Headlines

ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਮੰਡੇਰ ਵਲੋਂ ਪੁਲਿਸ ਮੁਖੀ ਨੂੰ ਸ਼ਿਕਾਇਤ

ਭਾਰਤੀ ਏਜੰਸੀਆਂ ਦਾ ਜਸੂਸ ਕਹਿਕੇ ਅਪਮਾਨਿਤ ਕਰਨ ਦਾ ਮਾਮਲਾ-

ਸਰੀ ( ਦੇ ਪ੍ਰ ਬਿ)- ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਸਰੀ ਆਰ ਸੀ ਐਮ ਪੀ ਦੇ ਮੁਖੀ ਨੂੰ ਲਿਖੇ ਇਕ ਸ਼ਿਕਾਇਤ ਪੱਤਰ ਰਾਹੀਂ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਧਕਮਾਉਣ ਤੇ ਸੋਸ਼ਲ ਮੀਡੀਆ ਉਪਰ ਉਹਨਾਂ ਨੂੰ ਭਾਰਤੀ ਏਜੰਸੀਆਂ ਦਾ ਜਸੂਸ ਕਹਿਕੇ ਅਪਮਾਨਿਤ ਕੀਤੇ ਜਾਣ ਲਈ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਖਤਰਾ ਪ੍ਰਗਟ ਕਰਦਿਆਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਪੁਲਿਸ ਮੁਖੀ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋ ਸਰੀ ਦੇ ਵਸਨੀਕ ਹਨ। ਉਹ ਪੇਸ਼ਾਵਰ ਕੈਨੇਡੀਅਨ ਫੋਟੋ ਜਰਨਲਿਸਟ ਵਜੋਂ  1994 ਤੋਂ ਕੰਮ ਕਰਦੇ ਆ ਰਹੇ ਹਨ। ਉਹ ਹੁਣ ਤੱਕ ਅਨੇਕਾਂ  ਪ੍ਰਾਂਤਕ, ਕੌਮੀ ਤੇ ਕੌਮਾਂਤਰੀ ਪ੍ਰੋਗਰਾਮਾਂ ਤੋਂ ਇਲਾਵਾ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ, ਵਰਲਡ ਕੱਪ ਅਤੇ ਉਲੰਪਿਕ ਖੇਡਾਂ ਨੂੰ ਕਵਰ ਕਰ ਚੁੱਕੇ ਹਨ। ਉਹਨਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉਪਰ ਕੰਮ ਕਰਦਿਆਂ ਕਈ ਵੱਕਾਰੀ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਲੰਡਨ ਉਲੰਪਿਕ ਖੇਡਾਂ 2010 ਅਤੇ ਲੈਜੈਂਡ ਆਫ ਕਬੱਡੀ 2020 ਆਦਿ ਕੌਫੀ ਟੇਬਲ ਪੁਸਤਕਾਂ ਦੇ ਲੇਖਕ ਵੀ ਹਨ ਤੇ ਪਿਛਲੇ ਲੰਬੇ ਸਮੇਂ ਤੋ ਇੰਡੋ ਕੈਨੇਡੀਅਨ ਟਾਈਮਜ਼ ਦੇ ਪ੍ਰਤੀਨਿਧ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।

ਇਕ ਕੌਮਾਂਤਰੀ ਪਹਿਚਾਣ ਵਾਲੇ ਫੋਟੋ ਪੱਤਰਕਾਰ ਵਜੋਂ ਵਿਚਰਨ ਵਾਲੇ ਸੰਤੇਖ ਸਿੰਘ ਮੰਡੇਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਬੀਤੀ 25 ਜੂਨ ਨੂੰ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਕਤਲ ਕੀਤੇ ਗਏ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਫਿਊਨਰਲ ਸਮਾਗਮ ਨੂੰ ਕਵਰ ਕਰ ਰਹੇ ਸਨ ਕਿ ਦੁਪਹਿਰ 1.15 ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਨਾਲ ਬਹਿਸਬਾਜ਼ੀ ਕਰਦਿਆਂ, ਉਸ ਉਪਰ ਏਜੰਸੀਆਂ ਦਾ ਜਸੂਸ ਹੋਣ ਦੀਆਂ ਅਪਮਾਨਜਨਕ ਟਿਪਣੀਆਂ ਕੀਤੀਆਂ। ਇਸ ਦੌਰਾਨ ਉਹਨਾਂ ਨੇ ਆਪਣੇ ਗਲੇ ਵਿਚ ਆਪਣਾ ਪ੍ਰੈਸ ਸ਼ਨਾਖਤੀ ਕਾਰਡ ਪਾਇਆ ਹੋਇਆ ਸੀ ਤੇ ਪ੍ਰੋਫੈਸ਼ਨਲ ਕੈਮਰਾ ਵੀ ਉਹਨਾਂ ਦੇ ਹੱਥਾਂ ਵਿਚ ਸੀ। ਇਸਦੇ ਬਾਵਜੂਦ ਉਕਤ ਨੌਜਵਾਨ ਉਸਨੂੰ ਉਸਦੀ ਪਹਿਚਾਣ ਪੁੱਛਦਿਆਂ ਅਪਮਾਨਜਨਕ ਭਾਸ਼ਾ ਬੋਲਦੇ ਰਹੇ। ਉਹਨਾਂ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਇਸ ਘਟਨਾ ਉਪਰੰਤ ਉਹਨਾਂ ਦੇ ਮਨ ਨੂੰ ਉਦੋ ਗਹਿਰੀ ਠੇਸ ਪੁੱਜੀ ਜਦੋਂ ਉਹਨਾਂ ਦੇ ਕਿਸੇ ਦੋਸਤ ਨੇ ਟਿਕਟੌਕ ਉਪਰ ਅਪਲੋਡ ਕੀਤੀ ਗਈ ਵੀਡੀਓ ਕਲਿਪ ਭੇਜੀ ਜਿਸ ਵਿਚ ਉਸਦੀ ਤਸਵੀਰ ਦੇ ਨਾਲ ”ਭਾਰਤੀ ਏਜੰਸੀਆਂ ਦਾ ਜਸੂਸ” ਦੀ ਕੈਪਸ਼ਨ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸ ਵੀਡੀਓ ਕਲਿਪ ਤੇ ਅਪਮਾਨਜਨਕ ਕੈਪਸ਼ਨ ਰਾਹੀਂ ਉਹਨਾਂ ਦੇ ਜਿਥੇ 40 ਸਾਲਾ ਪੱਤਰਕਾਰੀ ਕੈਰੀਅਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਪੁਲਿਸ ਮੁਖੀ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਜਿ਼ਕਰਯੋਗ ਹੈ ਕਿ ਸੰਤੋਖ ਸਿੰਘ ਮੰਡੇਰ ਪੰਜਾਬੀ ਮੀਡੀਆ ਦੇ ਇਕ ਬਹੁਤ ਹੀ ਸੀਨੀਅਰ ਅਤੇ ਕੌਮਾਂਤਰੀ ਪ੍ਰਸਿਧੀ ਵਾਲੇ ਫੋਟੋ ਜਰਨਲਿਸਟ ਹਨ। ਉਹ ਪੰਜਾਬੀ ਪ੍ਰੈਸ ਕਲੱਬ ਬੀ ਸੀ ਦੇ ਮੈਂਬਰ ਵੀ ਹਨ। ਉਹਨਾਂ ਨੇ ਸਮਾਗਮ ਵਾਲੇ ਦਿਨ ਆਪਣਾ ਪਹਿਚਾਣ ਪੱਤਰ ਵੀ ਗਲੇ ਵਿਚ ਪਾਇਆ ਹੋਇਆ ਸੀ ਪਰ ਇਸਦੇ ਬਾਵਜੂਦ ਕੁਝ ਨੌਜਵਾਨਾਂ ਵਲੋਂ ਉਹਨਾਂ ਨੂੰ ਅਪਮਾਨਿਤ ਕੀਤਾ ਗਿਆ ਤੇ ਖੁਫੀਆ ਏਜੰਸੀਆਂ ਨਾਲ ਮਿਲਕੇ ਸਿੱਖ ਆਗੂ ਦੀ ਹੱਤਿਆ ਕਰਵਾਏ ਜਾਣ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਜਿਹੀਆਂ ਟਿਪਣੀਆਂ ਕਰਦਿਆਂ ਡਰਾਉਣ ਧਮਕਾਉਣ ਦਾ ਯਤਨ ਕੀਤਾ ਗਿਆ। ਗੁਰੂ ਘਰ ਦੀ ਹਦੂਦ ਅਤੇ ਸਮਾਗਮ ਵਾਲੀ ਥਾਂ ਉਪਰ ਕਿਸੇ ਸੀਨੀਅਰ ਪੱਤਰਕਾਰ ਨਾਲ ਅਜਿਹਾ ਦੁਰਵਿਵਹਾਰ ਪ੍ਰਬੰਧਕਾਂ ਨੂੰ ਵੀ ਜਵਾਬਦੇਹ ਬਣਾਉਂਦਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਵਰਗੀ ਭਾਈ ਹਰਦੀਪ ਸਿੰਘ ਨਿੱਝਰ ਦੇ ਫਿਊਨਰਲ ਸਮਾਗਮ ਦੌਰਾਨ ਕੁਝ ਸਿੱਖ ਨੌਜਵਾਨਾਂ ਅਤੇ ਇਕ ਅਣਅਧਿਕਾਰਤ ਬੁਲਾਰੇ ਨੇ ਵੀ ਸੋਸ਼ਲ ਮੀਡੀਆ ਉਪਰ ਤਿੰਨ ਭਾਰਤੀ ਜਸੂਸਾਂ ਦੇ ਫੜੇ ਜਾਣ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਸਨ ਜਿਹਨਾਂ ਵਿਚ ਇਕ ਪਰਮਜੀਤ ਸਿੰਘ ਪੰਨੂੰ ਨਾਮ ਦਾ ਵਿਅਕਤੀ ਸਵਾਲ ਕਰਨ ਵਾਲੇ ਲੋਕਾਂ ਨੂੰ ਇਹ ਜਵਾਬ ਦਿੰਦਾ ਸੁਣਾਈ ਦਿੰਦਾ ਹੈ ਕਿ ਇਥੇ ਵੀਡੀਓ ਬਣਾਉਣਾ ਕੋਈ ਗੁਨਾਹ ਨਹੀ ਬਲਕਿ ਸਭ ਲੋਕ ਵੀਡੀਓ ਬਣਾ ਰਹੇ ਹਨ ਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਉਹ ਦੂਰੋਂ ਪੈਦਲ ਚੱਲਕੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੁੱਜਾ ਹੈ। ਦੁਖਦਾਈ ਹੈ ਕਿ ਉਸਨੂੰ ਇਥੇ ਸ਼ਾਮਿਲ ਹੋਣ ਦੇ ਮਕਸਦ ਲਈ ਵੀ ਆਪਣੀ ਸਫਾਈ ਦੇਣੀ ਪੈ ਰਹੀ ਹੈ।