੀ, ( ਸੰਦੀਪ ਸਿੰਘ ਧੰਜੂ, ਹਰਦਮ ਸਿੰਘ ਮਾਨ )-  ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਅਤੇ ਸਿੱਖਸ ਫਾਰ ਜਸਟਿਸ’ ਦੇ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਸਰੀ ਵਿੱਚ ਐਤਵਾਰ ਸ਼ਾਮ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ । ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੀਡੀਆ ਨਾਲ ਆਪਣੀ ਇੰਟਰਵਿਊ ਦੌਰਾਨ ਸ. ਨਿੱਝਰ ਵੱਲੋ  ਉਹਨਾਂ ਤੇ ਸੰਭਾਵਿਤ ਹਮਲੇ ਕੀਤੇ ਜਾਣ ਪ੍ਰਤੀ ਖਦਸ਼ਾ ਜਾਹਿਰ ਕੀਤਾ ਗਿਆ ਸੀ। ਹਰਦੀਪ ਸਿੰਘ ਨਿੱਝਰ ਜੋ ਸਰੀ-ਡੈਲਟਾ ਵਿਖੇ ਸਥਿਤ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ  ਸਨ, ਐਤਵਾਰ ਦੀ  ਸ਼ਾਮ ਜਦੋਂ 122 ਸਟਰੀਟ ਵੱਲੋਂ ਗੁਰੂਦੁਆਰਾ ਸਾਹਿਬ ਜਾ ਰਹੇ ਸਨ ਤਾਂ ਗੁਰੂਦੁਆਰਾ ਸਾਹਿਬ ਦੇ ਨੇੜੇ ਹੀ ਪਹਿਲਾਂ ਤੋਂ ਘਾਤ ਲਾ ਕੇ ਖੜ੍ਹੇ ਦੋ ਵਿਅਕਤੀਆਂ  ਨੇ ਸ ਨਿੱਝਰ ਉਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸੇ ਦੌਰਾਨ ਅੱਜ ਬਾਦ ਦੁਪਹਿਰ ਆਰ ਸੀ ਐਮ ਪੀ ਵਲੋਂ ਬੁਲਾਈ ਗਈ ਇਕ ਇਕ ਪ੍ਰੈਸ ਕਾਨਫਰੰਸ ਦੌਰਾਨ ਐਤਵਾਰ ਸ਼ਾਮ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ  45 ਸਾਲਾ ਹਰਦੀਪ ਸਿੰਘ ਨਿੱਝਰ ਵਜੋਂ ਕੀਤੀ ਗਈ ਹੈ। ਪੁਲਿਸ ਮੁਤਾਬਿਕ ਐਤਵਾਰ ਰਾਤ 8:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿੱਚ ਇੱਕ ਵਾਹਨ ਵਿਚ ਉਸਨੂੰ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ ਗਿਆ। ਇਸਤੋਂ ਪਹਿਲਾਂ ਕਿ ਉਸਦਾ ਇਲਾਜ ਸ਼ੁਰੂ ਕੀਤਾ ਜਾਂਦਾ ਪਰ ਮੌਕੇ ‘ਤੇ ਹੀ ਉਸ ਦੀ ਮੌਤ ਹੋ ਚੁੱਕੀ ਸੀ।
ਸਰੀ ਆਰ ਸੀ ਐਮ ਪੀ ਦੇ ਸਾਰਜੈਂਟ ਟਿਮ ਨੇ ਦੱਸਿਆ ਕਿ ਬੀਤੀ ਰਾਤ  ਇਕ ਧਾਰਮਿਸ ਸਥਾਨ ਦੇ ਬਾਹਰ ਕੀਤੀ ਗਈ ਇਹ ਹੱਤਿਆ ਹਿੰਸਾ ਦੀ ਇੱਕ ਬੇਰਹਿਮ ਕਾਰਵਾਈ ਸੀ। ਪੁਲਿਸ ਅਫਸਰ ਨੇ ਹੋਰ ਕਿਹਾ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ। ਉਹ ਜਾਣਦੇ ਹਨ ਕਿ ਇੱਥੇ ਬਹੁਤ ਸਾਰੀਆਂ ਅਫਵਾਹਾਂ ਅਤੇ ਅਟਕਲਾਂ ਚੱਲ ਰਹੀਆਂ ਹਨ, ਖਾਸ ਕਰਕੇ ਸੋਸ਼ਲ ਮੀਡੀਆ ਉਪਰ । ਇਸ ਸਮੇਂ ਅਸੀਂ ਸਬੂਤ ਇਕੱਤਰ ਕਰ ਰਹੇ ਹਾਂ ਜਿਸ ਤਹਿਤ ਅਸੀਂ ਹਰ ਵਿਅਕਤੀ ਨਾਲ ਗੱਲ ਕਰਨ ਅਤੇ ਇਸ ਕੇਸ ਦੇ ਤੱਥ ਇਕੱਠੇ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
ਸਥਾਨਕ ਸਿੱਖ ਸੰਗਤਾਂ ਵਲੋਂ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਅਤੇ ਸੋਮਵਾਰ ਸਵੇਰ ਤੱਕ 120ਵੀਂ ਸਟਰੀਟ ‘ਤੇ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਸੜਕ ਤੇ ਧਰਨਾ ਲਗਾਇਆ ਗਿਆ।
ਸੋਮਵਾਰ ਸਵੇਰੇ 7:30 ਵਜੇ ਦੇ ਕਰੀਬ ਆਰਸੀਐਮਪੀ ਦੀ ਬੇਨਤੀ ‘ਤੇ ਸੜਕ ਨੂੰ ਖੁਲਵਾਇਆ ਗਿਆ।
ਇਸ ਦੌਰਾਨ ਬੀਸੀ  ਸਿੱਖ ਗੁਰਦੁਆਰਾ ਕੌਂਸਲ ਦੀ ਫੇਸਬੁੱਕ ਪੋਸਟ ਵਿਚ ਕਿਹਾ ਗਿਆ ਹੈ ਕਿ ਕਾਇਰਾਂ ਦੇ ਹੱਥੋਂ ਸਿੱਖ ਕੌਮ ਨੂੰ ਬਹੁਤ ਵੱਡਾ  ਨੁਕਸਾਨ ਹੋਇਆ ਹੈ।ਅਸੀਂ ਇੱਕ ਬਹਾਦਰ ਯੋਧੇ ਦੀ ਮੌਤ ਦਾ ਸਨਮਾਨ ਕਰਦੇ ਹਾਂ ਅਤੇ ਐਲਾਨ ਕਰਦੇ ਹਾਂ ਕਿ ਉਸ ਵਰਗੇ ਹੋਰ ਬਹੁਤ ਸਾਰੇ ਯੋਧੇ ਉੱਠਣਗੇ। ਫੇਸਬੁੱਕ ਉਪਰ ਖਾਲਿਸਤਾਨ ਜਿੰਦਾਬਾਦ ਲਿਖਦਿਆਂ ਅੱਗੇ ਕਿਹਾ ਗਿਆ ਹੈ ਕਿ ਭਾਈ ਨਿੱਝਰ ਨੂੰ ਭਾਵੇਂ ਉਹਨਾਂ ਨੇ ਸਰੀਰਕ ਤੌਰ ਤੇ ਮਾਰ ਦਿੱਤਾ ਹੈ ਪਰ ਉਹਨਾਂ ਦੀ ਵਿਚਾਰਧਾਰਾ ਹੋਰ ਤੇਜ਼ੀ ਨਾਲ ਅੱਗੇ ਵਧੇਗੀ। ਭਾਈ ਪੰਜਵੜ, ਭਾਈ ਖੰਡਾ ਅਤੇ ਹੋਰਾਂ ਵੱਲੋਂ ਜੋ ਲੜਾਈ ਲੜੀ ਗਈ ਉਹ ਜਾਰੀ ਰੱਖੀ ਜਾਵੇਗੀ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰੀ ਵਿਚ ਭਾਰਤੀ ਹਾਈ ਕਮਿਸ਼ਨਰ ਦੀ ਆਮਦ ਉਪਰ ਭਾਰੀ ਰੋਸ ਮਜ਼ਾਹਰੇ ਦੀ ਅਗਵਾਈ ਭਾਈ ਨਿੱਝਰ ਵਲੋਂ ਹੀ ਕੀਤੀ ਗਈ ਸੀ। ਖਾਲਿਸਤਾਨੀ ਸੰਘਰਸ਼ ਦੇ ਆਗੂ ਵਜੋਂ ਉਹਨਾਂ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਵਿਚ ਅਹਿਮ ਭੂਮਿਕਾ ਸੀ।  ਸਰੀ ਵਿੱਚ ਰਹਿਣ ਵਾਲੇ 46 ਸਾਲਾ ਹਰਦੀਪ ਸਿੰਘ ਪੰਜਾਬ ਵਿੱਚ ਜਲੰਧਰ ਜਿਲੇ ਦੇ ਪਿੰਡ ਹਰਸਿੰਘਪੁਰ ਨਾਲ ਸੰਬੰਧਿਤ ਸਨ । ਉਹਨਾਂ ਖਿਲਾਫ ਭਾਰਤ ਵਿਚ ਅਤਵਾਦੀਆਂ ਸਰਗਰਮੀਆਂ ਤਹਿਤ ਕਈ ਕੇਸ ਦਰਜ ਸਨ। ਐਨ ਆਈ ਏ ( ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਵਲੋਂ ਉਹਨਾਂ ਦੀ ਗ੍ਰਿਫਤਾਰੀ ਲਈ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ ਤੇ ਕੈਨੇਡਾ ਸਰਕਾਰ ਤੋਂ ਉਹਨਾਂ ਦੀ ਹਵਾਲਗੀ ਮੰਗੀ ਜਾ ਰਹੀ ਸੀ। ਉਹਨਾਂ ਉਪਰ ਸਾਲ 2015 ਵਿਚ ਭਾਰਤੀ ਏਜੰਸੀਆਂ ਵਲੋਂ ਕੈਨੇਡਾ ਵਿਚ ਖਾਲਿਸਤਾਨੀ ਸੰਘਰਸ਼ ਲਈ ਮਿਸ਼ਨ ਸ਼ਹਿਰ ਇਕ ਟਰੇਨਿੰਗ ਕੈਂਪ ਲਗਾਏ ਜਾਣ ਦੇ ਵੀ ਦੋਸ਼ ਲਗਾਏ ਗਏ ਸਨ।