Headlines

ਐਬਸਫੋਰਡ ਦੀ ਵੈਸਟ ਕੋਸਟ ਟੀਮ ਨੇ ਜਿੱਤਿਆ ਸਿਆਟਲ ਸਿੱਖ ਹੂਪਸ ਬਾਸਕਟਬਾਲ ਟੂਰਨਾਮੈਂਟ

-ਮਨਿੰਦਰ ਗਿੱਲ ਅਤੇ ਜੋਸ਼ ਢਿੱਲੋਂ ਉੱਤਮ ਖਿਡਾਰੀ ਐਲਾਨੇ-

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) -ਹਾਲ ਹੀ ਵਿੱਚ 23 ਜੂਨ ਤੋਂ 25 ਜੂਨ ਤੱਕ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਕਿੰਟ ਵਿਖੇ ਤਿੰਨ ਰੋਜ਼ਾ ਸ਼ਿਆਟਲ ਸਿੱਖ ਹੂਪਸ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਤੋਂ ਚੋਟੀ ਦੀਆਂ ਪ੍ਰਸਿੱਧ ਟੀਮਾਂ ਨੇ ਭਾਗ ਲਿਆ। ਪ੍ਰੀ ਕੁਆਟਰ, ਕੁਆਟਰ ਅਤੇ ਸੈਮੀਫਾਈਨਲ ਦੇ ਬੜੇ ਫਸਵੇਂ ਮੈਚ ਦੇਖਣ ਨੂੰ ਮਿਲੇ।
ਇਸ ਟੂਰਨਾਮੈਂਟ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਐਬਟਸਫੋਰਡ ਦੀਆਂ 4 ਟੀਮਾਂ ਨੇ ਉਚੇਚੇ ਤੌਰ ‘ਤੇ ਭਾਗ ਲਿਆ। ਇਨ੍ਹਾਂ ਚਾਰਾਂ ਟੀਮਾਂ ਵਿੱਚੋਂ ਵੈਸਟ ਕੋਸਟ ਦੀ ਟੀਮ ਨੇ ਫਾਈਨਲ ਮੈਚ ਖੇਡਦਿਆਂ ਆਪਣੀ ਵਿਰੋਧੀ ਟੀਮ ਨੂੰ ਪਛਾੜ ਕੇ ਇਹ ਟੂਰਨਾਮੈਂਟ ਜਿੱਤ ਲਿਆ। ਜਿਕਰਯੋਗ ਹੈ ਕਿ ਇਸ ਟੀਮ ਵਿੱਚ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਗਿੱਲ ਅਤੇ ਵਰਿੰਦਰ ਸਿੰਘ ਵੜੈਚ ਨੇ ਵੈਸਟ ਕੋਸਟ ਟੀਮ ਵੱਲੋਂ ਫਾਈਨਲ ਮੈਚ ਖੇਡਦਿਆਂ ਉੱਤਮ ਪ੍ਰਦਰਸ਼ਨ ਕੀਤਾ। ਫ਼ਾਈਨਲ ਮੈਚ ਖੇਡਦਿਆਂ ਮਨਿੰਦਰ ਗਿੱਲ ਨੇ ਭਾਵੇਂ ਬਹੁਤ ਸਾਰੇ ਪੁਇੰਟ ਬਣਾਏ ਪਰ ਉਸ ਵੱਲੋਂ ਬਣਾਏ ਪਹਿਲੇ 12 ਪੁਇੰਟ ਉਸ ਦੀ ਟੀਮ ਲਈ ਨਾ ਟੁੱਟਣ ਵਾਲੀ ਵੱਡੀ ਜੇਤੂ ਲੀਡ ਸਿੱਧ ਹੋਈ ਜਿਸ ਕਰਕੇ ਉਸ ਨੂੰ ਫ਼ਾਈਨਲ ਮੈਚ ਸਭ ਤੋਂ ਵਧੀਆ ਖਿਡਾਰੀ ਐਲਾਨਿਆਂ ਗਿਆ। ਇਸ ਤੋਂ ਇਲਾਵਾ ਜੋਸ਼ ਢਿੱਲੋਂ ਨੂੰ ਵੀ ਤੇਜ ਤਰਾਰ ਖਿਡਾਰੀ ਵਜੋਂ ਨਿਵਾਜਿਆ ਗਿਆ।
ਕੈਪਸ਼ਨ : ਵੈਸਟ ਕੋਸਟ ਐਬਟਸਫੋਰਡ ਦੀ ਜੇਤੂ ਬਾਸਕਟਬਾਲ ਟੀਮ