Headlines

ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿ.ਗੁਰਬਚਨ ਸਿੰਘ ਖਾਲਸਾ ਦੀ ਯਾਦ ‘ਚ ਸਲਾਨਾ ਸਮਾਗਮ ਕਰਾਇਆ

ਚੌਂਕ ਮਹਿਤਾ (ਜਗਦੀਸ਼ ਸਿੰਘ ਬਮਰਾਹ)-
ਦਮਦਮੀ ਟਕਸਾਲ  ਦੇ  12 ਵੇਂ ਮੁਖੀ ਪੰਥ ਰਤਨ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਸਲਾਨਾ ਸਮਾਗਮ ਇੱਥੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਕਰਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਭਾਈ ਸਤਨਾਮ ਸਿੰਘ ਦੇ ਜਥੇ ਨੇ ਤੰਤੀ ਸਾਜਾਂ ਰਾਹੀਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਨ ਕਰਾਇਆ।ਇਸ ਸਮਾਗਮ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਮੁੱਖ ਵਾਕ ਦੀ ਕਥਾ ਕਰਦਿਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਜੀਵਨ ਨਾਲ ਸਬੰਧਤ ਪ੍ਰਸੰਗ ਸਾਂਝੇ ਕਰਦੇ ਹੋਏ ਉਨ੍ਹਾਂ ਵੱਲੋਂ ਬਾਣੀ ਤੇ ਬਾਣੇ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਤੋਂ ਜਾਣੂ ਕਰਾਇਆ।ਉਨ੍ਹਾਂ ਕਿਹਾ ਕਿ ਸੰਤ ਗੁਰਬਚਨ ਸਿੰਘ ਜੀ ਖਾਲਸਾ ਪੰਥ ਦੀ ਸਿਰਮੌਰ ਸਖਸ਼ੀਅਤ ਸਨ,ਜੋ ਸਰਬਗੁਣ ਸੰਪੰਨ,ਵਿਦਿਆ ਅਲੰਕ੍ਰਿਤ,ਮਹਾਨ ਪਰਉਪਕਾਰੀ ਹੋਣ ਦੇ ਨਾਲ ਨਾਲ ਗੁਰਬਾਣੀ ਰਸ ‘ਚ ਭਿੱਜੀ ਨਿਰਮਲ ਆਤਮਾ ਤੇ ਨਿਰੋਲ ਖਾਲਸਾਈ ਸਿਧਾਂਤ ਦੀ ਮੂਰਤਿ ਸਨ।ਇਸ ਦੌਰਾਨ ਉਨ੍ਹਾਂ ਨੇ ਭਾਈ ਗੁਰਮੁੱਖ ਸਿੰਘ ਓਡੀਸਾ, ਜੋ ਸੰਤ ਗੁਰਬਚਨ ਸਿੰਘ ਜੀ ਦੀ ਬਲਦੀ ਚਿਖਾ ‘ਚ ਛਾਲ ਮਾਰ ਕੇ ਆਪਾ ਵਾਰ ਗਏ ਸਨ,ਦੇ ਜੀਵਨ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਇਆ।
ਇਸ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਚਰਨ ਸਿੰਘ, ਭਾਈ ਜੰਗ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿੱਕਾ,ਸੰਤ ਬਾਬਾ ਗੁਰਦਿਆਲ ਸਿੰਘ ,ਸੰਤ ਬਾਬਾ ਅਜੀਤ ਸਿੰਘ ਤਰਨਾਦਲ ਮਹਿਤਾ ਚੌਂਕ,ਭਾਈ ਮੋਹਕਮ ਸਿੰਘ ਯੂ. ਕੇ., ਭਾਈ ਗੁਰਦੇਵ ਸਿੰਘ ਬੜਿਆਲ,ਭਾਈ ਹਰਮੇਲ ਸਿੰਘ ਆਸਟ੍ਰੇਲੀਆ, ਸਰਪੰਚ ਅਮਰ ਸਿੰਘ ਮੱਧਰੇ,ਚੇਅਰਮੈਨ ਜਸਪਾਲ ਸਿੰਘ ਨਵੀਂ ਮੁੰਬਈ,ਭਾਈ ਹਰਸ਼ਦੀਪ ਸਿੰਘ ਰੰਧਾਵਾ ਅਤੇ ਡਾ.ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਭਾਈ ਭੁਪਿੰਦਰ ਸਿੰਘ ਕਾਹਲਵਾਂ,ਜਥੇਦਾਰ ਬਾਬਾ ਕਿਰਪਾ ਸਿੰਘ,ਜਥੇਦਾਰ ਭਾਈ ਤਰਲੋਚਨ ਸਿੰਘ ਹੁਸ਼ਿਆਰਪੁਰ, ਭਾਈ ਹਰਦੇਵ ਸਿੰਘ ਭਿੰਡਰ ਕਲਾਂ,ਬਾਬਾ ਆਤਮਾ ਸਿੰਘ, ਭਾਈ ਹਰਭਜਨ ਸਿੰਘ ਮੁੰਬਈ, ਜਥੇਦਾਰ ਬੋਹੜ ਸਿੰਘ, ਗਿਆਨੀ ਸਾਹਬ ਸਿੰਘ, ਗਿਆਨੀ ਹੀਰਾ ਸਿੰਘ ਮਨਿਹਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸ਼ਨ-  ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ  ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ