Headlines

ਬੂਟੇ ਵੇਚਣ ਵਾਲੇ ਸਾਈਕਲ ਸਵਾਰ ਮਾਲੀ ਨੂੰ ਬਣਾਇਆ ਲੁੱਟ ਦਾ ਸ਼ਿਕਾਰ

ਮੂੰਹ ‘ਤੇ ਤੇਜ਼ਧਾਰ ਦਾਤਰ ਮਾਰ ਕੇ ਖੋਹਿਆ ਪਰਸ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਜੁਲਾਈ-
ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਸਾਈਕਲ ਸਵਾਰ ਪਿੰਡਾਂ ਵਿੱਚ ਜਾ ਕੇ ਬੂਟੇ ਵੇਚਣ ਵਾਲੇ ਮਾਲੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ,ਉਸਦੇ ਮੂੰਹ ਉੱਪਰ ਤੇਜ਼ਧਾਰ ਦਾਤਰ ਨਾਲ ਵਾਰ ਕਰਕੇ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਏ।ਪਰਸ ਵਿੱਚ ਮਾਤਰ 200-300 ਸੌ ਰੁਪਏ ਦੱਸਿਆ ਜਾ ਰਿਹਾ ਹੈ।ਵਾਰਦਾਤ ਵਾਲੀ ਜਗ੍ਹਾ ਦੇ ਕੋਲੋਂ ਹੀ ਲੰਘ ਰਹੇ ਪਿੰਡ ਗੰਡੀਵਿੰਡ ਧੱਤਲ ਦੇ ਸਮਾਜਸੇਵੀ ਸਿਕੰਦਰ ਸਿੰਘ ਵਲੋਂ ਜ਼ਖ਼ਮੀ ਹਾਲਤ ਵਿੱਚ ਮਾਲੀ ਨੂੰ ਉਠਾ ਕੇ ਪਿੰਡ ਦੇ ਹੀ ਡਾਕਟਰ ਕੋਲ ਲਿਜਾਇਆ ਗਿਆ,ਜਿਥੇ ਡਾਕਟਰ ਵਲੋਂ ਉਸਦੇ ਮੂੰਹ ‘ਤੇ ਡੂੰਘੇ ਜਖਮਾਂ ਨੂੰ ਦੇਖਦੇ ਹੋਏ ਟਾਂਕੇ ਲਗਾਏ ਗਏ। ਜਾਣਕਾਰੀ ਅਨੁਸਾਰ ਸੁੰਦਰ ਸਿੰਘ ਪੁੱਤਰ ਰਾਮ ਚਰਨ ਵਾਸੀ ਯੂਪੀ ਹਾਲ ਵਾਸੀ ਸਰਹਾਲੀ ਨੇ ਦੱਸਿਆ ਕਿ ਉਹ ਸਰਹਾਲੀ ਵਿਖੇ ਸਥਿੱਤ ਪ੍ਰੇਮ ਨਰਸਰੀ ‘ਤੇ ਮਾਲੀ ਵਜੋਂ ਕੰਮ ਕਰਦਾ ਹੈ ਅਤੇ ਸਾਈਕਲ ਤੇ ਸਵਾਰ ਹੋ ਨੇੜਲੇ ਪਿੰਡਾਂ ਵਿੱਚ ਬੂਟੇ ਵੇਚਣ ਦਾ ਕੰਮ ਕਰਦਾ ਹੈ।ਐਤਵਾਰ ਵਾਲੇ ਦਿਨ ਵੀ ਉਹ ਆਪਣੇ ਸਾਈਕਲ ‘ਤੇ ਬੂਟੇ ਵੇਚਣ ਲਈ ਪਿੰਡ ਗੰਡੀਵਿੰਡ ਧੱਤਲ ਪੁੱਜਾ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਤੇਜ਼ਧਾਰ ਦਾਤਰ ਨਾਲ ਉਸਦੇ ਮੂੰਹ ‘ਤੇ ਵਾਰ ਕਰਕੇ ਉਸ ਕੋਲੋਂ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਏ।ਮਾਲੀ ਨੇ ਦੱਸਿਆ ਕਿ ਪਰਸ ਵਿੱਚ ਮਾਤਰ ਦੋ-ਤਿੰਨ ਸੌ ਰੁਪਏ ਹੀ ਸਨ।ਸਮਾਜ ਸੇਵੀ ਸਿਕੰਦਰ ਸਿੰਘ ਵਲੋਂ ਜ਼ਖ਼ਮੀ ਹਾਲਤ ਵਿੱਚ ਮਾਲੀ ਦਾ ਇਲਾਜ ਹੁੰਦੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ।ਇਸ ਸੰਬੰਧੀ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਮੁੱਖ ਮੁੱਨਸੀ਼ ਪਵਨਦੀਪ ਸਿੰਘ ਨਾਲ ਉਨ੍ਹਾਂ ਦੇ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਅਜੇ ਤੱਕ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ।ਜਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਵੀਡੀਓ ਨਹੀਂ ਦੇਖੀ। ਵੀਡੀਓ ਦੇਖਣ ਤੋਂ ਬਾਅਦ ਉਹ ਬਣਦੀ ਕਾਰਵਾਈ ਕਰਨਗੇ।
ਫੋਟੋ ਕੈਪਸ਼ਨ: ਲੁੱਟ ਦਾ ਸ਼ਿਕਾਰ ਹੋਏ ਜ਼ਖ਼ਮੀ ਮਾਲੀ ਸੁੰਦਰ ਸਿੰਘ।