Headlines

ਪਾਕਿਸਤਾਨ ਦੀ ਗੇੜੀ-ਪਿਸ਼ਾਵਰ, ਕਾਰਖਾਨੋ ਮਾਰਕੀਟ ਤੇ ਬਾੜਾ ਬਾਜਾਰ…

ਸੰਤੋਖ ਸਿੰਘ ਮੰਡੇਰ, 604-505-7000-
ਪਿਸ਼ਾਵਰ, ਪੁਰਾਣਾ ਪਸ਼ੌਰ ਪਾਕਿਸਤਾਨ ਵਿਚ ਪੱਠਾਣਾਂ ਦੇ ਗੜ੍ਹ ਉਤਰੀ ਸੂਬੇ ਪੱਖਤੂਨਵਾ ਦੀ ਰਾਜਧਾਨੀ ਹੈ ਜਿਸ ਨੂੰ ਪਹਿਲਾਂ ਪਾਕਿਸਤਾਨ ਵਿਚ ‘ਨੌਰਥ ਵੈਸਟ ਫੰਰਟੀਅਰ ਪਰੌਵਿੰਸ’ ਕਿਹਾ ਜਾਂਦਾ ਸੀ| ਲੰਮਾ ਸਮਾ ਪਿਸ਼ਾਵਰ ਦਾ ਇਲਾਕਾ ਅਫਗਾਨਿਸਤਾਨ-ਕਾਬੁਲ ਦੇ ਬਾਰਕਜ਼ਈ ਪਠਾਣ ਸ਼ਾਸ਼ਕਾਂ ਦੇ ਰਾਜ ਦਾ ਹਿਸਾ ਹੁੰਦਾ ਸੀ| ਸਿੱਖ ਦੌਰ ਸਮੇ ਮਹਾਰਾਜਾ ਰੱਣਜੀਤ ਸਿੰਘ ਦੇ ਰਾਜ ਵੇਲੇ ਸੰਨ 1831 ਵਿਚ ਕਾਬੁਲ ਦੇ ਅਫਗਾਨ ਸ਼ਾਸ਼ਕ ਸ਼ਾਹ ਸ਼ੁਜਾਅ ਨੇ ਹਰ ਰੋਜ ਦੀਆਂ ਜੰਗਾਂ ਅਤੇ ਅੰਗਰੇਜਾਂ ਦੇ ਡਰ ਤੋ ਤੰਗ ਆ ਕੇ ਇਕ ਗੁੱਪਤ ਸੰਧੀ ਵਿਚ ‘ਪਸੌ਼ਰ’ ਹਮੇਸ਼ਾ ਲਈ ਸ਼ੇਰੇ ਪੰਜਾਬ ਦੇ ਲਾਹੌਰ ਖਾਲਸਾ ਦਰਬਾਰ ਨੰ ਸੌਪ ਦਿਤਾ ਗਿਆ ਸੀ| ਬਹਾਦਰ ਸ਼ਾਹੀ ਸਿੱਖ ਫੌਜਾਂ ਅੱਗੇ ਜਦੋ ਮਰ ਮਿਟੱਣ ਵਾਲੇ ਪੱਠਾਣਾਂ ਨੇ ਹਥਿਆਰ ਸੁੱਟ ਦਿਤੇ ਤਾਂ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਇਕ ਜਨਤੱਕ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ “ਜਿੜ੍ਹਾ ਵੀ ਫੌਜੀ ਪੱਠਾਣ ਤੀਵੀਆਂ ਵਾਲੀ ਸ਼ਲਵਾਰ ਪਾ ਕੇ ਸ਼ਹਿਰ ਵਿਚੋ ਨਿਕਲੇਗਾ, ਸਿੱਖ ਸ਼ਾਹੀ ਫੌਜਾਂ ਉਸ ਉਪੱਰ ਵਾਰ ਨਹੀ ਕਰਨਗੀਆਂ” ਕਿਉਕੀ ਸਿੱਖ ਨਿਹੱਥੇ ਅੱਤੇ ਔਰਤ ਉਪੱਰ ਵਾਰ ਨਹੀ ਕਰਦੇ| ਅੱਜ ਕੱਲ ਮਰਦਾਂ ਦੇ ਰਿਵਾਇਤੀ ਫੈਸ਼ਨਦਾਰ ਸ਼ਲਵਾਰ ਕਮੀਜ ਉਦੋ ਦੇ ਪ੍ਰਚਲਤ ਹਨ| ਪਿਸ਼ਾਵਰ ਵਿਚ ਅੱਜ ਵੀ ਪਠਾਣਾਂ ਦੀਆਂ ਸੁਆਣੀਆਂ ਰੋਦੇ ਬੱਚੇ ਨੂੰ ਚੁੱਪ ਕਰਾਉਣ ਲਈ ਪਸ਼ਤੋ ਬੋਲੀ ਵਿਚ ਦਬਕਾ ਮਾਰਦੀਆਂ ਹਨ “ਚੱੁਪ ਸ਼ੋ ਮੜਾ, ਨਲੂਆ ਰਾਗਲੇ” ਮਤਲੱਬ “ਮਰਜਾਣਿਆ ਚੁੱਪ ਕਰ ਨਹੀ ਨਲੂਆ ਫੱੜ ਕੇ ਲੈ ਜਾਊ”| ਲਾਹੌਰ
ਸਿੱਖ ਖਾਲਸਾ ਦਰਬਾਰ ਦੀਆਂ ਸ਼ਾਹੀ ਫੌਜਾਂ ਦੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਹੀ ਪਿਸ਼ਾਵਰ ਦਾ ਗਵਰਨਰ ਥਾਪਿਆ ਗਿਆ ਸੀ| ਅੰਗਰੇਜਾਂ ਅਧੀਨ ਭਾਰਤੀ ਮਹਾਂ ਉੱਪਦੀਪ ਦੇ ਉਤਰ ਪੱਛਮ ਵਲ, ਲਾਹੌਰ ਸਿੱਖ ਦਰਬਾਰ ਦਾ ਦੱਬਦਬਾ ਬਹੱੁਤ ਤੇਜੀ ਨਾਲ ਪਸਰ ਰਿਹਾ ਸੀ| ਇਸ ਖਿਤੇ ਦੇ ਜੱਦੀ ਪੁਸ਼ਤੀ ਪਠਾਣ ਤੇ ਅਫਗਾਨ ਸਿੱਖਾਂ ਸਰਦਾਰਾਂ ਦੀ ਬਹਾਦਰੀ ਤੋ ਬੁਰੀ ਤਰਾਂ ਭੈ ਭੀਤ ਹੋ ਗਏ ਸਨ} ਪੱਛਮ ਦੇ ਯੂਰਪੀਅਨ ਇਤਹਾਸਕਾਰ ਮੰਨਦੇ ਹਨ ਕਿ ਜੇਕਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਅਤੇ ਸਿੱਖ ਮਹਾਰਾਜਾ ਰੱਣਜੀਤ ਸਿੰਘ 10-15 ਸਾਲ ਹੋਰ ਜੀ ਜਾਂਦੇ ਤਾਂ ਸਿੱਖ ਰਾਜ ਦੀਆਂ ਅੱਧੇ ਯੂਰਪ ਤੱਕ ਹੋਣੀਆਂ ਸਨ|

ਹਿੰਦੋਸਤਾਨ ਦੇ ਉਤੱਰ ਦਿਸ਼ਾ ਵਲ “ਦਰਾ ਖੈਬਰ” ਦਾ ਪਹਾੜੀ ਇਲਾਕਾ ‘ਪਿਸ਼ਾਵਰ ਵੈਲੀ’ ਦੇ ਨਾਂ ਨਾਲ ਮਸ਼ਹੂਰ ਹੈ| ਦਰਾ ਖੈਬਰ ਦੇ ਰਸਤੇ ਮੁਗਲਾਂ, ਤੁਰਕਾਂ, ਪਠਾਣਾਂ, ਮੰਗੋਲਾਂ ਆਦਿ ਨੇ ਸੋਨੇ ਦੀ ਚਿੜੀ-ਭਾਰਤ ਦੀ ਦੌਲਤ ਤੇ ਇੱਜਤ ਨੂੰ ਸੈਕੜੇ ਸਾਲ ਫੌਜੀ ਹਮਲਿਆਂ ਨਾਲ ਲੁਟਿਆ ਤੇ ਰਾਜ ਕੀਤਾ| ਪਿਸ਼ਾਵਰ ਨੂੰ ਹਿੰਦੂ ਰਾਜਾ ਚੰਦਰਗੁਪਤ ਮੋਰੀਆ ਸਮੇ ਪਹਿਲੇ ਪਹਿਲ ਗੰਧਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਸ ਦੀ ਰਾਜਧਾਨੀ ਪਰੋਸਪੁਰ ਸੀ| ਬੁੱਧ ਧਰਮ ਦੇ ਬਾਨੀ ਸਿਧਾਰਥ ਗੌਤਮ ਵੇਲੇ ਇਹ ਬਿਹਾਰ ਦੇ ਪੱਟਨਾ ਤੱਕ ‘ਮਗੱਦ ਰਾਜ’ ਸੀ| ਰਾਜਾ ਪੋਰਸ ਸਮੇ ਇਸ ਨੂੰ ਪੋਰਸਪੁਰਾ, ਰਾਜਾ ਅਸ਼ੋਕ ਸਮੇ ਇਸ ਨੂੰ ਪੁਰਸਪੁਰ, ਫਾਹਿਯਾਨ ਨੇ ਇਸ ਨੂੰ ਪਾਰਾਸ਼ਾਵਰ, ਚੀਨੀ ਲੇਖਕ ਹੀਵਾਨ ਸਾਂਗ ਨੇ ਪੋਲੋਸਹਾ ਪੋਲੋ, ਮੁਗਲ ਬਾਦਸ਼ਾਹ ਅੱਕਬਰ ਨੇ ਪੇਸ਼ਆਵਰ, ਮਰਹੱਟਿਆਂ, ਸਿੱਖ ਰਾਜ ਤੇ ਅੰਗਰੇਜ ਦੌਰ ਸਮੇ ਇਸ ਨੂੰ ਪਸ਼ੌਰ ਅਤੇ ਅਜ ਕਲ ਇਸ ਨੂੰ ਪਿਸ਼ਾਵਰ ਹੀ ਕਿਹਾ ਜਾਂਦਾ ਹੈ| 18ਵੀ ਸਦੀ ਤੱਕ ਪਿਸ਼ਾਵਰ, ਕਾਬੁਲ ਦੇ ਅਫਗਾਨ ਸ਼ਾਸ਼ਕਾਂ ਦੀ ਸਿਆਲ ਰੁੱਤ ਦੀ ਰਾਜਧਾਨੀ ਵੀ ਹੁੰਦਾ ਸੀ| ਸਿੱਖ ਮਹਰਾਜਾ ਰੱਣਜੀਤ ਸਿੰਘ ਨੇ ਆਪਣੇ ਇਕ ਸ਼ਹਿਜਾਦੇ ਦਾ ਨਾਂ ਵੀ ‘ਕੰਵਰ ਪਸ਼ੌਰਾ ਸਿੰਘ’ ਰਖਿਆ ਸੀ| ਇੱਤਹਾਸਿਕ ਦਸਤਾਵੇਜਾਂ ਦੇ ਹਵਾਲੇ ਅਨੁਸਾਰ ਲਾਹੌਰ ਸਿੱਖ ਦਰਬਾਰ ਨੇ ਤਿੰਨ ਵਾਰ ਪਸ਼ੌਰ ਉਪਰ ਅਧਿਕਾਰ ਜਮਾਉਣ ਦੀ ਕੋਸਿ਼ਸ ਕੀਤੀ| ਪਸ਼ੌਰ ਨੂੰ ਜਿਤ ਵੀ ਲਿਆ ਪਰ ਨਜਰਾਨਾ ਲੈ ਕੇ ਸਥਾਨਿਕ ਅਫਗਾਨੀ ਕਬੀਲਾ ਬਾਰਕਜਈਆਂ ਦੇ ਅਧੀਨ ਕਰ ਦਿੰਦੇ ਸਨ| ਅੱਫਗਾਨ ਪਠਾਣਾਂ ਦੇ ਬਾਰਕਜਾਈ, ਅਫਰੀਦੀ, ਯੂਸ਼ਫਜਈ, ਔਰਕਜਾਈ, ਪਸ਼ਤੂਨ, ਤਾਜਿਕ, ਹਾਜਾਰਾ, ਉਜਬੇਕ, ਬਲੋਚ, ਕੁਰਦ, ਪਾਮੀਰੀ, ਕਰੀਗਿਜ, ਸਦਾਤ ਆਦਿ ਕਬੀਲੇ ਸਿੱਖ ਮਿਸਲਾਂ, ਭੰਗੀ, ਸ਼ੱਕਰਚੱਕੀਆ, ਕਨੱਹਈਆ, ਰਾਮਗੜੀਆ, ਸਿੰਘਪੁਰੀਆ, ਨਿਸ਼ਾਨਵਾਲੀਆ, ਡੱਲੇਵਾਲੀਆ, ਨਕਈ, ਸ਼ਹੀਦਾਂ ਦੇ ਜਵਾਨਾਂ ਤੇ ਜਰਨੈਲਾਂ ਵਾਂਗ ਸਿਰੇ ਦੇ ਡਾਗਾਂ ਵਰਗੇ ਮਰ ਮਿਟਣ ਵਾਲੇ ਮਰਦ ਹੁੰਦੇ ਸਨ| ਸਿੱਖ ਲੋਕ ਤੇ ਪਠਾਣ ਕੌਮ ਦੁਨਿਆ ਭਰ ਵਿਚ ਬਹਾਦਰ, ਮਿਹਨਤੀ ਤੇ ਜੰਗਜੂ ਕੌਮਾਂ ਹਨ|

ਪਿਸ਼ਾਵਰ ਵਿਚ ਪਠਾਣਾਂ ਦਾ ਬੋਲਬਾਲਾ ਹੈ| ਉਹ ਮੁਸਲਿਮ ਧਰਮ ਨੂੰ ਮੰਨਦੇ ਨੇ ਤੇ ਪਸ਼ਤੋ, ਉਰਦੂ, ਹਿੰਦਕੋ ਬੋਲਦੇ, ਪੜਦੇ ਤੇ ਲਿਖਦੇ ਹਨ| ਸਿੱਖ ਧਰਮ ਨੂੰ ਮੰਨਣ ਵਾਲੇ ਤੇ ਪੰਜਾਬੀ ਬੋਲਣ ਵਾਲੇ ਵੀ ਟਾਵੇ ਟਾਵੇ ਹਨ| ਪਿਸ਼ਾਵਰ ਦੇ ਗੜ੍ਹ ਨਮਕ ਮੰਡੀ ਦੇ ਮੁਹੱਲਾ ਜੋਗਨ ਸ਼ਾਹ ਵਿਚ ਸਿਖਾਂ ਦਾ ਇਤਹਾਸਿਕ ਤੇ ਸ਼ਾਨਦਾਰ ਸਿੱਖ ਗੁਰਦਵਾਰਾ ਭਾਈ ਜੋਗਾ ਸਿੰਘ ਮੌਜੂਦ ਹੈ| ਕਿਲਾ ਜਮਰੌਦ ਵਿਖੇ ਬਹਾਦਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਸਮਾਧ ਤੇ ਗੁਰਦਵਾਰਾ ਹੈ| ਗੁਰਦਵਾਰਾ ਭਾਈ ਬੀਬਾ ਸਿੰਘ ਜੁਗੀਵਾੜਾ ਵਿਖੇ ਹੈ| ਸੰਨ 1831 ਵਿਚ ਪਸ਼ੌਰ ਨੂੰ ਸਿੱਖ ਰਾਜ ਵਿਚ ਸ਼ਾਮਲ ਕਰਨ ਸਮੇ ਸ਼ੇਰੇ ਪੰਜਾਬ ਮਹਾਰਾਜਾ ਰੱਣਜੀਤ ਸਿੰਘ ਨੇ ਪੰਜਾਬ ਦੇ ਹੋਰ ਸ਼ਹਿਰਾਂ ਤੋ ਸਿਖਾਂ, ਹਿਦੰੂਆਂ ਤੇ ਮੁਸਲਮਾਨਾਂ ਨੂੰ ਪਸ਼ੌਰ ਵਿਚ ਵੱਸਣ ਲਈ ਬੜੀ ਖੁੱਲਦਿਲੀ ਵਿਖਾਈ ਜਿਸ ਨਾਲ ਪਸ਼ੌਰ ਥੋੜੇ ਸਮੇ ਵਿਚ ਹੀ ਵਪਾਰ ਪੱਖੋ ਉਤਰ ਦਾ ਨਾਮੀ ਸ਼ਹਿਰ ਬਣ ਗਿਆ ਸੀ| ਪਿਸ਼ਾਵਰ ਵੈਲੀ ਦਾ ਇਲਾਕਾ ਬਹੁੱਤ ਉਪਜਾਊ ਤੇ ਜਰਖੇਜ ਹੋਣ ਕਰਕੇ ਸਰਕਾਰ-ਏ-ਖਾਲਸਾ ਨੂੰ ਵੱਡੀ ਆਮਦਨ ਵੀ ਹੋਣ ਲਗੀ|

ਸੰਨ 1839 ਵਿਚ ਸ਼ੇਰੇ ਪੰਜਾਬ ਮਹਾਰਾਜਾ ਰੱਣਜੀਤ ਸਿੰਘ ਦੀ ਮੌਤ ਤੋ ਥੋੜੇ ਸਮੇ ਬਾਦ ਅੰਗਰੇਜਾਂ ਨੇ ਬਾਕੀ ਹਿੰਦੋਸਤਾਨ ਦੀਆਂ ਦੇਸੀ ਰਿਆਸਤਾਂ ਵਾਂਗ ਼ਖਾਲਸਾ ਰਾਜ ਨੂੰ ਵੀ ਅੰਗਰੇਜੀ ਭਾਰਤੀ ਰਾਜ ਵਿਚ ਮਿਲਾ ਲਿਆ ਗਿਆ ਸੀ| ਲੰਡਨ ਦੀ ਅੰਗਰੇਜ ਈਸਟ ਇੰਡੀੰਆ ਕੰਪਨੀ ਦੀ ਹਕੂਮਤ ਨੇ ਭਾਰਤ ਦੀਆਂ 565 ਰਿਆਸਤਾਂ ਦੇ ਰਾਜੇ, ਮਹਾਰਾਜੇ, ਨਵਾਬਾਂ, ਠਾਕੁਰਾਂ ਨੂੰ ਆਪੋ ਆਪਣੀਆਂ ਰਿਆਸਤਾਂ ਵਿਚ ਕੁੱਝ ਲਗਾਨ ਜਾਂ ਕਰ ਦੇ ਬਦਲੇ ਆਪਣੀ ਪਰਜਾ ਉਪਰ ਹਕੂਮਤ ਕਰਨ ਦਾ ਅਧਿਕਾਰ ਦਿਤਾ ਗਿਆ| ਸੰਨ 1849 ਵਿਚ ਸਿਰਫ ਪੰਜਾਬ ਰਾਜ ਜਾਂ ਖਾਲਸਾ ਸਰਕਾਰ ਨੂੰ ਅੰਗਰੇਜ ਹਕੂਮਤ ਨੇ ਖਤਮ ਕਰਕੇ ਸਿਧਾ ਆਪਣੇ ਅਧਿਕਾਰ ਖੇਤਰ ਹੇਠ ਲੈ ਕੇ ਨੌਜਵਾਨ ਮਹਾਰਾਜਾ ਪੰਜਾਬ ਨੂੰ ਦੇਸ਼ ਨਿਕਾਲਾ ਦੇ ਕੇ ਇੰਗਲੈਡ ਲੈ ਗਏ ਸੀ|

ਸੰਨ 1947 ਵਿਚ ਅੰਗਰੇਜਾਂ ਅਧੀਨ ਬਰੀਟਿਸ ਭਾਰਤ ਦੀ ਵੰਡ ਹੋਈ ਤੇ ਇਕ ਨਵੇ ਮੁਸਲਿਮ ਮੁਲਕ ਪਾਕਿਸਤਾਨ ਦਾ ਜਨਮ ਹੋਇਆ| ਸ਼ੇਰੇ ਪੰਜਾਬ ਮਹਾਰਾਜਾ ਰੱਣਜੀਤ ਸਿੰਘ ਦਾ ਅਣਖੀਲਾ ਸਿੱਖ ਰਾਜ ਦੇਸ਼ ਪੰਜਾਬ ਲਹੂ ਲੂਹਾਣ ਹੋ ਕੇ ਵੰਡਿਆ ਗਿਆ| ਪਿਸ਼ਾਵਰ ਪਾਕਿਸਤਾਨ ਦੇਸ਼ ਦਾ ਹਿਸਾ ਬਣਿਆ ਜੋ ਹੁਣ ਇਸ ਮੁਲਕ ਦਾ 6ਵਾਂ ਵੱਡਾ ਸ਼ਹਿਰ ਹੈ ਅਤੇ ਖੈਬਰ ਪੱਖਤੂਨਵਾ ਸੂਬੇ ਦਾ ਡਵੀਜਨ ਵੀ ਹੈ ਜਿਸ ਵਿਚ ਚਾਰਸਾਦਾ, ਨੌਸ਼ਹਿਰਾ, ਹੋਤੀ ਮਰਦਾਨ ਤੇ ਹਜਾਰਾ ਜਿਲੇ ਹਨ| ਪਿਸ਼ਾਵਰ, ਲਾਹੌਰ ਤੇ ਦਿ਼ਲੀ ਵਾਂਗ ਇਕ ਚਾਰ ਦਿਵਾਰੀ ਅੰਦਰ ਸ਼ਹਿਰ ਹੈ ਜਿਸ ਵਿਚ ਇਲਾਕਾ ਸ਼ਾਹ ਆਲਮ, ਮਥਰਾ, ਚੱਮਕਨੀ, ਬੜਾਭੇਰ, ਪਸ਼ਤਾਖਾਰਾ, ਮਰਾਵੱਤ, ਡੇਰਾ ਇਸਮਾਈਲਖਾਨ, ਹਜਾਰਾ, ਹਰੀਪੁਰ, ਕੋਹਾਟ, ਮਾਲਾਕੰਦ, ਚਿਤਰਾਲ, ਸਵਾਤ, ਮਰਦਾਨ, ਚਾਰਸਾਦਾ, ਖੈਬਰ ਦਾ ਪਹਾੜੀ ਖੇਤਰ ਹੈ| ਪਿਸ਼ਾਵਰ ਪਾਕਿਸਤਾਨ ਦੇ ਨੈਸ਼ਨਲ ਹਾਈਵੇ 5 ਤੇ ਪੁਰਾਣੀ ਜੀ ਟੀ ਰੋਡ, ਪਿਸ਼ਾਵਰ-ਦਿਲੀ, ਜੋ ਸ਼ੇਰ ਸ਼ਾਹ ਸੂਰੀ ਨੇ 17ਵੀ ਸਦੀ ਵਿਚ ਬਣਵਾਈ ਸੀ ਉਪਰ ਸਥਿਤ ਹੈ| ਰਾਵਲਪਿੰਡੀ-ਇਸਲਾਮਾਬਾਦ ਤੋ ਪਿਸ਼ਾਵਰ 198 ਕਿਲੋਮੀਟਰ ਦਾ ਸਫਰ, ਹਸਨ ਅਬਦਾਲ, ਅੱਟਕ, ਨੌਸਿ਼ਹਰਾ ਤੇ ਤਰਨਾਬ ਫਾਰਮ ਹੁੰਦੇ ਹੋਏ ਹੈ| ਪਿਸ਼ਾਵਰ ਹਾਈਵੇ ਉਪੱਰ ਡਾਈਵੂ ਬੱਸ, ਫੈਸਲ ਮੂਵਰਜ, ਬਿਲਾਲ ਟਰੈਵਲ, ਨਿਆਜੀ ਐਕਸਪਰੈਸ ਦੀਆਂ ਵੋਲਵੋ ਤੇ ਮਰਸੀਡਿਜ ਦੀਆਂ ਸ਼ਾਨਦਾਰ ਨਵੀਆਂ ਜਹਾਜਾਂ ਵਰਗੀਆਂ ਏਅਰਕੰਡੀਸ਼ਨ ਬੱਸਾਂ ਹਰ 20 ਮਿੰਟ ਬਾਦ ਰਾਵਲਪਿੰਡੀ ਤੇ ਇਸਲਾਮਾਬਾਦ ਤੋ ਸੁਖਾਲੀਆਂ ਹੀ ਮਿਲ ਜਾਂਦੀਆਂ ਹਨ| ਇਨ੍ਹਾਂ ਸ਼ਾਨਦਾਰ ਤੇ ਅਰਾਮਦਾਇਕ ਬੱਸਾਂ ਦੇ ਡਰਾਈਵਰ ਵਰਦੀਧਾਰੀ ਜਵਾਨ ਹੁੰਦੇ ਹਨ ਜਦੋ ਕਿ ਕੰਡਟਕੱਟਰ ਖੂਬਸੂਰਤ ਪਾਕਿਸਤਾਨੀ ਮੁਟਿਆਰਾਂ ਹੰੁਦਿਆਂ ਹਨ ਜੋ ‘ਅੱਲਾ ਪਾਕਿ’ ਦੀਆਂ ਆਇਤਾਂ ਨਾਲ ਬੱਸ ਦਾ ਸਫਰ ਸੁਰੂ ਕਰਦੀਆਂ ਹਨ|

ਪਿਸ਼ਾਵਰ ਤੋ ਅਫਗਾਨਿਸਤਾਨ ਦੀ ਰਾਜਧਾਨੀ ‘ਕਾਬੁਲ’, ਜਲਾਲਾਬਾਦ ਹਾਈਵੇ ਰਾਹੀ, ਅਫਗਾਨਿਸਤਾਨ ਦੇ ‘ਤੋਰਖਾਮ ਬਾਰਡਰ’ ਅਤੇ ਸੂਬੇ ਨੰਗਹਾਰ ਵਿਚੋ ਹੁੰਦਾ ਹੋਇਆ 285 ਕਿਲੋਮੀਟਰ ਹੈ| ਪਿਸ਼ਾਵਰ ਦੇ ਏਅਰਪੋਰਟ ਦਾ ਨਾਮ ‘ਬੱਚਾ ਖਾਨ ਅੰਤ੍ਰਰਾਸ਼ਟਰੀ ਏਅਰਪੋਰਟ’ ਹੈ ਜੋ ਸ਼ਹਿਰ ਤੋ 17 ਕਿਲੋ ਮੀਟਰ ਬਾਹਰ ਹੈ| ਕਾਰਖਾਨੋ ਮਾਰਕੀਟ ਸ਼ਹਿਰ ਤੋ 10 ਕਿਲੋ ਮੀਟਰ ਹੈ| ਪਿਸ਼ਾਵਰ ਵਿਚ ਦੇਖਣ ਯੋਗ ਥਾਵਾਂ ਵਿਚ ਕਿਸਾ ਖਾਵਨੀ ਬਜਾਰ, ਸੁਨਿਹਰੀ ਮਸਜਿਦ, ਮਿਊਜੀਅਮ, ਨਮਕ ਮੰਡੀ ਦੇ ਖਾਣੇ, ਬਾਲਾਹਿਸਾਰ ਕਿਲਾ, ਸੇਠੀ ਹਾਊਸ, ਘੰਟਾ ਘਰ, ਇਸਲਾਮੀਆ ਕਾਲਜ ਆਦਿ ਹਨ| ਪਿਸ਼ਾਵਰ ਦੇ ਇਸਲਾਮੀਆ ਕਾਲਜ ਦੀ ਵੱਡੀ ਲਾਜਵਾਬ ਇਮਾਰਤ, ਵਿਸ਼ਾਲ ਖੇਡ ਮੈਦਾਨ, ਹਰੇ ਭਰੇ ਫੁਲਾਂ ਦੇ ਬਗੀਚੇ, ਕਲਾਸਾਂ ਦੇ ਸ਼ਾਨਦਾਰ ਖੁੱਲੇ ਹਵਾਦਾਰ ਕਮਰੇ, ਕਮਾਲ ਦੇ ਡਾਟਾਂ ਵਾਲੇ ਬਰਾਂਮਦੇ, ਪੱਕੀਆਂ ਇੱਟਾਂ ਨਾਲ ਬਣੇ ਮਾਹਿਰ ਕਾਰੀਗਰਾਂ ਤੇ ਮਿਸਤਰੀਆਂ ਦੀ ਅਦਭੁਤ ਕਲਾ ਦੀ ਵੱਖਰੀ ਪਛਾਣ ਹਨ| ਪਿਸ਼ਾਵਰ ਦੇ ਖਾਣਿਆਂ ਵਿਚੋ ਪਿਸ਼ਾਵਰੀ ‘ਚੱਪਲ ਕਬਾਬ’ ਜੋ ਦੇਖਣ ਵਿਚ ਬੜਾ ‘ਲੰਮ ਤੂਤਰਾ’ ਜਿਹਾ ਹੈ ਪਰ ਸੁਆਦ ਬਿਲਕੁਲ ਵੱਖਰਾ ਤੇ ਨਿਆਰਾ ਹੈ| ਪਿਸ਼ਾਵਰ ਦਾ ਠੰਡਾ ‘ਫਲੂਦਾ ਕੱੁਲਫਾ’ ਵੀ ਹਰ ਮੌਸਮ ਵਿਚ ਬੜੇ ਸੁਆਦ ਨਾਲ ਖਾਧਾ ਪੀਤਾ ਜਾਂਦਾ ਹੈ| ਪਿਸ਼ਾਵਰ ਦੇ ਇਸਲਾਮੀਆ ਕਾਲਜ ਯੂਨੀਵਰਸਿਟੀ ਦਾ ਨਕਸ਼ਾ ਅੰਗਰੇਜ ਦੌਰ ਵਿਚ ਪ੍ਰਸਿਧ ਸਿੱਖ ਆਰਕੀਟੈਕਟ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਖਾਲਸਾ ਕਾਲਜ ਨਾਲ ਕਾਫੀ ਮੇਲ ਖਾਂਦਾ ਹੈ| ਪਿਸ਼ਾਵਰ ਰੇਲਵੇ ਸ਼ਟੇਸ਼ਨ ਤੋ ਲੰਡੀ ਕੋਤਲ ਰਾਹੀ ਦਰਾ ਖੈੇਬਰ ਤੱਕ ਅੰਗਰੇਜਾਂ ਦੀ ਵਿਛਾਈ ਹੋਈ ਰੇਲਵੇ ਲਾਈਨ ਵੀ ਹੈ| ਮੇਰਾ ਇਕ ਬਹੁਤ ਕਰੀਬੀ ਰਿਸ਼ਤੇਦਾਰ ਮੈਲੀ ਗਰੇਵਾਲ ਭਾਰਤੀ ਏਅਰਫੋਰਸ ਵਿਚ ਫਲਾਈਟ ਲੈਫਟੀਨੈਟ ਸੀ ਜੋ ਭਾਰਤ ਪਕਿਸਤਾਨ ਦੀ ਜੰਗ ਸਮੇ ਹਵਾਈ ਬੰਬਾਰੀ ਕਰਨ ਗਿਆ ਉਥੇ ਹੀ ਜਹਾਜ ਡਿੱਗਣ ਕਰਕੇ ਫੱਸ ਗਿਆ ਤੇ ਬਾਦ ਵਿਚ ਇਸੇ ਲੰਡੀ ਕੋਤਲ ਦੇ ਰੇਲਵੇ ਸ਼ਟੇਸ਼ਨ ਤੋ ਫੜਿਆ ਗਿਆ ਸੀ|

ਖੇਤੀਬਾੜੀ ਤੇ ਖੁਸ਼ਕ ਮੇਵਿਆਂ ਲਈ ਪਿਸਾ਼ਵਰ ਵੈਲੀ ਦਾ ਆਪਣਾਂ ਨਾਂ ਹੈ| ਦਰਿਆ ਖੈਬਰ, ਕੂਨਾਰ ਤੇ ਬਾੜਾ ਖੈਬਰ ਵੈਲੀ ਦੇ ਬਾਗਾਂ ਤੇ ਫਸਲਾਂ ਨੂੰ ਪਾਣੀ ਦਾ ਸਰੋਤ ਹਨ| ਮੇਰੇ ਇਕ ਪੱਠਾਣ ਦੋਸਤ, ਕਬੱਡੀ ਦੇ ਆਫੀਸਲ ਤਰਨਾਬ ਫਾਰਮ ਇਲਾਕੇ ਦੇ ਜਿਮੀਦਾਰ ਜਨਾਬ ਅਰਬਾਬ ਨਸੀਰ ਖਾਨ ਦੇ ਰਾਜਮਾਹਾਂ ਦਾ ਸਵਾਦ ਨਹੀ ਭੁਲਦਾ, ਜਿਨ੍ਹਾਂ ਨੂੰ ਉਹ ‘ਕਲੂਸ’ ਕਹਿੰਦੇ ਹਨ| 15 ਸਾਲ ਪਹਿਲਾਂ ਮੈ ਲਾਹੌਰ ਦੇ ਸ਼ੇਰਾਂ ਵਾਲੇ ‘ਚਾਂਦ ਪਹਿਲਵਾਨ’ ਦੇ ਵਿਆਹ ਪਿਸ਼ਾਵਰ ਗਿਆ| ਕੁੜੀ ਵਾਲੇ ਅਫਗਾਨਿਸਤਾਨ ਦੇ ‘ਮਜਾਰੇ ਸ਼ਰੀਫ’ ਸ਼ਹਿਰ ਦੇ ਸ਼ਾਹੀ ਅਫਗਾਨ ਬਾਰਕਜਾਈ ਪਠਾਣ ਕਬੀਲੇ ਪ੍ਰੀਵਾਰ ਵਿਚੋ ਸਨ| ਉਨ੍ਹਾਂ ਦੇ ਬਜੁਰਗ ਜਨਾਬ ਫਤਿਹ ਖਾਨ ਨੇ ਬੜੀ ਨਿਮਰਤਾ ਤੇ ਸਤਿਕਾਰ ਨਾਲ ਸਿੱਖ ਸਰਦਾਰਾਂ ਤੇ ਫੌਜਿਆਂ ਦੀ ਬਹਾਦਰੀ ਦੀਆਂ ਬਾਤਾਂ ਸੁਣਾਈਆਂ ਜਿਸ ਨਾਲ ਮੇਰਾ ਕੱਦ ਉਸ ਵਿਆਹ ਵਿਚ ਬੜਾ ਉਚਾ ਸੁੱਚਾ ਰਿਹਾ| ਪਿਸ਼ਾਵਰੀ ਬਜੁਰਗ ਦਾ ਕੱਦ ਕਾਠ ਵੀ ਪੁਰਾਣੇ ਸਿੱਖ ਸਰਦਾਰਾਂ ਦੇ ਮੇਚ ਦਾ ਸੀ ਪਰ ਉਸ ਦੇ ਗਿੱਠ ਗਿੱਠ ਲੰਮੇ ਕੰਨ ਬੜੇ ਅਜੀਬ ਸਨ| ਖਾਨ ਸਾਹਿਬ ਨੇ ਇਹ ਵੀ ਦਸਿਆ ਕਿ ਸਾਡੇ ਕਬੀਲਿਆਂ ਕੋਲ ਸਿੱਖ ਰਾਜ ਦੀਆਂ ਫਾਰਸੀ ਵਿਚ ਲਿਖੀਆਂ ‘ਸੰਨਦਾਂ’ ਵੀ ਸਾਂਭ ਕੇ ਰਖੀਆਂ ਹੋਇਆਂ ਹਨ|
ਇਸੇ ਪੱਠਾਣਾਂ ਦੇ ਪਿਸ਼ਾਵਰ ਸ਼ਹਿਰ ਦੇ ਉਤਰ ਵਿਚ ‘ਤੋਰਖਾਮ ਹਾਈਵੇ’ ਉਪੱਰ ਼ਦੁਨਿਆ ਦਾ ਇਕ ਅਨੋਖਾ ਖੁੱਲਾ, ਸ਼ੌਪਿੰਗ ਸੈਟਰ ‘‘ਕਾਰਖਾਨੋ ਮਾਰਕੀਟ” ਹੈ ਜਿਸ ਨੂੰ ‘ਬਾੜਾ ਬਾਜਾਰ’ ਵੀ ਕਿਹਾ ਜਾਂਦਾ ਹੈ| ਇਸ ਕਾਰਖਾਨੋ ਮਾਰਕੀਟ ਤੋ ਅੱਗੇ ਪਾਕਿਸਤਾਨ ਦਾ ‘ਟਰਾਈਬਲ ਏਰੀਆ’ ਸ਼ੁਰੂ ਹੋ ਜਾਂਦਾ ਹੈ, ਜਿਥੇ ਨਾ ਕੋਈ ਦੀਵਾਰ ਹੈ, ਨਾ ਕਿਸੇ ਚੈਕ ਪੋਸਟ ਦਾ ਨਾਂ ਨਿਸ਼ਾਨ ਹੈ, ਕਿਧਰੇ ਕੰਡਿਆਂ ਵਾਲੀ ਤਾਰ ਵੀ ਨਹੀ, ਨਾ ਹੀ ਕੋਈ ਵਰਦੀ ਵਾਲਾ ਫੌਜੀ ਜਾਂ ਪੁਲੀਸ ਦਾ ਸਿਪਾਹੀ ਹੈ, ਬਸ ਇਕ ਟੱੁਟਿਆ ਜਿਹਾ ਲੋਹੇ ਦਾ ਪਾਈਪ ਟੇਡਾ ਜਿਹਾ ਖੱੜਾ ਹੈ| ਇਸ ਤੋ ਅਗਲੀ ਧਰਤੀ ਮਾਂ ਨੂੰ “ਨੋ ਮੈਨ ਲੈਡ” ਕਿਹਾ ਜਾਂਦਾ ਹੈ| ਇਸ ‘ਨੋ ਮੈਨ ਲੈਡ’ ਵਿਚ ਕਿਸੇ ਸਰਕਾਰ ਜਾਂ ਹਕੂਮਤ ਦਾ ਹੁੱਕਮ ਨਹੀ ਚਲਦਾ| ਵੱਖੋ ਵੱਖ ਕੱਬੀਲਿਆਂ ਦਾ ਆਪਣਾ ਰਾਜ ਹੈ ਜੋ ਕਦੀ ਭਾਰਤ ਵਿਚ ਦੇਸੀ ਰਿਆਸਤਾਂ ਸਮੇ ਹੁੰਦਾ ਸੀ| ਇਸ ਇਲਾਕੇ ਵਿਚ ਕੋਈ ਚੰਗੀ ਮਾੜੀ ਵਾਰਦਾਤ ਹੋ ਜਾਵੇ ਤਾਂ ਕਿਤੇ ਕੋਈ ਸੁਣਵਾਈ ਨਹੀ| ਇਸ ਨੋ ਮੈਨ ਲੈਡ ਦੇ ਬਜਾਰਾਂ ਵਿਚ ਹਰ ਤਰਾਂ ਦਾ ਦੇਸੀ ਬਦੇਸ਼ੀ ਅਸਲਾ, ਬਾਰੂਦ, ਪਿਸਟਲ, ਬੰਦੂਕ, ਏ ਕੇ-47, ਕਲਾਸ਼ਕੋਵ ਤੱਕ ਸਭ ਕੁੱਝ ਅਸਲੀ ਤੇ ਨਕਲੀ ਮਿਲਦਾ ਤੇ ਵਿਕਦਾ ਹੈ| ਇਥੇ ਕੋਈ ਅਸਲੇ ਦੀ ਫੈਕਟਰੀ ਨਹੀ, ਪਰ ਸੰਦ ਬਨਾਉਣ ਵਾਲੇ ਦੇਸੀ ਪੱਠਾਣ ਕਾਰੀਗਰਾਂ ਦੀ ਮੁਹਾਰਤ ਇੰਨੀ ਹੱਦ ਤੱਕ ਹੈ ਕਿ ਅਸਲੀ ਨਕਲੀ ਦੀ ਪੱਰਖ ਹੀ ਨਹੀ ਹੁੰਦੀ| ਕਈ ਹਥਿਆਰਾਂ ਵਿਚ ਨਕਲੀ ਹਥਿਆਰ ਅਸਲੀਆਂ ਨਾਲੋ ਵੱਧ ਸਾਫ ਸੁਥਰੇ ਲਗਦੇ ਹਨ| ਮੇਰੇ ਮੇਜਬਾਨ ਪਾਕਿਸਤਾਨ ਏਅਰ ਫੋਰਸ ਦੇ ਅਫਸਰ ਜਨਾਬ ਅਬਰਾਰ ਖਾਨ ਵੀ ਦੇਖ ਕੇ ਦੰਗ ਰਹਿ ਗਏ| ਇਹ ਪਠਾਣ ਦੁਕਾਨਦਾਰ ਦੋ ਨੰਬਰ ਦਾ ਅਸਲਾ ਪਾਕਿਸਤਾਨ, ਅਫਗਾਨਿਸਤਾਨ ਵਿਚ ਪਹੁੰਚਦਾ ਕਰਨ ਦੀ ਵੀ ਜਿੰਮੇਵਾਰੀ ਲੈਦੇ ਹਨ| ਦੁਨਿਆ ਦੀ ਹਰ ਕਰੰਸੀ ਤੇ ਨੋਟ ਇਥੇ ਚਲਦਾ ਹੈ ਪਰ ਅਮਰੀਕੀ ਡਾਲਰ ਝੋਟੇ ਦਾ ਸਿਰ ਹੈ| ਪਿਸ਼ਾਵਰ ਦੇ ਬਾੜਾ ਬਾਜਾਰ ਵਿਚ ਪੁਰਾਣੇ ਸਮਿਆਂ ਤੋ ‘ਤੋਪਾਂ-ਗੋਲਿਆਂ-ਗੰਨਾਂ ਤੋ ਲੈ ਕੇ, 32 ਬੋਰ-ਏ ਕੇ47-ਕਲਾਸ਼ਨਕੋਵ’ ਤੱਕ ਸਭ ਕੁੱਝ ਮਿਲਦਾ ਹੈ ਜਦੋ ਕਿ ਨਵੇ ਦੌਰ ਦੀ ‘ਕਾਰਖਾਨੋ ਮਾਰਕੀਟ’ ਵਿਚ ‘ਐਪਲ-ਸਕੈਚਰ-ਕੈਮਰੈ ਤੋ ਲੈ ਕੇ ‘ਗੂਚੀ-ਗੈਸ-ਪਰਾਡਾ’ ਸਭ ਕੁੱਛ ਵਿਕਦਾ ਹੈ|

ਪਿਸ਼ਾਵਰ ਦੀ ‘ਕਾਰਖਾਨੋ ਮਾਰਕੀਟ’ ਸੰਨ 1985 ਵਿਚ, ਪੱਛਮ ਵਲ ਖੈਬਰ ਟਰਾਈਬਲ ਜਿਲਾ ਵਿਖੇ ਖੜੀ ਕੀਤੀ ਗਈ ਸੀ ਜੋ ਹੁਣ ਕਈ ਮੀਲਾਂ ਵਿਚ ਖੁੱਲੇ ਅਸਮਾਨ ਥੱਲੇ ਫੈਲ ਗਈ ਹੈ, ਜਿਸ ਵਿਚ ਯੂਨਾਈਟਿਡ ਪਲਾਜਾ, ਸ਼ਾਹ ਸ਼ੌਪਿੰਗ ਸੈਟਰ, ਜੀ ਬੀ ਮਾਰਕੀਟ, ਸ਼ਾਹੀਨ ਮਾਰਕੀਟ, ਆਮੀਨ ਮਾਰਕੀਟ, ਅਲ-ਹੱਜ ਮਾਰਕੀਟ, ਕਾਬੁਲ ਸ਼ੌਪਿੰਗ ਪਲਾਜਾ, ਖੈਬਰ ਮਾਰਕੀਟ, ਸਿ਼ਨਵਾਰੀ ਮਾਰਕੀਟ, ਅਫਰੀਦੀ ਮਾਰਕੀਟ ਆਦਿ ਸੈਕੜੇ ਨਹੀ ਹਜਾਰਾਂ ਛੋਟੀਆਂ ਛੋਟੀਆਂ ਦੁਕਾਨਾਂ ਹਨ, ਜਿਥੇ ਦੁਨੀਆ ਭਰ ਤੋ ਖਾਸਕਰ ਚੀਨ ਦਾ ਬਣਿਆ ਹਰ ਤਰਾਂ ਦਾ ਘਰੇਲੂ ਸਮਾਨ, ਫੈਸਨ ਲਿਪਾਪੋਚੀ, ਬਿਜਲਈ ਉਪੱਕਰਨ, ਮੋਬਾਇਲ ਫੋਨ, ਕੰਬਲ, ਕੈਮਰੇ, ਕਾਰਪੈਟ, ਬੂਟ ਤੇ ਜੁਤਿਆਂ ਆਦਿ ਬੜੇ ਵਾਜਿਬ ਭਾ ਸਿਰ ਅਸਲੀ ਨਕਲੀ ਮਿਲਦਾ ਤੇ ਵਿਕਦਾ ਹੈ| ਕਾਰਖਾਨੋ ਮਾਰਕੀਟ ਵਿਚ ਯੂਨਾਈਟਿਡ ਪਲਾਜਾ ਦੀ 1 ਨੰਬਰ ਦੁਕਾਨ ਦੇ ਮਾਲਕ ਪਿਸ਼ਾਵਰੀ ਸਿੱਖ ਸਰਦਾਰ ਮਨਜੀਤ ਸਿੰਘ ਤੇ ਰਕਬੀਰ ਸਿੰਘ ਨੇ ਜਾਣਕਾਰੀ ਦਿਤੀ ਕਿ ਇਸ ਮਾਰਕੀਟ ਵਿਚ 4500 ਤੋ 5000 ਦੇ ਲੱਗਭੱਗ ਦੁਕਾਨਾਂ ਹਨ ਜਿਨ੍ਹਾਂ ਸੱਭ ਦੇ ਮਾਲਕ ਪਸ਼ਤੂਨ ਵਪਾਰੀ ਹਨ| ਕਾਰਖਾਨੋ ਦਾ ਮਤਲਬ ਪਸ਼ਤੂਨ ਭਾਸ਼ਾ ਵਿਚ ਇੰਡਸਟਰੀ ਹੈ| ਸੜਕ ਦੇ ਖੱਬੇ ਹੱਥ ਭਾਂਤ ਭਾਤ ਦੀਆਂ ਸੈਕੜੇ ਛੋਟੀਆਂ ਫੈਕਟਰੀਆਂ ਤੇ ਵੱਡੀਆਂ ਇੰਡਸਟਰੀਜ ਹਨ ਜਿਸ ਨੂੰ ‘ਹੈਯਤਾਬਾਦ ਇੰਡਸਟਰੀ ਇਸਟੇਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਸੱਜੇ ਹੱਥ ਯੂਨਾਈਟਿਡ ਪਲਾਜਾ ਅੰਦਰ ਪਿਸ਼ਾਵਰੀ ਸਿੰਘਾਂ ਦੀ ਦੁਕਾਨ ਕੌਸਮੈਟਿਕ ਤੇ ਜਿਊਲਰੀ ਸੈਟਰ ਵਿਚ ਮਾੜੇ ਏਅਰਪੋਰਟ ਦੀ ‘ਡਿਊਟੀ ਫਰੀ ਸ਼ੌਪ’ ਨਾਲੋ ਵੱਧ ਸਾਮਾਨ ਪਿਆ ਹੈ| ਇਸ ਕਾਰਖਾਨੋ ਮਾਰਕੀਟ ਵਿਚ 50 ਕੂ ਪਿਸ਼ਾਵਰੀ ਸਿੱਖ ਸਰਦਾਰਾਂ ਦੀਆਂ ਵੀ ਭਾਂਤ ਭਾਂਤ ਦੀਆਂ ਦੁਕਾਨਾਂ ਹਨ| ਅਫਗਾਨਿਸਤਾਨ ਦੇ ਰਸਤੇ ਹਰ ਤਰਾਂ ਦਾ ਵਲੈਤੀ ਸਮਾਨ ਸਮੱਗਲ ਹੋ ਕੇ ਕਾਰਖਾਨੋ ਮਾਰਕੀਟ ਦੇ ਟੀਨਾਂ ਦੀ ਛੱਤ ਵਾਲੇ, ਸ਼ੰਗਾਰੇ ਹੋਏ ਦੇਸੀ ਪਲਾਜਿਆਂ ਵਿਚ ਬੜੀ ਵਾਜਿਬ ਕੀਮਤ ਨਾਲ ਮਿਲ ਜਾਂਦਾ ਹੈ| ‘ਮੋਰਾ’ ਸਪੇਨ ਦਾ ਬਣਿਆ ਲਾਜਵਾਬ ਸ਼ਾਨਦਾਰ ਗਰਮ ਕੰਬਲ ਜੋ ਲਾਹੌਰ ਦੇ ਪੌਸ਼ ਗੁਲਬਰਗ ਮਾਰਕੀਟ ਦੇ ‘ਅੱਲ ਫਤੇਹ’ ਤੇ ‘ਹਾਜੀ ਕਰੀਮ ਬਖ਼ਸ਼’ (ਐਚ ਕੇ ਬੀ) ਦੇ ਸਟੋਰਾਂ ਵਿਚ ਬੱਹੁਤ ਮਹਿੰਗਾ ਲੱਭਦਾ ਹੈ ਉਹ ਇਥੇ ਬੱੜਾ ਸੱਸਤਾ ਮਿਲ ਜਾਂਦਾ ਹੈ| ਇਕ ਸਾਲ ਮੈ ਲਾਹੌਰ ਦੀ ਮਾਲ ਰੋਡ ਉਪਰ ‘ਰਾਡੋ’ ਘੜੀ ਦੀ ਕੀਮਤ ਦੋ ਲੱਖ ਦਿਤੀ| ਅਗਲੇ ਸਾਲ ਪਿਸ਼ਾਵਰ ਦੀ ਬਾੜਾ ਮਾਰਕੀਟ ਵਿਚੋ ਸਮਗਲ ਹੋ ਕੇ ਆਈਆਂ ਰਾਡੋ ਦੀਆਂ ਖੂਬਸੂਰਤ ਕਾਲੀਆਂ ਘੜੀਆਂ ਉਸੇ ਕੀਮਤ ਵਿਚ 10 ਲਈਆਂ ਜੋ ਦੋਸਤ ਅਫਸਰਾਂ ਤੇ ਰਿਸ਼ਤੇਦਾਰਾਂ ਦੇ ਕੰਮ ਆਈਆਂ| ਜੋ ਰਹਿ ਗਏ ਉਹ ਹੁਣ ਤੱਕ ਵੀ ਮੰਗੀ ਜਾਂਦੇ ਹਨ| ਸਿੱਖਾਂ ਦਾ ‘ਪਸ਼ੌਰ’ ਤੇ ਪੱਠਾਣਾਂ ਦਾ ‘ਪਿਸ਼ਾਵਰ’, ਲਾਹੌਰੀ ਪੰਜਾਬੀਆਂ ਦੀ ਆਨ ਸ਼ਾਨ, ਸਦਾ ਚੜਦੀ ਕਲਾ ਵਿਚ ਰਹੇ|

ਪਿਸ਼ਾਵਰ ਦੇ ਬਾਰੇ ਸਮਕਾਲੀ ਕਵੀ ਕਾਦਰ ਯਾਰ ਕੀ ਲਿਖਦਾ:
ਅਲਫ ਆ ਪਿਸ਼ਾਵਰ ਦੇ ਵਿਚ ਯਾਰੋ, ਹਰੀ ਸਿੰਘ ਯੋਧਾ ਰਾਜ ਕਮਾਉਣ ਲਗਾ|
ਗਜਬ ਨਾਕ ਅਫਗਾਨ ਪੱਕੇ, ਵਿਚੋ ਸੂਈ ਦੇ ਨੱਕੇ ਲੰਘਾਉਣ ਲਗਾ|
ਨਾਲ ਨੋਕ-ਸੰਗੀਨ ਮਹੀਨ ਕਰਕੇ, ਦੇਖੋ ਆਪਣੀ ਈਨ ਮਨਾਉਣ ਲੱਗਾ |
ਕਾਦਰਯਾਰ ਦਲੇਰੀ ਦੇ ਕੰਮ ਕਰ ਕੇ, ਨਾਮ ਸਿੱਖਾਂ ਦਾ ਰੋਸ਼ਨ ਕਰਾਉਣ ਲਗਾ|

ਫੋਟੋ ਤੇ ਵੇਰਵਾ: ਸੰਤੋਖ ਸਿੰਘ ਮੰਡੇਰ