Headlines

ਇਟਲੀ ‘ਚ ਪਹਿਲੀ ਵਾਰ ਇੱਕ ਬੈਨਰ ਹੇਠ ਇਕੱਠਾ ਹੋਇਆ ਇਟਾਲੀਅਨ ਇੰਡੀਅਨ ਪੱਤਰਕਾਰ ਭਾਈਚਾਰਾ

* ਸਾਲ 2024 ਵਿੱਚ ਹੋਵੇਗੀ ਇੰਡੀਅਨ ਤੇ ਇਟਾਲੀਅਨ ਪੱਤਰਕਾਰਾਂ ਦੀ ਕੌਮੀ ਕਾਨਫਰੰਸ *
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਵਿਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵਲੋ ਕੇਰਮੋਨਾ ਜਿਲ੍ਹੇ ਦੇ ਸੋਨਚੀਨੋ ਸ਼ਹਿਰ ਵਿੱਚ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਭਾਰਤੀ ਪੱਤਰਕਾਰਤਾ ਅਤੇ ਲੇਖਣੀ ਨਾਲ ਜੁੜੀਆਂ ਸਖਸ਼ੀਅਤਾਂ ਵਲੋ ਜਿਥੇ ਭਾਗ ਲਿਆ ਗਿਆ ਉਥੇ ਹੀ ਇਟਲੀ ਦੇ ਨਾਮਵਾਰ ਪੱਤਰਕਾਰ,ਸ਼ਹਿਰ ਦੇ ਮੇਅਰ ਦਾ ਸਰਕਾਰੀ ਅਮਲਾ,ਰਾਜਨੀਤੀਕ ਅਤੇ ਧਾਰਮਿਕ ਹਸਤੀਆਂ ਦੇ ਨਾਲ ਨਾਲ ਇਟਾਲੀਅਨ ਟੀ ਵੀ ਚੈਨਲਾਂ ਦੇ ਪ੍ਰਮੁਖਾਂ ਨੇ ਵੀ ਸਿ਼ਰਕਤ ਕੀਤੀ। ਮੰਚ ਦੀ ਅਗਵਾਈ ਫਰਾਕੋ ਫਰਾਰੀ ,ਹਰਬਿੰਦਰ ਧਾਲੀਵਾਲ ਅਤੇ ਸਤਵਿੰਦਰ ਮਿਆਣੀ  ਵਲੋ ਕੀਤੀ ਗਈ ਅਤੇ ਵੱਖ ਵੱਖ ਪੱਤਰਕਾਰਤਾ ਦੇ ਨਾਲ ਜੁੜੇ ਲੋਕਾਂ ਨੇ ਅਪਣੇ ਵਿਚਾਰ ਮੰਚ ਤੋਂ ਪੇਸ਼ ਕੀਤੇ ।ਇਸ ਦੌਰਾਨ ਇਟਾਲੀਅਨ ਚੈਨਲ ਦੇ ਨੁਮਾਇਦਿਆਂ ਵਲੋ ਅਗਲੇ ਦਿਨਾਂ ਵਿੱਚ ਭਾਰਤੀ ਭਾਈਚਾਰੇ ਨੂੰ ਇਟਾਲੀਅਨ ਚੈਨਲਾਂ ਵਿੱਚ ਇੱਕ ਘੰਟੇ ਦੇ ਪੰਜਾਬੀ ਸਮਾਜ ਨਾਲ ਜੁੜੇ ਵਿਚਾਰ ਸਬੰਧੀ ਵੀ ਸਹਿਮਤੀ ਦਿੱਤੀ ਗਈ ਅਤੇ ਭਾਂਰਤੀ ਪੱਤਰਕਾਰਤਾ ਦੀ ਸੁਰੱਖਿਆ ਨਾਲ ਜੁੜੇ ਮੁਦਿਆਂ ਉੱਪਰ ਇਕਜੁਟਤਾ ਵੀ ਪ੍ਰਗਟ ਕੀਤੀ।ਸਮਾਜ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਥਾਮ ,ਧਾਰਮਿਕ ਭਾਵਨਾਵਾ ਨਾਲ ਧੋਖਾ ,ਰਾਜਨੀਤਿਕ ਖੇਤਰ ਨਾਲ ਸਾਂਝ ਅਤੇ ਭਾਰਤੀ ਤੇ ਇਟਾਲੀਅਨ ਲੋਕਾਂ ਵਿੱਚ ਕਲਚਰਲ ਸਾਂਝ ਨੂੰ ਵਧਾਉਣ ਲਈ ਵੱਖ ਵੱਖ ਤਰ੍ਹਾਂ ਵਿਚਾਰਾਂ ਤੇ ਸਹਿਮਤੀ ਦਿੱਤੀ ਗਈ।ਪ੍ਰੈਸ ਕਲੱਬ ਵਲੋ ਸਾਝੇ ਰੂਪ ਵਿੱਚ ਪ੍ਰਮੁਖ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਨਾਲ ਹੀ ਅਗਲੇ ਸਾਲ ਨੈਸ਼ਨਲ ਲੇਵਲ ਦੀ ਕਾਨਫਰੰਸ ਮਿਲਾਨ ਵਿੱਚ ਕਰਵਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ ।ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੰਚ ਉਪਰ ਇਟਾਲੀਅਨ ਅਤੇ ਪੰਜਾਬੀ ਭਾਈਚਾਰਾ ਇੱਕਜੁਟ ਹੋ ਕੇ ਸਮਾਜ ਵਿਚ ਵਿਚਰਨ ਲਈ ਮਾਹੌਲ ਸਿਰਜ ਰਿਹਾ ਹੈ ,ਇਸ ਦੇ ਨਾਲ ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਨੂੰ ਇਟਾਲੀਅਨ ਸਰਕਾਰ ਤੱਕ ਉਚਿਤ ਰੂਪ ਨਾਲ ਪਹੁੰਚਾਇਆ ਜਾ ਸਕੇਗਾ ।ਸ਼ਹਿਰ ਦੇ ਮੇਅਰ ਵਲੋ ਅਪਣੇ ਭੇਜੇ ਗਏ ਸੰਦੇਸ਼ ਵਿੱਚ ਖੁਸ਼ੀ ਦਾ ਪ੍ਰਗਟਾਵਾ ਅਤੇ ਪ੍ਰੈੱਸ ਕਲੱਬ ਨਾਲ ਇੱਕਜੁਟਤਾ ਜਤਾਈ ਗਈ।ਇਸ ਮੌਕੇ ਦੋਨਾਂ ਦੇਸ਼ਾਂ ਦੇ ਪੱਤਰਕਾਰਾਂ ਨੇ ਬੇਬਾਕੀ ਤੇ ਨਿਰਪੱਖਤਾ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਹੱਥਾਂ ਵਿੱਚ ਕਲਮ ਫੜ੍ਹ ਪ੍ਰਣ ਵੀ ਕੀਤਾ