Headlines

ਸਰੀ ਵਿਚ ਕੁਲਵੰਤ ਕੌਰ ਢਿੱਲੋਂ, ਪ੍ਰਭਜੋਤ ਸੋਹੀ ਤੇ ਜਸਵਿੰਦਰ ਜੱਸੀ ਨਾਲ ਸਾਹਿਤਕ ਸੰਵਾਦ

ਸਰੀ, 27 ਜੂਨ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਈ ਪ੍ਰਸਿੱਧ ਪੰਜਾਬੀ ਲੇਖਿਕਾ ਕੁਲਵੰਤ ਕੌਰ ਢਿੱਲੋਂ ਅਤੇ ਪੰਜਾਬ ਤੋਂ ਆਏ ਸ਼ਾਇਰ ਪ੍ਰਭਜੋਤ ਸੋਹੀ ਤੇ ਜਸਵਿੰਦਰ ਜੱਸੀ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਚ ਹੋਏ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਤਿੰਨਾਂ ਲੇਖਕਾਂ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭ ਦਾ ਸਵਾਗਤ ਕੀਤਾ ਅਤੇ ਮੰਚ ਦੀ ਸਥਾਪਨਾ, ਇਸ ਦੇ ਉਦੇਸ਼ ਅਤੇ ਕਾਰਜ ਬਾਰੇ ਦਸਦਿਆਂ ਕਿਹਾ ਕਿ ਇਹ ਮੰਚ ਹਰ ਇਕ ਕਲਾ, ਸਮਾਜ ਸੇਵਾ ਨਾਲ ਸੰਬੰਧਿਤ ਸ਼ਖ਼ਸੀਅਤ ਨੂੰ ਆਪਣੀ ਗੱਲ ਕਹਿਣ ਲਈ ਪਲੇਟਫਾਰਮ ਮੁਹੱਈਆ ਕਰਦਾ ਹੈ।

ਮਹਿਮਾਨ ਲੇਖਿਕਾ ਕੁਲਵੰਤ ਕੌਰ ਢਿੱਲੋਂ ਨੇ ਆਪਣੇ ਰਚਨਾਤਮਿਕ ਕਾਰਜ ਦੀ ਸ਼ੁਰੂਆਤ ਬਾਰੇ ਦਸਦਿਆਂ ਕਿਹਾ ਕਿ ਉਸ ਨੂੰ ਘਰ ਵਿੱਚੋਂ ਵੱਡੇ ਭਰਾ ਰਵਿੰਦਰ ਭੱਠਲ ਅਤੇ ਬਰਨਾਲਾ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਪ੍ਰੀਤਮ ਸਿੰਘ ਰਾਹੀ ਤੋਂ ਬਹੁਤ ਪ੍ਰੇਰਨਾ ਮਿਲੀ ਜਿਸ ਸਦਕਾ ਐਸ.ਡੀ. ਕਾਲਜ ਬਰਨਾਲਾ ਵਿਚ ਪੜ੍ਹਦਿਆਂ ਉਸ ਨੇ ਲਿਖਣਾ ਸ਼ੁਰੂ ਕੀਤਾ। ਸਮਾਜ ਵਿਚਲਾ ਪਾੜਾ, ਜਾਤ ਪਾਤ, ਵਿਤਕਰਾ ਅਤੇ ਇਸ ਸਭ ਵਰਤਾਰੇ ਦਾ ਸੰਤਾਪ ਭੋਗ ਰਹੇ ਔਰਤਾਂ ਤੇ ਮਰਦ ਉਸ ਦੀਆਂ ਰਚਨਾਵਾਂ ਦਾ ਸਰੋਤ ਬਣਦੇ ਹਨ। ਉਸ ਨੇ ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਨਾਲ ਸਾਹਿਤਕ ਸਾਂਝ ਦੀ ਗੱਲ ਵੀ ਕੀਤੀ ਅਤੇ ਇੰਗਲੈਂਡ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਅਚਾਰ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜਨ ਹਿਤ ਕੀਤੇ ਜਾ ਰਹੇ ਆਪਣੇ ਕਾਰਜਾਂ ਬਾਰੇ ਦੱਸਿਆ।

ਸ਼ਾਇਰ ਪ੍ਰਭਜੋਤ ਸੋਹੀ ਨੇ ਆਪਣੀ ਲਿਖਣ-ਕਲਾ ਅਤੇ ਸਾਹਿਤਕ ਖੇਤਰ ਦੇ ਕੁਝ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਸਕੂਲ ਵਿਚ ਹੁੰਦੀ ਬਾਲ ਸਭਾ ਵਿਚ ਗੀਤ ਗਾਉਣ ਲੱਗ ਪਿਆ ਸੀ ਅਤੇ ਫਿਰ ਨਗਰ ਕੀਰਤਨਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ਕਾਲਜ ਵਿਚ ਪੜ੍ਹਦਿਆਂ ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਬਾਵਾ ਸਿੰਘ, ਪ੍ਰੋ. ਕਾਲੀਆ ਦੀ ਯੋਗ ਰਹਿਨੁਮਾਈ ਸਦਕਾ ਉਸ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ। ਨਾਟਕਾਂ ਵਿਚ ਵੀ ਹਿੱਸਾ ਲਿਆ, ਪੰਜਾਬ ਯੂਨੀਵਰਸਿਟੀ ਦਾ ਬੈਸਟ ਐਕਟਰ ਵੀ ਬਣਿਆਂ। ਫਿਰ ਸਾਹਿਤ ਸਭਾ ਜਗਰਾਓਂ ਨਾਲ ਜੁੜ ਕੇ ਪ੍ਰਸਿੱਧ ਸ਼ਾਇਰ ਸ਼ਾਕਿਰ ਪੁਰਸਾਰਥੀ, ਕੇਸਰ ਸਿੰਘ ਨੀਰ, ਹਰਕੋਮਲ ਬਰਿਆਰ, ਅਜੀਤ ਪਿਆਸਾ ਤੋਂ ਬਹੁਤ ਕੁਝ ਸਿੱਖਿਆ। ‘ਕਵਿਤਾ ਕੁੰਭ’ ਬਾਰੇ ਦਸਦਿਆਂ ਉਸ ਨੇ ਕਿਹਾ ਕਿ ਅਸਲ ਵਿਚ ਪੰਜਾਬੀ ਸਾਹਿਤ ਵਿਚ ਬਣੇ ਸਾਹਿਤਕ ਮੱਠਾਂ ਵੱਲੋਂ ਨਵੇਂ ਲੇਖਕਾਂ ਨੂੰ ਅਣਗੋਲਿਆਂ ਕਰਨਾ ਹੀ ‘ਕਵਿਤਾ ਕੁੰਭ’ ਦੀ ਸਥਾਪਨਾ ਦਾ ਕਾਰਨ ਬਣਿਆਂ। ਸੋਹੀ ਨੇ ਕਵਿਤਾ ਕੁੰਭ ਦੀਆਂ ਸਰਗਰਮੀਆਂ ਅਤੇ ਆਪਣੀਆਂ ਪ੍ਰਕਾਸ਼ਿਤ ਤਿੰਨ ਪੁਸਤਕਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਆਪਣੀ ਸੁਰੀਲੀ ਆਵਾਜ਼ ਵਿਚ ਇਕ ਗੀਤ ਪੇਸ਼ ਕੀਤਾ।

ਸ਼ਾਇਰ ਜਸਵਿੰਦਰ ਜੱਸੀ ਨੇ ਆਪਣੇ ਲਿਖਣ ਕਾਰਜ ਦੀ ਗੱਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਕਵਿਤਾਵਾਂ ਪੜ੍ਹਨ ਦਾ ਸ਼ੌਕ ਕਦੋਂ ਸ਼ਾਇਰੀ ਦੀ ਰਚਨਾ ਕਰਨ ਵੱਲ ਤੁਰ ਪਿਆ ਇਹ ਉਸ ਨੂੰ ਪਤਾ ਨਹੀਂ ਲੱਗਿਆ। ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਨੂੰ ਪੜ੍ਹਿਆ। ਹੌਲੀ ਹੌਲੀ ਰਚਨਾਵਾਂ ਅਖਬਾਰਾਂ, ਰਸਾਲਿਆਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਅਤੇ ਪ੍ਰਸਿੱਧ ਸ਼ਾਇਰ ਅਮਰਜੀਤ ਸੰਧੂ ਨਾਲ ਰਾਬਤਾ ਕਾਇਮ ਹੋ ਗਿਆ ਅਤੇ ਉਨ੍ਹਾਂ ਨੂੰ ਉਸਤਾਦ ਧਾਰ ਲਿਆ। ਗੁਰਦਿਆਲ ਪੰਜਾਬੀ ਅਤੇ ਅਜਾਇਬ ਕਮਲ ਨੇ ਥਾਪੜਾ ਦਿੱਤਾ, ਜਸਪਾਲ ਸੂਸ ਨਾਲ ਮਿਲ ਕੇ ਸਾਂਝਾਂ ਪਿਆਰ ਦੀਆਂ ਗਰੁੱਪ ਦੇ ਕੰਮ ਕਾਜ ਬਾਰੇ ਵੀ ਜੱਸੀ ਨੇ ਗੱਲਬਾਤ ਸਾਂਝੀ ਕੀਤੀ।

ਅੰਤ ਵਿਚ ਮੰਚ ਦੇ ਸਰਪ੍ਰਸਤ ਜਰਨੈਲ ਸਿੰਘ ਸੇਖਾ ਨੇ ਮਹਿਮਾਨ ਲੇਖਕਾਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਹਰਿੰਦਰ ਕੌਰ ਸੋਹੀ, ਮਹਿੰਦਰਪਾਲ ਸਿੰਘ ਪਾਲ, ਅਮਨ ਸੀ ਸਿੰਘ, ਡਾ. ਚਰਨਜੀਤ ਸਿੰਘ, ਹਰਦਮ ਸਿੰਘ ਮਾਨ, ਗੁਰਸ਼ਰਨ ਸਿੰਘ, ਅਸ਼ੋਕ ਭਾਰਗਵ, ਸ਼ਾਨ ਗਿੱਲ, ਅੰਗਰੇਜ਼ ਬਰਾੜ, ਕੁਲਦੀਪ ਸਿੰਘ ਬਾਸੀ ਅਤੇ ਮਿਸਜ਼ ਜਸਵਿੰਦਰ ਜੱਸੀ ਹਾਜਰ ਸਨ।