Headlines

ਸਰੀ ‘ਚ ਨਾਟਕ “ਮੈਂ ਕਿਤੇ ਨਹੀਂ ਗਿਆ” ਦੀ ਸਫਲ ਪੇਸ਼ਕਾਰੀ

ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾਂ ਨੇ ਹਜ਼ਾਰਾਂ ਸਰੋਤਿਆਂ ਦਾ ਮਨ ਮੋਹਿਆ-

ਸਰੀ-ਗੁਰਪ੍ਰੀਤ ਸਿੰਘ ਤਲਵੰਡੀ-
ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਕੈਨੇਡਾ ਵਲੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲ਼ੇ ਸ਼ਹਿਰ ਸਰੀ ਦੇ ਪਾਇਲ ਬਿਜਨੈੱਸ ਸੈਂਟਰ ਵਿੱਚ ਸਥਿੱਤ ਪੰਜਾਬ ਬੈਂਕਟ ਹਾਲ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡਾ ਵਿਚਲੇ ਸੰਘਰਸ਼ਮਈ ਜੀਵਨ ਨੂੰ ਬਾਖੂਬੀ ਪੇਸ਼ ਕਰਦਾ ਨਾਟਕ “ਮੈਂ ਕਿਤੇ ਨਹੀਂ ਗਿਆ” ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜੋ ਬੇਹੱਦ ਸਫਲ ਰਹੀ। ਲੇਖਕ ਕੁਲਵਿੰਦਰ ਖਹਿਰਾ ਦਾ ਲਿਖਿਆ ਇਹ ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾਂ ਦੀ ਟੀਮ ਵਲੋਂ ਖੇਡਿਆ ਗਿਆ। ਨਾਟਕ ਦੇ ਮੰਚਨ ਦੌਰਾਨ ਹਜ਼ਾਰਾਂ ਹੀ ਸਰੋਤਿਆਂ ਦੇ ਖਚਾਖਚ ਭਰੇ ਹਾਲ ਦੌਰਾਨ ਰੰਗਕਰਮੀ ਸੁਰਿੰਦਰ ਸ਼ਰਮਾਂ ਨੇ ਆਪਣੀ ਵਿਲੱਖਣ ਕਲਾ ਨਾਲ਼ ਵੱਡੀ ਤਦਾਦ ਸਰੋਤਿਆਂ ਦਾ ਮਨ ਮੋਹਿਆ। ਸ਼ਰਮਾਂ ਦੀ ਇੱਕ ਇੱਕ ਅਦਾਕਾਰੀ ਤੇ ਸਰੋਤਿਆਂ ਵਲੋ ਤਾੜੀਆਂ ਮਾਰ ਕੇ ਨਾਟਕ ਟੀਮ ਦੀ ਮਿਹਨਤ ਨੂੰ ਸਲਾਮ ਕੀਤੀ। ਨਾਟਕ ਦੀ ਆਰੰਭਤਾ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਦੇ ਅਵਤਾਰ ਬਾਈ ਨੇ ਸਭ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਅਖੌਤੀ ਬਾਬਿਆਂ, ਤਾਂਤਰਿਕਾਂ ਜਾਂ ਜੋਤਸ਼ੀਆਂ ਖਿਲਾਫ ਛੇੜੀ ਮਹਿੰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਪਰੰਤ ਸਟੇਜ਼ ਸੰਭਾਲੀ ਰੰਗਕਰਮੀ ਸੁਰਿੰਦਰ ਸ਼ਰਮਾਂ ਨੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਬਾਬੇ ਨਾਨਕ ਦੇ ਫਲਸਫੇ ਤੋਂ ਸ਼ੁਰੂ ਹੋ ਕੇ ਅਵਾਮ ਨੂੰ ਕਿਰਤ ਕਰਨ ਦਾ ਹੋਕਾ ਦਿੰਦਿਆਂ ਕਿਰਤੀ ਲੋਕਾਂ ਦੀ ਆਰਥਿਕ ਲੁੱਟ ਕਰਨ ਵਾਲ਼ੇ ਅਖੌਤੀ ਬਾਬਿਆਂ, ਤਾਂਤਰਿਕਾਂ ਜਾਂ ਜੋਤਸ਼ੀਆਂ ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਭਾਰਤ ਦੀ ਮੌਜੂਦਾ ਸਥਿੱਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾਂ ਜਾਂ ਗਦਰੀ ਬੀਬੀ ਗੁਲਾਬ ਕੌਰ ਵਰਗਿਆਂ ਦੇ ਸੋਹਣੇ ਮੁਲਕ ਦੇ ਲਏ ਸੁਪਨੇ ਚਕਨਾਂਚੂਰ ਹੋ ਗਏ ਜਦ ਦੇਸ਼ ਦੀ ਰਾਜ ਸੱਤਾ ਤੇ ਕਾਬਜ਼ ਲੋਕ ਹੀ ਆਮ ਲੋਕਾਂ ਦੀ ਆਰਥਿਕ ਲੁੱਟ ਕਰਨ ਵਿੱਚ ਜੁਟ ਗਏ। ਪੰਜਾਬੀਆਂ ਦੇ ਪ੍ਰਵਾਸ ਦੇ ਰੁਝਾਨ ਤੇ ਗਹਿਰੀ ਚੋਟ ਕਰਦਿਆਂ ਉਨ੍ਹਾਂ ਭਾਰਤ ਦੇ ਹਾਕਮਾਂ ਨੂੰ ਹੀ ਇਸ ਸਭ ਕੁੱਝ ਲਈ ਜਿੰਮੇਵਾਰ ਠਹਿਰਾਇਆ। ਕੈਨੇਡਾ ਦੀ ਧਰਤੀ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਦੁਸ਼ਵਾਰੀਆਂ ਬਾਰੇ ਨਾਟਕ ਦੀ ਪੇਸ਼ਕਾਰੀ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਕੰਮ ਸੰਬੰਧੀ ਸਮੱਸਿਆਵਾਂ, ਵਰਕ ਪਰਮਿਟ ਬਦਲੇ ਐੱਲ ਐੱਮ ਆਈ ਏ ਦਾ ਵਿਕਣਾਂ, ਵਿਦਿਆਰਥੀਆਂ ਨੂੰ ਪੰਜਾਬੀਆਂ ਵਲੋਂ ਹੀ ਘੱਟ ਉੱਜਰਤ ਤੇ ਕੰਮ ਤੇ ਰੱਖਣਾਂ ਜਾਂ ਕੀਤੇ ਹੋਏ ਕੰਮ ਦੇ ਪੈਸੇ ਨਾਂ ਦੇਣਾਂ, ਨੌਜਵਾਨ ਲੜਕਿਆਂ ਪਾਸੋਂ ਵਧੇਰੇ ਕੰਮ ਲੈਣ ਲਈ ਉਨ੍ਹਾਂ ਨੂੰ ਨਸਿ਼ਆਂ ਦਾ ਆਦੀ ਬਨਾਉਣ ਸਮੇਤ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲਦਿਆਂ ਵਿਦਿਆਰਥੀਆਂ ਦੇ ਭਾਰਤ ਰਹਿੰਦੇ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ਨੂੰ ਉਡੀਕਦੇ ਹੀ ਇਸ ਦੁਨੀਆਂ ਤੋਂ ਕੂਚ ਕਰ ਜਾਣ ਦਾ ਸਮੁੱਚਾ ਵਿਰਤਾਂਤ ਸਰੋਤਿਆਂ ਅੱਗੇ ਬਾਖੂਬੀ ਪੇਸ਼ ਕੀਤਾ। ਇਸ ਨਾਟਕ ਦੇ ਹਰ ਇੱਕ ਦ੍ਰਿਸ਼ ਨੇ ਹੀ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅੰਤ ਵਿੱਚ ਸੁਰਿੰਦਰ ਸ਼ਰਮਾਂ ਨੇ ਆਪਣੀ ਸਮੁੱਚੀ ਟੀਮ ਦੀ ਸਰੋਤਿਆਂ ਨਾਲ਼ ਜਾਣ ਪਛਾਣ ਕਰਾਈ ਅਤੇ ਪ੍ਰਬੰਧਕਾਂ ਵਲੋਂ ਸਮੂਹ ਨਾਟਕ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਤਰਕਸ਼ੀਲ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਸੀ, ਜੋ ਸਰੋਤਿਆਂ ਦੀ ਭਰਪੂਰ ਖਿੱਚ ਦਾ ਕੇਂਦਰ ਰਹੀ।


-778-980-9196