Headlines

ਭਾਰੀ ਮੀਂਹ ਨਾਲ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਹੋਏ ਨੁਕਸਾਨ ਦਾ ਸਾਬਕਾ ਵਿਧਾਇਕ ਸਿੱਕੀ ਨੇ ਲਿਆ ਜਾਇਜ਼ਾ 

ਕਿਹਾ:ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਮੁਸ਼ਕਿਲ ਵੇਲੇ ਰਹਾਂਗਾ ਖੜ੍ਹਾ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-
ਮੌਨਸੂਨ ਦੇ ਮੌਸਮ ਵਿਚ ਇਸ ਵਾਰ ਹੋਈ ਰਿਕਾਰਡ ਤੋੜ ਬਾਰਿਸ਼ ਨੇ ਜਿਥੇ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ,ਉਥੇ ਬਾਰਿਸ਼ ਦੇ ਪਾਣੀ ਨਾਲ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਵੀ ਵੱਡੀ ਤਬਾਹੀ ਹੋਈ ਹੈ।ਉਥੇ ਹੀ ਪਿੰਡਾਂ ਵਿਚਲੇ ਛੱਪੜ ਭਰ ਜਾਣ ਕਾਰਨ ਪਾਣੀ ਲੋਕਾਂ ਦੇ ਘਰਾਂ ਤੱਕ ਆ ਜਾਣ ਕਰਕੇ ਵੀ ਵੱਡਾ ਨੁਕਸਾਨ ਹੋਇਆ ਹੈ।ਹਲਕਾ ਖਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਅੱਜ ਆਪਣੀ ਟੀਮ ਸਮੇਤ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਕਾਫੀ ਵੱਧ ਜਾਣ ਕਰਕੇ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਸਮੇਤ ਹੋਰਨਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਮੰਡ ਖੇਤਰ ਦੇ ਪਿੰਡਾਂ ਜਿੰਨਾ ਵਿੱਚ ਗੁੱਜਰਪੁਰਾ,ਘੜਕਾ, ਕਰਮੂੰਵਾਲਾ,ਮੁੰਡਾ ਪਿੰਡ,ਚੰਬਾ ਕਲਾਂ,ਕੰਬੋਅ ਢਾਏ ਵਾਲਾ,ਧੁੰਨ ਢਾਏ ਵਾਲਾ ਆਦਿ ਪਿੰਡਾਂ ਵਿੱਚ ਪੁੱਜੇ ਅਤੇ ਕਿਸਾਨਾਂ ਨੂੰ ਮਿਲ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਕਿਹਾ ਕੇ ਬਹੁਤ ਭਾਰੀ ਮੀਂਹ ਕਾਰਨ ਹਲਕਾ ਖਡੂਰ ਸਾਹਿਬ ਅਧੀਨ ਆਉਦੇ ਇਲਾਕੇ ਦਾ ਬਹੁਤ ਨੁਕਸਾਨ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਬਿੱਲਕੁੱਲ ਬਰਬਾਦ ਹੋ ਗਈ ਹੈ,ਕਈ ਪਿੰਡਾਂ ਦੇ ਮਕਾਨ ਢਹਿ ਗਏ ਹਨ,ਪਸੂਆ ਦਾ ਚਾਰਾ ਬਰਬਾਦ ਹੋ ਗਿਆ ਹੈ।ਸਿੱਕੀ ਨੇ ਪ੍ਰਸ਼ਾਸ਼ਣ ਨੂੰ ਅਪੀਲ ਕੀਤੀ ਹੈ ਕਿ ਮੰਡ ਏਰੀਏ ਦੇ ਪਿੰਡਾਂ ਵਿੱਚ ਫਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਪ੍ਰਸ਼ਾਸ਼ਣ ਤੁਰੰਤ ਜਾਇਜ਼ਾ ਲਏ ਤੇ ਸਰਕਾਰ ਦੇ ਧਿਆਨ ‘ਚ ਲਿਆ ਕੇ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਵਾਇਆ ਜਾਵੇ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੁਆਵਜ਼ੇ ਤੋਂ ਇਲਾਵਾ ਸਰਕਾਰ ਆਪਣੇ ਸਹਾਇਤਾ ਖਾਤੇ ਚੋਂ ਤਰੁੰਤ ਰਾਸ਼ੀ ਕਿਸਾਨਾਂ ਤੱਕ ਪਹੁੰਚਾਵੇ ਤਾਂ ਜੋ ਕਿਸਾਨ ਆਪਣੀਆਂ ਜ਼ਮੀਨਾਂ ਵਿੱਚ ਦੁਬਾਰਾ ਫਸਲਾਂ ਉਗਾ ਸਕਣ ਤੇ ਢਹਿ ਚੁੱਕੇ ਮਕਾਨ ਬਣਾ ਸਕਣ।ਸ.ਸਿੱਕੀ ਨੇ ਪ੍ਰਸਾਸ਼ਣ ਨੂੰ ਅਪੀਲ ਕੀਤੀ ਕਿ ਹਰੀਕੇ ਦਰਿਆ ‘ਤੇ ਬਣਾਏ ਬੰਨ੍ਹ ਦੇ ਦਰ ਚੁੱਕੇ ਜਾਣ ਤਾਂ ਜੋ ਪਿੱਛੇ ਪਿੰਡ ਵਾਸੀਆਂ ਨੂੰ ਕੋਈ ਰਾਹਤ ਮਿਲ ਸਕੇ।ਇਸ ਮੌਕੇ ਉਨ੍ਹਾਂ ਪ੍ਰਸ਼ਾਸ਼ਣ ਨਾਲ ਵੀ ਗੱਲ ਕਰਕੇ ਅਪੀਲ ਕੀਤੀ ਕਿ ਲੋਕਾਂ ਦੀ ਸਹਾਇਤਾ ਲਈ ਹਰ ਤਰ੍ਹਾਂ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ।ਸ.ਸਿੱਕੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਣਗੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਹੀਂ ਆਉਣ ਦੇਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਸਰਪੰਚ,ਪੰਚ ਸਾਹਿਬਾਨ ਅਤੇ ਮੋਹਤਬਰ ਸੱਜਣ ਵੀ ਹਾਜਰ ਸਨ।
ਫੋਟੋ ਕੈਪਸ਼ਨ: ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਰਿਆ ਬਿਆਸ ਦੇ ਪਾਣੀ ਦੀ ਮਾਰ ਨਾਲ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ