Headlines

ਐਮ ਪੀ ਰਣਦੀਪ ਸਰਾਏ ਦੀ ਬਾਰਬੀਕਿਊ ਪਾਰਟੀ ਵਿਚ ਸਮਰਥਕ ਹੁੰਮ ਹੁਮਾਕੇ ਪੁੱਜੇ

ਟਰੂਡੋ ਸਰਕਾਰ ਵਲੋਂ ਕੀਤੇ ਕੰਮਾਂ ਤੇ ਲੋਕ ਪੱਖੀ ਨੀਤੀਆਂ ਦੀ ਜਾਣਕਾਰੀ ਦਿੱਤੀ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦੇ ਮਾਣ ਵਿਚ ਸਾਲਾਨਾ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਸਮਰਥਕਾਂ ਦਾ ਸਵਾਗਤ ਕਰਦਿਆਂ ਉਹਨਾਂ ਨੇ ਖੁਦ ਖਾਣ-ਪੀਣ ਦੀਆਂ ਵਸਤਾਂ ਪਰੋਸੀਆਂ। ਇਸ ਮੌਕੇ ਉਹਨਾਂ ਨੇ  ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਹੇਠ ਕੈਨੇਡਾ ਅਤੇ ਕੈਨੇਡੀਅਨ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਅਤੇ ਸੌਖਾਲਾ ਬਣਾਉਣ ਲਈ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ। ਉਹਨਾਂ ਯਾਦ ਕਰਾਇਆ ਕਿ ਕਿਵੇਂ ਕੋਵਿਡ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਹੇਠ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਬੇਹਤਰ ਕੰਮ ਕੀਤਾ ਗਿਆ। ਲੋਕਾਂ ਤੇ ਬਿਜਨੈਸ ਅਤੇ ਰੋਜਗਾਰ ਬਚਾਉਣ ਲਈ ਦਿਲ ਖੋਹਲਕੇ ਵਿੱਤੀ ਸਹਾਇਤਾ ਦਿੱਤੀ ਗਈ। ਉਹਨਾਂ ਟਰੂਡੋ ਸਰਕਾਰ ਵਲੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਸੌਖਾਲਾ ਬਣਾਏ ਜਾਣ ਅਤੇ ਲੱਖਾਂ ਲੋਕਾਂ ਨੂੰ ਉਸਦਾ ਫਾਇਦਾ ਮਿਲਣ ਦਾ ਖਾਸ ਜਿ਼ਕਰ ਕੀਤਾ। ਉਹਨਾਂ ਇਸ ਸਮੇਂ ਵਧ ਰਹੀ ਮਹਿੰਗਾਈ ਅਤੇ ਘਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਬਾਰੇ ਕਿਹਾ ਕਿ ਟਰੂਡੋ ਸਰਕਾਰ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਅਗਲੇ ਸਮੇਂ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ।

ਉਹਨਾਂ ਬਾਰਬੀਕਿਊ ਪਾਰਟੀ ਵਿਚ ਪੁੱਜਣ ਵਾਲੇ ਸਾਰੇ ਲੋਕਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਤਸਵੀਰਾਂ ਖਿਚਵਾਈਆਂ।