Headlines

ਪ੍ਰੀਮੀਅਰ ਡੇਵਿਡ ਈਬੀ ਵਲੋਂ ਕੈਨੇਡਾ ਡੇਅ ਦੀਆਂ ਵਧਾਈਆਂ

ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ‘ਕੈਨੇਡਾ ਡੇਅ’ ਦੇ ਮੌਕੇ ਸਮੂਹ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਹੈ ਕਿ  “ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹੇ ਖੂਬਸੂਰਤ, ਸੁਆਗਤ ਭਰੇ ਅਤੇ ਸ਼ਾਂਤੀਪੂਰਨ ਦੇਸ਼ ਵਿੱਚ ਰਹਿੰਦੇ ਹਾਂ। ਦੁਨੀਆ ਭਰ ਦੇ ਲੋਕ ਇੱਥੇ ਬਿਹਤਰ ਜੀਵਨ ਬਣਾਉਣ ਲਈ ਆਉਂਦੇ ਹਨ ਅਤੇ ਅਸੀਂ ਸਾਰੇ ਇਸ ਵਧ ਰਹੀ ਵਿਭਿੰਨਤਾ ਤੋਂ ਲਾਭ ਉਠਾਉਂਦੇ ਹਾਂ। ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਸਮਾਜ ਦਾ ਪੂਰੀ ਤਰ੍ਹਾਂ ਹਿੱਸਾ ਬਣਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

“ਇਸ ਕੈਨੇਡਾ ਡੇਅ ‘ਤੇ, ਮੈਂ ਉਨ੍ਹਾਂ ਇੰਡੀਜਨਸ (ਮੂਲਵਾਸੀ) ਲੋਕਾਂ ਨੂੰ ਯਾਦ ਕਰ ਰਿਹਾ ਹਾਂ ਜੋ ਆਪਣੇ ਭਾਈਚਾਰਿਆਂ ਵਿੱਚ, ਸੂਬੇ ਅਤੇ ਦੇਸ਼ ਭਰ ਵਿੱਚ ਤਬਦੀਲੀ ਲਿਆ ਰਹੇ ਹਨ। ਮੈਂ ਉਹਨਾਂ 15,000 ਤੋਂ ਵੀ ਵੱਧ ਲੋਕਾਂ ਬਾਰੇ ਸੋਚ ਰਿਹਾ ਹਾਂ ਜੋ ਯੂਕਰੇਨ ਵਿੱਚ ਯੁੱਧ ਤੋਂ ਬਚ ਕੇ ਆਏ ਹਨ ਅਤੇ ਇੱਥੇ ਬ੍ਰਿਟਿਸ਼ ਕੋਲੰਬੀਆ ਵਿੱਚ ਆ ਕੇ ਜਿਨ੍ਹਾਂ ਨੂੰ ਸ਼ਾਂਤੀ ਮਿਲੀ ਹੈ। ਮੈਂ ਉਨ੍ਹਾਂ ਬਾਰੇ ਅਤੇ ਕੈਨੇਡਾ ਭਰ ਦੇ ਸਾਰੇ ਲੋਕਾਂ ਬਾਰੇ ਸੋਚ ਰਿਹਾ ਹਾਂ ਜੋ ਇਸ ਦੇਸ਼ ਨੂੰ ਸਭ ਲਈ ਸੁਰੱਖਿਅਤ ਅਤੇ ਸਵਾਗਤਯੋਗ ਜਗ੍ਹਾ ਬਣਾਉਂਦੇ ਹਨ।

“ਕੈਨੇਡਾ ਡੇਅ, ਕੈਨੇਡਾ ਦੇ ਬਸਤੀਵਾਦੀ ਇਤਿਹਾਸ ਦਾ ਇੰਡੀਜਨਸ ਲੋਕਾਂ ਦੀਆਂ ਕਈ ਪੀੜ੍ਹੀਆਂ ‘ਤੇ ਪਏ ਅਸਰ ਅਤੇ ਸੱਚੇ ਅਤੇ ਸਥਾਈ ਮੇਲ-ਮਿਲਾਪ (reconciliation) ਦੀ ਮਹੱਤਤਾ ਨੂੰ ਮਾਨਤਾ ਦੇਣ ਦਾ ਵੀ ਇੱਕ ਮੌਕਾ ਹੈ। ਸਾਡੀ ਸਰਕਾਰ ਇਸ ਕੰਮ ਲਈ ਵਚਨਬੱਧ ਹੈ। ਪਿਛਲੇ ਸਾਲ ਅਸੀਂ ਕੈਨੇਡਾ ਭਰ ਵਿੱਚ ਪਹਿਲਾ ਅਧਿਕਾਰ ਖੇਤਰ ਬਣੇ ਸੀ ਜਿਸ ਨੇ ਇੰਡੀਜਨਸ ਲੋਕਾਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਘੋਸ਼ਣਾ ਪੱਤਰ (United Nations Declaration on the Rights of Indigenous Peoples) ਨੂੰ ਲਾਗੂ ਕਰਨ ਲਈ ਇੱਕ ਕਾਰਵਾਈ ਯੋਜਨਾ ਜਾਰੀ ਕੀਤੀ ਸੀ, ਅਤੇ ਅਸੀਂ ਇਸ ਕਾਰਵਾਈ ਦੇ ਮੁੱਦਿਆਂ ‘ਤੇ ਕੰਮ ਕਰਨ ਲਈ ਇੰਡੀਜਨਸ ਲੋਕਾਂ ਦੇ ਨਾਲ ਸਾਂਝੇਦਾਰੀ ਵਿੱਚ ਕਾਫ਼ੀ ਜ਼ਿਆਦਾ ਅੱਗੇ ਵਧੇ ਹਾਂ।

“ਵਿਭਿੰਨਤਾ, ਨਿਰਪੱਖਤਾ, ਸਮਾਵੇਸ਼ ਅਤੇ ਅਮਨ ਦੀਆਂ ਕਨੇਡੀਅਨ ਕਦਰਾਂ-ਕੀਮਤਾਂ, ਮੇਲ-ਮਿਲਾਪ ਅਤੇ ਹੋਰ ਅਜੇਹੇ ਮੁੱਦਿਆਂ ਨਾਲ ਨਜਿੱਠਣ ਲਈ ਸਾਡੇ ਕੰਮ ਨੂੰ ਦਰਸਾਉਂਦੀਆਂ ਹਨ, ਜੋ ਅਸੀਂ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਅਤੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਰ ਰਹੇ ਹਾਂ, ਜਿਸ ਵਿੱਚ ਲੋਕਾਂ ਲਈ ਵਧੇਰੇ ਘਰ ਬਣਾਉਣ, ਅਤੇ ਜੀਵਨ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਤੋਂ ਲੈ ਕੇ ਨਵੇਂ ਆਉਣ ਵਾਲੇ ਵਧੇਰੇ ਲੋਕਾਂ ਦਾ ਸੁਆਗਤ ਕਰਨਾ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣਾ ਸ਼ਾਮਲ ਹੈ।

“ਜਿਵੇਂ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ, ਆਓ ਆਪਾਂ ਸੁਣਨਾ ਅਤੇ ਸਿੱਖਣਾ ਜਾਰੀ ਰੱਖੀਏ। ਆਓ ਕੈਨੇਡਾ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਸੋਚ-ਵਿਚਾਰ ਕਰੀਏ, ਕਿ ਇਸ ਨੂੰ ਇੱਕ ਬਿਹਤਰ ਦੇਸ਼ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ – ਇੱਕ ਅਜੇਹਾ ਦੇਸ਼ ਜਿੱਥੇ ਹਰ ਕੋਈ ਇੱਕ-ਦੂਜੇ ਦੇ ਨਜ਼ਦੀਕ ਮਹਿਸੂਸ ਕਰੇ ਅਤੇ ਕੋਈ ਵੀ ਪਿੱਛੇ ਨਾ ਰਹਿ ਜਾਵੇ।”