Headlines

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਲਈ ਤਲਬ ਕੀਤਾ

ਮੁਤਵਾਜ਼ੀ ਜਥੇਦਾਰ ਮੰਡ ਵਲੋਂ 28 ਜੂਨ ਨੂੰ ਪੇਸ਼ ਹੋਣ ਦੇ ਆਦੇਸ਼

ਅੰਮ੍ਰਿਤਸਰ ( ਮਾਨ, ਭੰਗੂ)-ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਗੁਰਦੁਆਰਾ ਸੋਧ ਬਿੱਲ 2023 ਪਾਸ ਕਰਨ ਨੂੰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੰਦਿਆਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 28 ਜੂਨ ਨੂੰ ਅਕਾਲ ਤਖਤ ’ਤੇ ਤਲਬ ਕਰਨ ਦਾ ਐਲਾਨ ਕੀਤਾ ਹੈ।  ਇਥੇ ਅਕਾਲ ਤਖ਼ਤ ਦੇ ਸਕੱਤਰੇਤ ਦੇ ਸਾਹਮਣੇ ਮੀਡੀਆ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਆਖਿਆ ਕਿ ਕੀਰਤਨ ਪ੍ਰਸਾਰਨ ਮਾਮਲੇ ਵਿੱਚ ਮੁੱਖ ਮੰਤਰੀ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਕੀਤੀ ਹੈ, ਜੋ ਕਿ ਨਾ-ਕਾਬਿਲ-ਏ-ਬਰਦਾਸ਼ਤ ਹੈ। ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਆਦੇਸ਼ ਦਿੱਤਾ ਹੈ ਕਿ ਉਹ 28 ਜੂਨ ਨੂੰ ਸਵੇਰੇ 11 ਵਜੇ ਅਕਾਲ ਤਖਤ ਤੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ। ਉਹ ਦੱਸਣ ਕਿ ਉਨ੍ਹਾਂ ਨੇ ਸੂਬੇ ਦੇ ਸਿੱਖ ਮੁੱਖ ਮੰਤਰੀ ਹੁੰਦਿਆਂ ਅਜਿਹੀ ਅਵੱਗਿਆ ਕਿਉਂ ਕੀਤੀ ਹੈ। ਸਪੱਸ਼ਟੀਕਰਨ ਦੇਣ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਬਹਾਨੇਬਾਜ਼ੀ ਇੱਕ ਹੋਰ ਅਵੱਗਿਆ ਸਮਝੀ ਜਾਵੇਗੀ। ਇਸ ਮਾਮਲੇ ਵਿੱਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਕੌਮ ਦੇ ਸਾਹਮਣੇ ਸਪੱਸ਼ਟੀਕਰਨ ਦੇਣ ਕਿ ਸ਼੍ਰੋਮਣੀ ਕਮੇਟੀ ਹੁਣ ਤੱਕ ਆਪਣਾ ਨਿੱਜੀ ਚੈਨਲ ਸਥਾਪਤ ਕਿਉਂ ਨਹੀਂ ਕਰ ਸਕੀ ਅਤੇ ਕਿੰਨੇ ਸਮੇਂ ਵਿੱਚ ਆਪਣਾ ਚੈਨਲ ਸਥਾਪਤ ਕਰਨਗੇ।