Headlines

ਕਾਂਗਰਸੀ ਐਮ ਐਲ ਏ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਰੀ ਵਿਚ ਨਿੱਘਾ ਸਵਾਗਤ

ਭਗਵੰਤ ਮਾਨ ਸਰਕਾਰ ਨੂੰ ਗੱਲਾਂ ਦਾ ਖੱਟਿਆ ਖਾਣ ਵਾਲੀ ਦੱਸਿਆ-

ਸਰੀ ( ਦੇ ਪ੍ਰ ਬਿ)– ਪੰਜਾਬ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਐਮ ਐਲ ਏ ਤੇ ਸਾਬਕਾ ਮੰਤਰੀ ਸ ਗੁਰਜੀਤ ਸਿੰਘ ਰਾਣਾ ਅੱਜਕੱਲ ਕੈਨੇਡਾ ਦੌਰੇ ਤੇ ਹਨ। ਬੀਤੇ ਦਿਨ ਉਹਨਾਂ ਦਾ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਸਿੰਘ ਬੈਂਸ ਦੇ ਸਰੀ ਸਥਿਤ ਗ੍ਰਹਿ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ, ਅੰਮ੍ਰਿਤਪਾਲ ਸਿੰਘ ਪੌਲ ਗਿੱਲ, ਪਰਮਜੀਤ ਲਾਖਾ , ਸੋਢੀ ਦਦਰਾਲ ਤੇ ਚੰਡੀਗੜ ਤੋਂ ਉਘੇ ਪੱਤਰਕਾਰ ਤਰਲੋਚਨ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਚਾਹ ਦਾ ਕੱਪ ਸਾਂਝਾ ਕਰਦਿਆਂ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਐਨ ਆਰ ਆਈ ਸਮੱਸਿਆਵਾਂ ਬਾਰੇ ਚਰਚਾ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਗੱਲਾਂ ਦਾ ਖੱਟਿਆਂ ਖਾਣ ਵਾਲੀ ਸਰਕਾਰ ਦੱਸਿਆ। ਉਹਨਾਂ ਕਿਹਾ ਕਿ ਲੋਕ ਸਮੱਸਿਆਵਾਂ ਦਾ ਠੋਸ ਹੱਲ ਲੱਭਣ ਦੀ ਬਿਜਾਏ ਮੀਡੀਆ ਪ੍ਰਚਾਰ ਰਾਹੀਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਦੌਰਾਨ ਉਹਨਾਂ ਭਗਵੰਤ ਮਾਨ ਸਰਕਾਰ ਵਲੋਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਭੇਜੇ ਜਾ ਰਹੇ ਵਿਜੀਲੈਂਸ ਨੋਟਿਸਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਰੋਜ਼ਾਨਾ ਅਜੀਤ ਨੇ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਸ ਹਮਦਰਦ ਅਜਿਹੇ ਪੱਤਰਕਾਰ ਨੇ ਜਿਹਨਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰੱਖਿਆ ਲਈ ਡਟਕੇ ਪਹਿਰਾ ਦਿੱਤਾ ਹੈ। ਉਹਨਾਂ ਜੰਗੇ ਆਜ਼ਾਦੀ ਯਾਦਗਾਰ ਦੀ ਉਸਾਰੀ ਵਿਚ ਘਪਲੇ ਦੀ ਜਾਂਚ ਨੂੰ ਨਿਰਪੱਖ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦਾ ਇਕ ਬਹਾਨਾ ਦੱਸਿਆ। ਇਸ ਮੌਕੇ ਰੋਜ਼ਾਨਾ ਅਜੀਤ ਤੇ ਸਾਬਕਾ ਉਪ ਸੰਪਾਦਕ ਤੇ ਦੇਸ ਪ੍ਰਦੇਸ ਟਾਈਮਜ਼  ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਨੂੰ ਇਕ ਲੰਬੇ ਅਰਸੇ ਬਾਦ ਮਿਲਣ ਤੇ ਜਲੰਧਰ ਨਾਲ ਜੁੜੀਆਂ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ।