Headlines

ਗੁ. ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਲਗਾਇਆ ਖਾਲਸਾ ਕੈਂਪ

* ਖਾਲਸਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਕੀਤਾ ਗਿਆ ਸਨਮਾਨ –
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨੀਂ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਬੱਚਿਆਂ ਲਈ ਸਲਾਨਾ ਗੁਰਮਤਿ ਖ਼ਾਲਸਾ ਕੈਂਪ ਸਮਰ 2023 ਦਾ ਆਯੋਜਨ ਕੀਤਾ ਗਿਆ। ਲਗਭਗ ਤਿੰਨ ਹਫ਼ਤੇ ਚੱਲੇ ਕੈਂਪ ਵਿੱਚ ਛੋਟੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਅੱਖਰ ਗਿਆਨ ਤੇ ਗੁਰਮਤਿ ਗਿਆਨ ਸਸ਼ਤਰ ਵਿੱਦਿਆ ਗੱਤਕਾ ਸਿਖਲਾਈ ਦਸਤਾਰ ਤੇ ਦੁਮਾਲੇ ਸਜਾਉਣ ਦੀ ਸਿੱਖਿਆ ਦਿਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਜੋਤ ਸਿੰਘ ਖ਼ਾਲਸਾ ਤੇ ਭਾਈ ਦਲਵੀਰ ਸਿੰਘ ਹਜ਼ੂਰੀ ਗ੍ਰੰਥੀ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿਨ੍ਹਾਂ ਵਲੋਂ ਗੁਰਮਤਿ ਗਿਆਨ ਅਤੇ ਗੁਰਬਾਣੀ ਬਾਰੇ ਸਿੱਖਿਆ ਬੱਚਿਆਂ ਨੂੰ ਦਿੱਤੀ ਗਈ। ਇਸ ਮੌਕੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਵਲੋਂ ਵਿਸ਼ੇਸ਼ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਤੋਂ ਗੁਰਦੁਆਰਾ ਗੋਬਿੰਦਸਰ ਲਵੀਨੀਓ ਰੋਮ ਦੀ ਪ੍ਰੰਬਧਕ ਕਮੇਟੀ ਵਲੋਂ ਇਲਾਕੇ ਦੇ ਭਾਰਤੀ ਬੱਚਿਆਂ ਨੂੰ ਗੁਰਮੁਖੀ ਮਾਂ ਬੋਲੀ ਪੰਜਾਬੀ, ਗੁਰਮਤਿ ਗਿਆਨ ਦੀ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਤਾਂ ਜੋ ਵਿਦੇਸ਼ੀ ਧਰਤੀ ਤੇ ਰਹਿਣ ਵਸੇਰਾ ਕਰਨ ਵਾਲੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਗੁਰਬਾਣੀ ਤੇ ਧਰਮ ਪ੍ਰਤੀ ਜੋੜਿਆਂ ਜਾ ਸਕੇ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਨੇਪੜੇ ਚੜਾਉਣ ਵਿੱਚ ਇਲਾਕੇ ਦੇ ਨੌਜਵਾਨ ਸੇਵਾਦਾਰਾਂ ਵਲੋਂ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਵੀ ਨਿਭਾਈਆਂ ਗਈਆਂ ਦੂਜੇ ਪਾਸੇ 20 ਸਤੰਬਰ 2023 ਤੋਂ ਫਿਰ ਤੋਂ ਅਗਲਾ ਗੁਰਮਤਿ ਗਿਆਨ ਕੈਂਪ ਲਗਾਇਆ ਜਾਵੇਗਾ। ਪ੍ਰਬੰਧਕਾ ਵਲੋ ਇਟਾਲੀਅਨ ਮੈਡੀਕਲ ਸਟੋਰ ਫਾਰਮੇਚੀਆ ਚੀਂਕਵੇ ਮੀਲੀਆ ਦੇ ਮਾਲਕ ਡਾ਼ ਗਾਏਤਾਨੋ ਮਾਓਰੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਸਨਮਾਨ ਕੀਤਾ ਗਿਆ  ਜਿਨ੍ਹਾ ਵੱਲੋ ਜਿਨੇ ਦਿਨ ਗੁਰਮਤਿ ਗਿਆਨ ਕੈਂਪ ਲਗਾਇਆ ਜਾ ਰਿਹਾ ਸੀ ਇਸ ਮੈਡੀਕਲ ਸਟੋਰ ਵਲੋਂ ਬੱਚਿਆਂ ਲਈ ਹਰ ਤਰ੍ਹਾਂ ਦੀ ਮੈਡੀਕਲ ਫਸਟ ਏਡ ਦੀ ਸਹਾਇਤਾ ਕੀਤੀ ਗਈ।ਪ੍ਰਬੰਧਕਾ ਵੱਲੋ ਦੱਸਿਆ ਗਿਆ ਆਉਣ ਵਾਲੇ ਸਮੇ ਵਿੱਚ ਲਾਸੀਓ ਸੂਬੇ ਦੀ ਪਹਿਲੀ ਗੱਤਕਾ ਸ਼ਸ਼ਤਰ ਵਿੱਦਿਆ ਦੀ ਅਕੈਡਮੀ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਵੇਗੀ ।ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।