Headlines

ਕੈਨੇਡਾ ਵਿੱਚ ਗੁਰਦਾਸ ਮਾਨ ਦੇ ਸ਼ੋਅ ਦਾ ਵਿਰੋਧ ਕਿਉਂ ?

* ਸ਼ੋਅ ਰੱਦ ਨਾ ਹੋਣ ਦੀ ਸੂਰਤ ਵਿੱਚ  ਵਿਰੋਧ ਪ੍ਰਦਰਸ਼ਨਾਂ ਦੀ ਚੇਤਾਵਨੀ-
* ਪੰਜਾਬੀ ਹਿਤੈਸ਼ੀਆਂ ਨੇ ਪ੍ਰਮੋਟਰਾਂ ਅਤੇ ਸਪੌਂਸਰਾਂ ਕੋਲ ਪ੍ਰਗਟਾਏ ਇਤਰਾਜ਼-
ਵੈਨਕੂਵਰ ( ਡਾ ਗੁਰਵਿੰਦਰ ਸਿੰਘ)- ਗੁਰਦਾਸ ਮਾਨ ਦਾ ਸ਼ੋਅ ਕਰਵਾਉਣ ਵਾਲੇ ਪ੍ਰਮੋਟਰਾਂ ਵੱਲੋਂ ਬੀਤੇ ਬੁੱਧਵਾਰ ਨੂੰ ਸਰੀ ਵਿੱਚ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਮੌਕੇ ‘ਤੇ ਪਹੁੰਚ ਕੇ ਸ਼ੋਅ ਦਾ ਵਿਰੋਧ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਪ੍ਰਮੋਟਰਾਂ ਕੋਲ ਇਤਰਾਜ਼ ਪ੍ਰਗਟਾਏ ਅਤੇ ਸ਼ੋਅ ਰੱਦ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਤਰਾਜ਼ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਸੁਲਫ਼ੇ-ਸੂਟੇ-ਸ਼ਰਾਬ ਦੀ ਮਸ਼ਹੂਰੀ ਕਰਨ ਤੋਂ ਬਾਅਦ, ਹਿੰਦੀ ਦੇ ਹੇਜ ਵਿੱਚ ਉਸ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕੀਤਾ ਗਿਆ, ਜਿਸ ਦੇ ਸਿਰ ‘ਤੇ ਉਸਨੇ ਪੈਸਾ ਅਤੇ ਸ਼ੋਹਰਤ ਕਮਾਈ। ਇੱਥੇ ਹੀ ਬੱਸ ਨਹੀਂ, ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਇਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਅਪਸ਼ਬਦ ਬੋਲਿਆ ਗਿਆ, ਜਿਸ ਦਾ ਪੂਰੇ ਸੰਸਾਰ ਦੇ ਪੰਜਾਬੀ ਭਾਈਚਾਰੇ ਵਲੋੰ ਵਿਰੋਧ ਕੀਤਾ ਗਿਆ। ਆਕੜ ਦੇ ਨਸ਼ੇ ‘ਚ ਚੂਰ ਗੁਰਦਾਸ ਮਾਨ ਨੇ ਆਪਣੀ ਕਿਸੇ ਵੀ ਗਲਤੀ ਦੀ ਮਾਫੀ ਨਾ ਮੰਗੀ, ਸਗੋਂ ਵਾਰ-ਵਾਰ ਆਪਣੀ ਜ਼ਿਦ ਪੁਗਾਈ। ਇਸੇ ਕਾਰਨ ਹੀ ਕਿਸਾਨ ਮੋਰਚਿਆਂ ਦੌਰਾਨ ਵੀ ਗੁਰਦਾਸ ਮਾਨ ਨੂੰ ਨੌਜਵਾਨਾਂ ਨੇ ਸਟੇਜ ਤੇ ਬੋਲਣ ਨਹੀਂ ਦਿੱਤਾ।
       ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਫਿਰ ਗੁਰਦਾਸ ਮਾਨ ਦਾ ਕੈਨੇਡਾ ਟੂਰ ਉਲੀਕਿਆ ਜਾ ਰਿਹਾ ਹੈ। ਪ੍ਰਮੋਟਰ ਗੁਰਜੀਤ ਬੱਲ ਇਹ ਪ੍ਰੋਗਰਾਮ ਕਰਵਾ ਰਹੇ ਹਨ, ਜਦਕਿ ਕੁਝ ਪੰਜਾਬੀ ਹੀ ਇਨ੍ਹਾਂ ਪ੍ਰੋਗਰਾਮਾਂ ਦੇ ਸਪੌੰਸਰ ਹੋਣਗੇ। ਸਰੀ ਵਿੱਚ ਹੋਈ ਇੱਕਤਰਤਾ ਮੌਕੇ ਹਾਜ਼ਿਰ ਸ਼ਖ਼ਸੀਅਤਾਂ ਵਲੋਂ ਪ੍ਰਮੋਟਰਾਂ ਤੇ ਸਪੌੰਸਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਭਾਈਚਾਰੇ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਿਆਂ ਗੁਰਦਾਸ ਮਾਨ ਦਾ ਕੈਨੇਡਾ ਟੂਰ ਰੱਦ ਕੀਤਾ ਜਾਵੇ। ਇਸ ਮੌਕੇ ਤੇ ਪ੍ਰਮੋਟਰ ਨਾਲ ਗੱਲਬਾਤ ਕਰਦਿਆਂ ਸਖਸ਼ੀਅਤਾਂ ਨੇ ਕਿਹਾ ਕਿ ਗੁਰਜੀਤ ਬੱਲ ਵਲੋਂ ਅਨੇਕਾਂ ਹੋਰ ਸ਼ੋਅ ਵੀ ਕਰਵਾਏ ਜਾਂਦੇ ਹਨ ਅਤੇ ਕਿਸੇ ਦਾ ਕੋਈ ਵਿਰੋਧ ਨਹੀਂ ਕਰਦਾ, ਪਰ ਹੁਣ ਉਹ ਗੁਰਦਾਸ ਮਾਨ ਦੇ ਸ਼ੋਅ, ਨਾ ਕਰਵਾਉਣ ਦੀ ਬੇਨਤੀ ਕਬੂਲ ਕਰਨ ਅਤੇ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਨੂੰ ਕੈਨੇਡਾ ਭਰ ਵਿਚ ਗੁਰਦਾਸ ਮਾਨ ਦੇ ਸ਼ੋਆਂ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਕਰਨ। ਇਸ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਥਾਵਾਂ ਤੋਂ ਚਲਦੇ ਮਾਂ ਬੋਲੀ ਪੰਜਾਬੀ ਦੇ  ਰੇਡੀਓ/ ਟੀ ਵੀ ਸ਼ਟੇਸ਼ਨਾਂ/ ਵੈੱਬ ਚੈੱਨਲਾਂ ਦੀਆਂ ਮੈਨੇਜਮੈਂਟ/ ਮੀਡੀਆ ਕਰਮੀਆਂ/ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋਣ ਵਾਲੇ ਸ਼ੋਅ ਦੀ ਪ੍ਰਮੋਸ਼ਨ ਕਰਨ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਨਾ ਕਰਨ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਗੁਰਦਾਸ ਮਾਨ ਸ਼ੋਅ ਦੀ ਪ੍ਰਮੋਸ਼ਨ ਨਾ ਕਰਕੇ ਉਹਨਾਂ ਦਾ ਆਰਥਿਕ ਨੁਕਸਾਨ ਹੋਵੇਗਾ, ਤਾਂ ਉਸ ਦੀ ਭਰਪਾਈ ਮਾਂ ਬੋਲੀ ਪੰਜਾਬੀ ਦੇ ਵਾਰਿਸ ਆਪਣੇ ਕੋਲੋ ਕਰ ਦੇਣਗੇ। ਭਾਈਚਾਰੇ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਿਆਂ ਉਹ ਬੇਨਤੀ ਕਬੂਲ ਕਰਨ, ਹਾਲਾਂਕਿ ਪੂਰਨ ਆਸ ਹੈ ਕਿ ਮਾਂ ਬੋਲੀ ਪੰਜਾਬੀ ਦੇ ਸਿਰ ਤੋਂ ਹੀ ਪੰਜਾਬੀ ਮੀਡੀਆ ਅਦਾਰੇ ਚਲਦੇ ਹੋਣ ਕਰਕੇ ਆਪਣਾ ਫਰਜ਼ ਪਹਿਚਾਣਦੇ ਹੋਏ ਪੰਜਾਬ ਨੂੰ ਪਿੱਠ ਨਹੀਂ ਵਿਖਾਉਂਗੇ।
     ਗੁਰਦਾਸ ਮਾਨ ਉੱਪਰ ਇਤਰਾਜ਼ ਪ੍ਰਗਟਾਉਣ ਵਾਲੀਆਂ ਸ਼ਖ਼ਸੀਅਤਾਂ ਦਾ  ਕਹਿਣਾ ਹੈ ਕਿ ਕੈਨੇਡਾ ਵਸਦੇ ਕਾਰੋਬਾਰੀ ਪੰਜਾਬੀਆਂ ਨੂੰ ਸੂਝ ਬੂਝ ਤੋਂ ਕੰਮ ਲੈਂਦਿਆਂ ਅਦਿੱਖ ਸ਼ਕਤੀਆਂ ਦੇ ਇਸ਼ਾਰੇ ਤੇ ਆਪਣੀ ਭਾਈਚਾਰਕ ਸਾਂਝ ਵਿੱਚ ਆਪਸੀ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਅਨਸਰਾਂ ਨੂੰ ਨਾਕਾਮ ਕਰਨਾ ਚਾਹਦਾ ਹੈ। ਇਤਰਾਜ਼ ਪ੍ਰਗਟਾਇਆ ਕਿਹਾ ਗਿਆ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ, ਤਾਂ ਉਸ ਨੂੰ ਮਾਂ ਬੋਲੀ ਪੰਜਾਬੀ  ਵਿਰੋਧੀ ਮੰਨਿਆ ਜਾਵੇਗਾ ਤੇ ਭਵਿੱਖ ਵਿੱਚ ਉਹਨਾਂ ਦੇ ਮੀਡੀਆ ਅਦਾਰੇ/ ਵਪਾਰਕ ਅਦਾਰੇ ਦਾ ਪੰਜਾਬੀ ਭਾਈਚਾਰੇ ਵੱਲੋਂ ਹਰਗਿਜ਼ ਸਹਿਯੋਗ ਨਹੀਂ ਕੀਤਾ ਜਾਵੇਗਾ। ਅਪੀਲ ਕੀਤੀ ਗਈ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿੱਠ ਦਿਖਾ ਕੇ, ਆਪਣੀ ਮਾਸੀ ਨੂੰ ਮਾਂ ਬਣਾਉਣ ਵਾਲੇ ਗੁਰਦਾਸ ਮਾਨ ਦਾ ਬਾਈਕਾਟ ਕੀਤਾ ਜਾਵੇ। ਜਿਸ ਕਲਾਕਾਰ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲੋ ਮਾਸੀ ਦਾ ਜ਼ਿਆਦਾ ਹੈ ਹੇਜ ਹੋਵੇ, ਸਟੇਜ ਦੀ ਮਾਣ ਮਰਯਾਦਾ ਅਤੇ ਸਟੇਜ ਤੋਂ ਚੰਗੇ ਸ਼ਬਦਾ ਦੀ ਵਰਤੋਂ ਕਰਨ ਦੀ ਵਜਾਏ ਆਪਣੀਆਂ ਧੀਆਂ ਭੈਣਾਂ ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲ ਕੇ, ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਨੂੰ ਘਟੀਆ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਬੋਲ ਕੇ ਹੰਕਾਰ ਦੇ ਨਸ਼ੇ ਵਿੱਚ ਅਣਖ ਨੂੰ ਵੰਗਾਰਾਨ ਦੀ ਜੁਅਰਤ ਕਰੇ, ਪੰਜਾਬ ਦੇ ਵਾਰਿਸ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
     ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀਆਂ ਨੇ ਬੁੱਧਵਾਰ ਨੂੰ ਪ੍ਰਮੋਟਰ ਗੁਰਜੀਤ ਬੱਲ ਅਤੇ ਹੋਰਨਾਂ ਨਾਲ ਮੁਲਾਕਾਤ ਕਰਦਿਆਂ ਜੋ ਇਤਰਾਜ਼ ਉਠਾਏ ਉਹ ਇਸ ਤਰ੍ਹਾਂ ਹਨ;
1)  ਗੁਰਦਾਸ ਮਾਨ ਵੱਲੋਂ ਸਟੇਜ ‘ਤੇ ਧੀਆਂ, ਭੈਣਾਂ, ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲਣ ਤੋਂ ਬਾਅਦ ਵੀ ਕੋਈ ਪਛਤਾਵਾ ਜਾਂ ਕੋਈ ਮੁਆਫੀ ਨਾਂ ਮੰਗਣ ਨਾਲ ਪੰਜਾਬੀਆਂ ਦੇ ਮਨਾਂ ਵਿਚ ਭਾਰੀ ਰੋਸ ਅਤੇ ਗੁੱਸਾ ਹੈ।
(2) ਗੁਰਦਾਸ ਮਾਨ ਵਲੋਂ ‘ਸਰਕਾਰ ਦੀ ਸ਼ਹਿ ‘ਤੇ ਇੱਕ ਦੇਸ਼ ਇੱਕ ਬੋਲੀ’ ਦਾ ਨਾਅਰਾ ਮਾਰਨਾ ਆਪਣੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਹੈ। ਅਜਿਹਾ ‘ਸਰਕਾਰੀ ਬਿਰਤਾਂਤ’ ਸਿਰਜਣ ਕਾਰਨ ਹੀ ਨੌਜਵਾਨਾਂ ਨੇ ਕਿਸਾਨ ਸੰਘਰਸ਼ ਦੌਰਾਨ ਗੁਰਦਾਸ ਮਾਨ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ।
3)  ਗੁਰਦਾਸ ਮਾਨ ਵੱਲੋਂ ਕਿਸੇ ਡੇਰੇ ‘ਤੇ ਜਾਣ ਦਾ ਕੋਈ ਇਤਰਾਜ਼ ਨਹੀਂ ਹੈ ਪਰ ਡੇਰਿਆਂ ‘ਤੇ ਜਾ ਕੇ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕਰਨਾ, ਪੰਜਾਬ ਦੀ ਜਵਾਨੀ ਲਈ ਖਤਰਨਾਕ ਹੈ।
(4)  ਗੁਰਦਾਸ ਮਾਨ ਵਲੋਂ ਹੁੱਕਾ ਤੇ ਸਿਗਰਟਾਂ ਪੀਣ ਵਾਲੇ ਲਾਡੀ ਸ਼ਾਹ ਨੂੰ  ਗੁਰੂ ਅਮਰਦਾਸ ਜੀ ਦਾ ਵੰਸ਼ਜ ਕਹਿਣਾ ਸਿੱਖਾਂ ਲਈ ਬਰਦਾਸ਼ਤ ਤੋਂ ਬਾਹਰ ਹੈ।
5) ਗੁਰਦਾਸ ਮਾਨ ਵੱਲੋਂ ਪੰਜਾਬ ਦੇ ਬੁੱਚੜ ਕੇ.ਪੀ.ਐੱਸ ਗਿੱਲ ਵਰਗਿਆਂ ਨੂੰ ਸਟੇਜ ਤੇ ਪ੍ਰਮੋਟ ਕਰਨਾ ਅਤੇ ਬੁੱਚੜ ਗਿੱਲ ਵਰਗਿਆਂ ਵੱਲੋਂ 90ਵਿਆਂ ਵਿੱਚ ਅਜਿਹੇ ਗਵੱਈਆਂ ਨੂੰ ਉਤਸ਼ਾਹਤ ਕਰਕੇ, ਪੰਜਾਬ ਦੀ ਜਵਾਨੀ ਨੂੰ ਸ਼ਰਾਬ ਤੇ ਕਬਾਬ ਵੱਲ ਤੋਰਨਾ ਇੱਕ ਚਿੰਤਾ ਦਾ ਵਿਸ਼ਾ ਹੈ, ਜਿਸ ਬਾਰੇ ਪੰਜਾਬੀ ਚਿੰਤਕ ਡਾ.ਪਿਆਰੇ ਲਾਲ ਗਰਗ ਵਰਗੀਆਂ ਸ਼ਖਸੀਅਤਾਂ ਨੇ ਅਹਿਮ ਖੁਲਾਸੇ ਕੀਤੇ ਹਨ।
    ਉਪਰੋਕਤ ਇਤਰਾਜ਼ ਪ੍ਰਮੋਟਰ ਗੁਰਜੀਤ ਬੱਲ ਨਾਲ ਸਾਂਝੇ ਕਰਨ ਤੋਂ ਬਾਅਦ, ਪੰਜਾਬੀ ਮਾਂ ਬੋਲੀ ਦੇ ਵਾਰਿਸ ਨੌਜਵਾਨਾਂ ਨੇ ਆਸ ਪ੍ਰਗਟਾਈ ਕਿ ਪ੍ਰਬੰਧਕ ਅਤੇ ਪ੍ਰਮੋਟਰ ਸਹਿਬਾਨ ਸ਼ੋਅ ਰੱਦ ਕਰਨਗੇ ਅਤੇ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਆਉਂਦੇ ਦਿਨਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੀ ਜਾਣਗੇ, ਜਿਨ੍ਹਾਂ ਲਈ ਪ੍ਰਮੋਟਰ ਜਿੰਮੇਵਾਰ ਹੋਣਗੇ।
        ਪੰਜਾਬੀ ਹਿਤੈਸ਼ੀਆਂ ਦਾ ਦਾਅਵਾ ਹੈ ਕਿ ਗੁਰਦਾਸ ਮਾਨ ਦੇ ਸ਼ੋਅ ਦਾ  ਵਿਰੋਧ ਮਹਿਜ਼ ਉਸਦਾ ਨਿਜੀ ਵਿਰੋਧ ਨਾ ਹੋ ਕੇ, ‘ਸਰਕਾਰੀ ਬਿਰਤਾਂਤ’ ਦਾ ਵਿਰੋਧ, ਪੰਜਾਬੀ ਬੋਲੀ ਦੀ ਦੁਰਗਤੀ ਅਤੇ ਬੇਹੁਰਮਤੀ ਦਾ ਵਿਰੋਧ, ਨੌਜਵਾਨ ਨੂੰ ਨਸ਼ਿਆਂ, ਤੰਬਾਕੂਆਂ ਆਦਿ ਦੀ ਦਲਦਲ ਵਿੱਚ ਧੱਕਣ ਦਾ ਵਿਰੋਧ ਪੰਜਾਬ ਦੀ ਧਰਤੀ ਤੇ ਨਸ਼ੇੜੀ ਡੇਰੇਦਾਰਾਂ ਨੂੰ ਪ੍ਰਮੋਟ ਕਰਨ ਦਾ ਵਿਰੋਧ ਹੈ। ਇਹ ਵਿਰੋਧ ਕੈਨੇਡਾ ਦੀ ਕਿਸੇ ਵਿਸ਼ੇਸ਼ ਸੰਸਥਾ ਵੱਲੋਂ ਨਾ ਹੋ ਕੇ, ਸਮੂਹ ਪੰਜਾਬੀਆਂ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੈ।