Headlines

3 ਜੁਲਾਈ ਨੂੰ ਆਖਰੀ ਰਸਮਾਂ `ਤੇ ਵਿਸ਼ੇਸ਼- ਅੰਬਰੋਂ ਟੁੱਟਿਆ ਤਾਰਾ ਬਣ ਗਈ ਮਨਦੀਪ ਗਿੱਲ

ਡਾ ਗੁਰਬਖ਼ਸ਼ ਸਿੰਘ ਭੰਡਾਲ—–
ਪਿਆਰੀ ਬੇਟੀ ਮਨਦੀਪ ਗਿੱਲ 14 ਸਾਲ ਤੱਕ ਮੌਤ ਨੂੰ ਝਕਾਨੀ ਦਿੰਦੀ ਰਹੀ। ਉਸਦੀ ਜਿਊਣ ਦੀ ਜਿੱਦ ਸਾਹਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਬੇਬੱਸ। ਵਾਰ ਵਾਰ ਕੈਂਸਰ ਸਰੀਰ ਦੇ ਇਕ ਹਿੱਸੇ ਤੋਂ ਬਾਅਦ ਦੂਸਰੇ ਹਿੱਸੇ ਵਿਚ ਪੈਦਾ ਹੁੰਦੀ। ਕੀਮੋਥੀਰੈਪੀ ਸ਼ੁਰੂ ਹੁੰਦੀ। ਸਿਹਤ ਵਿਗੜ ਜਾਂਦੀ। ਪਰ ਸਿਰੜ ਵਾਲੀ ਮਨਦੀਪ ਹਰ ਵਾਰ ਇਹੀ ਕਹਿੰਦੀ ਕਿ ਮੈਂ ਕੈਂਸਰ ਨਾਲ ਯੁੱਧ ਕਰਾਂਗੀ ਅਤੇ ਹਰ ਵਾਰ ਕੈਂਸਰ ਨੂੰ ਹਰਾ ਦਿੰਦੀ। ਇਸ ਵਾਰ ਵੀ ਜਦ ਕੈਂਸਰ ਉਸਦੇ ਦਿਮਾਗ, ਰੀੜ ਦੀ ਹੱਡੀ, ਲਿਵਰ ਸਮੇਤ ਸਰੀਰ ਦੇ ਕਈ ਹਿੱਸਿਆਂ ਵਿਚ ਫੈਲ ਗਿਆ ਸੀ ਤਾਂ ਉਹ ਹਸਪਤਾਲ ਦੇ ਬੈੱਡ ਤੇ ਪਈ ਵੀ ਕਹਿੰਦੀ ਸੀ ਕਿ ਮੇਰੀ ਕੰਮਜ਼ੋਰੀ ਦੂਰ ਹੋ ਜਾਣ ਦਿਓ। ਮੈਂ ਫਿਰ ਤੋਂ ਕੀਮੋਥੀਰੈਪੀ ਰਾਹੀਂ ਕੈਂਸਰ ਨਾਲ ਆਖਰੀ ਸਾਹ ਤੀਕ ਲੜਾਂਗੀ ਤੇ ਜਿਤਾਂਗੀ। ਪਰ ਇਸ ਵਾਰ ਮਨਦੀਪ ਕੈਂਸਰ ਤੋਂ ਹਾਰ ਗਈ ਅਤੇ ਉਹ ਉਸ ਰਾਹੀਂ ਤੁੱਰ ਗਈ ਜਿਨ੍ਹਾਂ ਰਾਹਾਂ ਤੋਂ ਕੋਈ ਪਰਤ ਕੇ ਨਹੀਂ ਆਉਂਦਾ।
ਅਜੇ ਕੱਲ ਦੀ (13 ਮਈ ਤੋਂ 20 ਮਈ 2023) ਤਾਂ ਗੱਲ ਹੈ ਜਦ ਮੈਂ ਦੇਖਿਆ ਕਿ ਉਹ ਹਫ਼ਤਾ ਭਰ ਚੱਲੇ ਆਪਣੇ ਭਾਣਜੇ ਦੇ ਵਿਆਹ-ਸਮਾਗਮਾਂ ਵਿਚ ਸੱਭ ਤੋਂ ਮੋਹਰੀ ਹੁੰਦੀ ਸੀ। ਉਸਨੂੰ ਕੱਪੜੇ ਪਾਉਣ ਦਾ ਸ਼ੌਕ ਸੀ ਅਤੇ ਉਹ ਜਿ਼ੰਦਗੀ ਦਾ ਜਸ਼ਨ ਮਨਾਉਂਦੀ ਸੀ। ਭਾਂਵੇਂ ਕਿ ਇਨ੍ਹਾਂ ਦਿਨਾਂ ਵਿਚ ਕੈਂਸਰ ਕਾਰਨ ਉਸਦੇ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਸੀ ਅਤੇ ਹਫਤੇ ਬਾਅਦ ਉਸਨੂੰ ਪਾਣੀ ਕਢਵਾਉਣਾ ਪੈਂਦਾ ਸੀ ਕਿਉਂਕਿ ਸਾਹ ਲੈਣ ਵਿਚ ਤਕਲੀਫ ਕਾਫ਼ੀ ਹੁੰਦੀ। ਉਹ ਸਿਰਫ਼ ਢੋਹ ਲਾ ਕੇ ਹੀ ਰਾਤ ਨੂੰ ਨੀਂਦ ਪੂਰੀ ਕਰਦੀ ਸੀ। ਪਰ ਵਿਆਹ ਦੌਰਾਨ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਇੰਨੀ ਗੰਭੀਰ ਬਿਮਾਰ ਹੈ। ਦਵਾਈਆਂ ਵਾਲਾ ਬੈਗ ਆਪਣੇ ਕੋਲ ਰੱਖਦੀ, ਬਿਮਾਰੀ ਨੂੰ ਟਿੱਚ ਸਮਝਦੀ ਸੀ। ਮੈਂ ਹੈਰਾਨ ਪਰ ਖੁਸ਼ ਵੀ ਸੀ ਜਦ ਮੈਂ ਦੇਖਿਆ ਕਿ ਸਰੀ ਤੋਂ ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਜਾਣ ਵਾਲੀ ਬਰਾਤ ਦੀ ਬੱਸ ਦੇ ਘੰਟੇ ਕੁ ਦੇ ਸਮੇਂ ਦੌਰਾਨ ਉਸਨੇ ਬੱਸ ਵਿਚ ਵੱਜਦੇ ਡੀਜੀ ਤੇ ਆਪਣੀਆਂ ਸਾਥਣਾਂ ਨਾਲ ਰੱਜ ਕੇ ਗਿੱਧਾ ਪਾਇਆ ਅਤੇ ਮਸਤੀ ਕੀਤੀ। ਮੇਰਾ ਮਨ ਡਰਦਾ ਸੀ ਕਿ ਹੇ ਰੱਬਾ! ਕਿਧਰੇ ਨਜ਼ਰ ਨਾ ਲੱਗ ਜਾਵੇ। ਤੇ ਸੱਚੀਂ ਇਕ ਮਹੀਨੇ ਦੇ ਅੰਦਰ ਹੀ ਸਾਡੀ ਪਿਆਰੀ ਮਨਦੀਪ ਸਾਡਾ ਸਾਥ ਸਦਾ ਲਈ ਛੱਡ ਗਈ।
ਮਨਦੀਪ ਸਮਾਜਿਕ ਕਾਰਜਾਂ ਵਿਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੀ ਸੀ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਹਮੇਸ਼ਾਂ ਮੋਹਰੀ ਸੀ। `ਕੇਰਾਂ ਦੱਸਣ ਲੱਗੀ ਕਿ ਮੈਂ ਗੁਰਦੁਆਰੇ ਗਈ ਤਾਂ ਇਕ ਅੰਮ੍ਰਿਤਧਾਰੀ ਸਿੱਖ ਲੜਕਾ ਅਤੇ ਲੜਕੀ ਮਿਲੇ ਅਤੇ ਕਹਿਣ ਲੱਗੇ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ। ਪਰ ਸਾਡੀ ਆਰਥਿਕ ਹਾਲਾਤ ਅਜੇਹੀ ਨਹੀਂ ਕਿ ਅਸੀਂ ਸਾਰਾ ਖਰਚਾ ਕਰ ਸਕੀਏ। ਲੜਕੀ ਦਾ ਪਿਛੋਕੜ ਕਰਨਾਟਕਾ ਦਾ ਸੀ ਜਦ ਕਿ ਲੜਕਾ ਪੰਜਾਬ ਦਾ। ਮਨਦੀਪ ਨੇ ਆਪਣੇ ਘਰ ਵਿਚ 50-60 ਮਹਿਮਾਨਾਂ ਦੀ ਹਾਜ਼ਰੀ ਵਿਚ ਸਾਰੀਆਂ ਰਸਮਾਂ ਨਾਲ ਦੋਹਾਂ ਦਾ ਵਿਆਹ ਕਰਵਾਇਆ। ਅਜੇਹੀ ਦਲੇਰੀ ਸਿਰਫ਼ ਮਨਦੀਪ ਦੇ ਹਿੱਸੇ ਹੀ ਆਈ ਸੀ। ਮੈਂ ਦੇਖਿਆ ਕਿ ਉਸਦਾ ਘਰ ਵਿਚਲਾ ਫ੍ਰਿਜ ਅਤੇ ਗੈਰਾਜ ਵਿਚਲੇ ਦੋ ਫ੍ਰਿਜ ਗਰੌਸਰੀ ਨਾਲ ਨੱਕੋ-ਨੱਕ ਭਰੇ ਸਨ। ਜਦ ਇਸ ਬਾਰੇ ਮੈਂ ਪੱੁਛਿਆ ਤਾਂ ਕਹਿਣ ਲੱਗੀ ਕਿ ਮੈਂ ਬੇਸਮੈਂਟ ਵਿਚ ਰਹਿਣ ਵਾਲਿਆਂ ਨੂੰ ਕਿਹਾ ਹੈ ਕਿ ਬਾਹਰੋਂ ਗਰੌਸਰੀ ਖਰੀਦਣ ਦੀ ਲੋੜ ਨਹੀਂ ਹੈ। ਇਹ ਸਮਾਨ ਉਨ੍ਹਾਂ ਲਈ ਹੀ ਫ੍ਰਿਜ ਵਿਚ ਰੱਖਿਆ ਹੈ।
ਕੈਂਸਰ ਨੇ ਮਨਦੀਪ ਦੀ ਪਰਿਵਾਰਕ ਜਿ਼ੰਦਗੀ ਨੂੰ ਪੂਰੀ ਤਰਾਂ੍ਹ ਪ੍ਰਭਾਵਤ ਕਰ ਦਿਤਾ ਸੀ। ਉਸਦੇ ਪਤੀ ਡਾ ਗਿੱਲ ਅਤੇ ਬੇਟੀਆਂ ਨੇ ਆਪਣਾ ਖਾਣਾ-ਪੀਣਾ ਅਤੇ ਜੀਵਨ-ਸ਼ੈਲੀ ਅਜੇਹੀ ਬਣਾ ਲਈ ਸੀ ਜਿਹੜੀ ਮਨਦੀਪ ਦੀ ਬਿਮਾਰੀ ਦੇ ਅਨੁਕੂਲ ਸੀ। ਉਸਦੀਆਂ ਬੇਟੀਆਂ ਦੀ ਸ਼ਹਿਸ਼ੀਲਤਾ, ਸਹਿਜਤਾ ਤੇ ਆਗਿਆਕਾਰਤਾ ਨੂੰ ਅਤੇ ਡਾ ਗਿੱਲ ਦੇ ਤਹੱਮਲ ਤੇ ਸੇਵਾ-ਭਾਵਨਾ ਨੂੰ ਸਲਾਮ ਹੈ। ਉਨ੍ਹਾਂ ਨੇ ਹਰ ਸੰਭਵ ਕੋਸਿ਼ਸ਼ ਕੀਤਾ ਕਿ ਮਨਦੀਪ ਸਦਾ ਖੁਸ਼ ਰਹੇ ਅਤੇ ਕੈਂਸਰ ਕਾਰਨ ਉਸਦੇ ਮਨ ਵਿਚ ਕਦੇ ਵੀ ਨਕਾਰਤਮਿਕਤਾ ਪੈਦਾ ਨਾ ਹੋਵੇ।
ਮਨਦੀਪ ਦੀ ਸੋਚ ਦਾ ਕੇਹਾ ਕਮਾਲ ਕਿ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਪਤੀ ਡਾ ਗਿੱਲ ਨਾਲ ਸਰੀ ਦੇ ਐਫ ਐਮ ਰੇਡੀE ਤੇ ਸਿਹਤਮੰਦ ਖਾਣੇ ਬਾਰੇ, ਖਾਣ ਦੇ ਤਰੀਕਿਆਂ ਅਤੇ ਸੁਚਾਰੂ ਤੇ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਲਈ ਅਕਸਰ ਹੀ ਪ੍ਰੋਗਰਾਮ ਪੇਸ਼ ਕਰਦੀ ਅਤੇ ਮੈਂਨੂੰ ਅਕਸਰ ਹੀ ਯੂਟਿਉਬ ਲੰਿਕ ਭੇਜਦੀ ਸੀ। ਮੈਂ ਸੋਚਦਾ ਸਾਂ ਕਿ ਬਿਮਾਰੀ ਨੇ ਮਨਦੀਪ ਦੀ ਸੋਚ ਅਤੇ ਜਿ਼ੰਦਗੀ ਪ੍ਰਤੀ ਨਜ਼ਰੀਏ ਵਿਚ ਬਹੁਤ ਹੀ ਭਾਵਨਾਤਾਮਿਕ ਅਤੇ ਉਸਾਰੂ ਤਬਦੀਲੀ ਲਿਆਂਦੀ ਕਿਉਂਕਿ ਉਸਨੇ ਮੌਤ ਨੂੰ ਬਹੁਤ ਨੇੜਿਉਂ ਦੇਖ ਲਿਆ ਸੀ। `ਕੇਰਾਂ ਦੱਸਣ ਲਗੀ ਕਿ ਇਕ ਵਾਰ ਰੇਡੀE ਪ੍ਰੋਗਰਾਮ ਤੋਂ ਬਾਅਦ ਕਿਸੇ ਔਰਤ ਦਾ ਆਪਣੀਆਂ ਮੁਸ਼ਕਲਾਂ ਬਾਰੇ ਫੋਨ ਆਇਆ। ਮੈਂ ਊਸਨੂੰ ਕੀ ਦੱਸਦੀ ਕਿ ਮੈਂ ਕਿਹੜੀਆਂ ਸਿਹਤ-ਸਮੱਸਿਆਵਾਂ ਨਾਲ ਜੂਝਦੀ, ਮੌਤ ਦੇ ਹੱਥਾਂ ਵਿਚੋਂ ਜਿ਼ੰਦਗੀ ਦੇ ਸਾਹ ਖੋਹ ਰਹੀ ਹਾਂ ਅਤੇ ਆਪਣੀ ਜਿਊਣ ਦੀ ਜਿੱਦ ਕਾਰਨ ਜਿਊ ਰਹੀ ਹਾਂ।
ਮਨਦੀਪ ਦਾ ਸਰੀ ਦੇ ਭਾਈਚਾਰੇ ਵਿਚ ਇਕ ਵਿਲੱਖਣ ਨਾਮ ਸੀ। ਉਸਨੂੰ ਰਿਸ਼ਤਿਆਂ ਨੂੰ ਨਿਭਾਉਣ ਅਤੇ ਸਮਾਜਿਕ ਸਬੰਧਾਂ ਨੂੰ ਪਕਿਆਈ ਅਤੇ ਪਾਕੀਜ਼ਗੀ ਅਰਪਿੱਤ ਕਰਨ ਦਾ ਹੁੱਨਰ ਸੀ।
ਬਹੁਤ ਔਖਾ ਹੁੰਦਾ ਹੈ ਆਪਣੇ ਹੱਥੀਂ ਪਾਲੀ ਧੀ, ਅਤੇ ਉਸਦੀ ਖੁਸ਼ਹਾਲ ਪਰਿਵਾਰਕ ਜਿ਼ੰਦਗੀ ਦੇ ਰੰਗ ਦੇਖਣ ਤੋਂ ਬਾਅਦ, ਆਪਣੇ ਹੱਥੀਂ ਸਦਾ ਲਈ ਵਿਦਾ ਕਰਨਾ। ਪੀੜਤ ਕਰੇਗਾ ਉਸਦੀਆਂ ਲਾਡਲੀਆਂ ਧੀਆਂ ਨੂੰ ਜਦ ਉਹ ਆਪਣੇ ਮਾਂ ਦੀ ਅਣਹੋਂਦ ਨੂੰ ਚੇਤੇ ਕਰਨਗੀਆਂ। ਕੌਣ ਮਨਾਵੇਗਾ ਧੀਆਂ ਦੇ ਸ਼ਗਨ ਅਤੇ ਕੌਣ ਕਰੇਗਾ ਮਾਵਾਂ ਵਾਲੇ ਲਾਡ-ਚਾਅ। ਧੀਆਂ ਕੋਲੋਂ ਜਦ ਮਾਵਾਂ ਵਾਲੇ ਦਾਈਏ ਰੁੱਸ ਜਾਣ ਤਾਂ ਚਾਅ ਮਸੋਸੇ ਜਾਂਦੇ ਨੇ। ਡਾ ਗਿੱਲ ਦੀ ਉਡੀਕ ਕਰਨ ਵਾਲੀ ਮਨਦੀਪ ਜਦ ਘਰ ਵਿਚ ਨਜ਼ਰ ਨਹੀਂ ਆਵੇਗੀ ਤਾਂ ਡਾ ਗਿੱਲ ਘਰ ਦੀ ਉਦਾਸੀ ਨੁੰ ਮੁਖਾਤਬ ਹੋਵੇਗਾ। ਮਾਂ ਲਈ ਕਿੰਨਾ ਔਖਾ ਹੋਵੇਗਾ ਆਪਣੀ ਧੀ ਦੀ ਅਰਥੀ ਦੇ ਨਾਲ-ਨਾਲ ਤੁੱਰਨਾ। ਵੀਰਾ ਤੇ ਭੈਣਾਂ, ਹਿੱਚਕੀਆਂ ਭਰਨ ਜੋਗੇ ਹੀ ਰਹਿ ਜਾਣਗੇ।
ਪਰ ਮਨਦੀਪ ਤੂੰ ਕਿਧਰੇ ਨਹੀਂ ਗਈ। ਤੇਰੀਆਂ ਧੀਆਂ ਤੇਰੇ ਹੀ ਨਕਸ਼ ਨੇ। ਡਾ ਗਿੱਲ ਦੀ ਜਿ਼ੰਦਗੀ ਵਿਚੋਂ ਤੇਰੀ ਹੋਂਦ ਪਲ ਪਲ ਨਜ਼ਰ ਆਵੇਗੀ। ਤੇਰੀਆਂ ਸਲਾਹਾਂ ਅਤੇ ਮੱਤਾਂ ਉਨ੍ਹਾਂ ਸਾਰਿਆਂ ਨੂੰ ਸਦਾ ਯਾਦ ਰਹਿਣਗੀਆਂ ਜਿੰਨ੍ਹਾਂ ਦੇ ਜੀਵਨ ਨੂੰ ਤੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਤ ਕੀਤਾ ਸੀ। ਹਰ ਸਖ਼ਸ ਦੀ ਨਮ ਅੱਖ ਤੈਨੂੰ ਆਖਰੀ ਅਲਵਿਦਾ ਕਹਿੰਦੀ, ਤੈਂਨੂੰ ਇਹ ਯਕੀਨ ਦਿਵਾ ਰਹੀ ਏ ਕਿ ਮਨਦੀਪ ਤੂੰ ਸਰੀਰਕ ਰੂਪ ਵਿਚ ਜਾ ਕੇ ਵੀ ਕਿਧਰੇ ਨਹੀਂ ਗਈ ਕਿਉਂਕਿ ਤੂੰ ਤਾਂ ਸਾਡੇ ਸਾਰਿਆਂ ਦੇ ਦਿਲਾਂ ਵਿਚ ਵੱਸਦੀ ਏਂਂ।
ਮਨਦੀਪ ਤੂੰ ਮੌਤ ਨੂੰ ਵੰਗਾਰਦੀ ਰਹੀ। ਇਸ ਵੰਗਾਰ ਨੂੰ ਮੈਂ ਨੱਤਮਸਤਕ ਹੁੰਦਾ, ਤੈਂਨੂੰ ਸਲਾਮ ਕਰਦਾ ਹਾਂ। ਹੁਣ ਤਾਂ ਮੇਰੇ ਸ਼ਬਦ ਵੀ ਸਿੱਸਕਣ ਲੱਗ ਪਏ ਨੇ।
ਅੱਛਾ ਮਨਦੀਪ ਬੇਟੀ! ਤੂੰ ਫੁੱਲ ਹੋਵੇਂ ਜਾਂ ਕੋਈ ਤਾਰਾ, ਸਾਡੇ ਚੇਤਿਆਂ `ਚੋਂ ਤੂੰ ਕਦੇ ਮਨਫ਼ੀ ਨਹੀਂ ਹੋਣਾ। ਤੈਂਨੂੰ ਭੁੱਲਿਆ ਹੀ ਨਹੀਂ ਜਾ ਸਕਦਾ।
ਅਰਦਾਸ ਕਰਦੇ ਹਾਂ ਕਿ ਰੱਬ ਤੇਰੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ਼ ਬਖ਼ਸ਼ੇ।