Headlines

ਪੰਜਾਬ ਭਵਨ ਸਰੀ ਵਿਖੇ ਐਕਸੈੱਪਟ ਕੋਚਿੰਗ ਵਲੋਂ ਅਦਾਕਾਰੀ ਅਤੇ ਨਾਟ-ਲੇਖਣੀ ਬਾਰੇ ਸਫਲ ਵਰਕਸ਼ਾਪ

ਪ੍ਰਸਿਧ ਨਾਟਕਕਾਰ ਡਾ ਸਾਹਿਬ ਸਿੰਘ ਨੇ ਸਿਖਾਏ ਨਾਟ ਕਲਾ ਦੇ ਗੁਰ-

ਸਰੀ – ਪੰਜਾਬ ਭਵਨ ਵਿਖੇ ਐਕਟਿੰਗ ਅਤੇ ਨਾਟ-ਲੇਖਣੀ ਦੇ ਵਿਸ਼ੇ ‘ਤੇ ਹੋਈ 5-ਰੋਜ਼ਾ ਵਰਕਸ਼ਾਪ ਬਹੁਤ ਪ੍ਰਭਾਵਸ਼ਾਲ਼ੀ ਅਤੇ ਸਫ਼ਲ ਰਹੀ। ਇਹ ਵਰਕਸ਼ਾਪ ‘ਐਕਸੈੱਪਟ ਕੋਚਿੰਗ’ ਵਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਪ੍ਰਸਿੱਧ ਨਾਟਕਕਾਰ, ਲੇਖਕ, ਨਿਰਦੇਸ਼ਕ ਅਤੇ ਅਦਾਕਾਰ  ਡਾ. ਸਾਹਿਬ ਸਿੰਘ ਨੇ ਮਾਹਰ ਦੇ ਤੌਰ ‘ਤੇ ਸ਼ਿਰਕਤ ਕੀਤੀ। ਡਾ. ਸਾਹਿਬ ਸਿੰਘ ਨੇ ਆਪਣੇ 34-35 ਸਾਲਾਂ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਨਾਟਕ-ਲੇਖਣੀ ਅਤੇ ਅਦਾਕਾਰੀ ਦੇ ਮੂਲ ਗੁਰ ਸਿਖਾਏ। ਇਸ ਵਰਕਸ਼ਾਪ ਵਿੱਚ ਤਕਰੀਬਨ ਹਰ ਉਮਰ ਵਰਗ ਦੇ ਵਿਅਕਤੀਆਂ ਨੇ ਹਿੱਸਾ ਲਿਆ। ਨਾਟਕ ਲਿਖਣ ਲਈ ਵਿਸ਼ੇ, ਕਹਾਣੀਆਂ, ਪਾਤਰ ਲੱਭਣੇ, ਤਰਤੀਬ ਦੇਣੀ, ਮੁੱਖ ਸੁਨੇਹੇ ਨੂੰ ਬੁਣਨਾ, ਦਰਸ਼ਕ ਦੀ ਦਿਲਚਸਪੀ ਕਾਇਮ ਰੱਖਣਾ ਆਦਿ ਬਾਰੇ ਜਾਣਕਾਰੀ ਦਿੰਦਿਆਂ ਡਾ. ਸਾਹਿਬ ਸਿੰਘ ਨੇ ਮੌਕੇ ‘ਤੇ ਦਿਮਾਗੀ ਅਤੇ ਸਰੀਰਕ ਕਸਰਤਾਂ ਵੀ ਕਰਾਈਆਂ, ਨਤੀਜੇ ਵਜੋਂ ਤਕਰੀਬਨ ਹਰ ਵਿਦਿਆਰਥੀ ਆਪਣੇ ਆਪ ਨੂੰ ਨਾਟਕ ਲਿਖਣ ਲਈ ਤਿਆਰ ਮਹਿਸੂਸ ਕਰ ਰਿਹਾ ਸੀ। ਇਸੇ ਤਰਾਂ ਵਿਦਿਆਰਥੀਆਂ ਨੂੰ ਬਹੁਤ ਸਾਰੇ ਡਾਇਲਾਗ ਦੇ ਕੇ ਸਟੇਜ ‘ਤੇ ਐਕਟਿੰਗ ਦੇ ਤਜਰਬੇ ਕੀਤੇ ਗਏ। ਰੰਗਮੰਚ ਨਾਲ ਜੁੜੀਆਂ ਕਈ ਕਸਰਤਾਂ ਵੀ ਰੋਜ਼ਾਨਾ ਹੁੰਦੀਆਂ ਸਨ, ਜਿਨ੍ਹਾਂ ਵਿੱਚ ਅਵਾਜ਼ ਦੇ ਉਤਰਾਅ-ਚੜ੍ਹਾ, ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਭਾਸ਼ਾ ਦੀ ਭੂਮਿਕਾ ਸਮਝਣਾ ਵੀ ਸ਼ਾਮਲ ਸੀ।

ਡਾ. ਸਾਹਿਬ ਸਿੰਘ ਨੇ ਆਪਣੇ ਨਾਟਕਾਂ ਅਤੇ ਫਿਲਮਾਂ ਦੇ ਹਵਾਲੇ ਨਾਲ ਇਸ ਵਰਕਸ਼ਾਪ ਨੂੰ ਰੌਚਕ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਤਜਰਬੇ ਦਾ ਹਰ ਕਿਣਕਾ ਵੰਡਣਾ ਚਾਹੁੰਦੇ ਹਨ। ਬਹੁਤ ਸਾਰੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਡਾ. ਸਾਹਿਬ ਸਿੰਘ ਕੋਲੋਂ ਹੋਰ ਬਹੁਤ ਕੁਝ ਸਿੱਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਅਜਿਹੀਆਂ ਹੋਰ ਵਰਕਸ਼ਾਪਾਂ ਕਰਨ ਦੀ ਬੇਨਤੀ ਰੱਖੀ।ਐਕਸੈੱਪਟ ਕੋਚਿੰਗ ਦੇ ਸੀ. ਈ. ਓ ਅਤੇ ਲਾਈਫ਼ ਕੋਚ ਨਵਜੋਤ ਢਿੱਲੋਂ ਨੇ ਭਰੋਸਾ ਦਿੱਤਾ ਕਿ ਉਹ ਡਾ. ਸਾਹਿਬ ਸਿੰਘ ਦੀ ਅਜਿਹੀ ਵਰਕਸ਼ਾਪ ਅਕਤੂਬਰ ਵਿੱਚ ਜ਼ਰੂਰ ਕਰਨਗੇ।ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਕਲਾ ਪ੍ਰਤੀ ਵਚਨਬੱਧਤਾ ਨੂੰ ਧਿਆਨ ‘ਚ ਰੱਖਦਿਆਂ ਹੀ  ਸ੍ਰੀ ਸੁੱਖੀ ਬਾਠ ਹੁਰਾਂ ਨੇ ਇਹ ਵਰਕਸ਼ਾਪ ਨਾ ਸਿਰਫ਼ ਪੰਜਾਬ ਭਵਨ ‘ਚ ਕਰਵਾਉਣ ਦੀ ਪੇਸ਼ਕਸ਼ ਕੀਤੀ ਸਗੋਂ ਇਸ ਦੀ ਮੀਡੀਆ ਪਰੋਮੋਸ਼ਨ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ। ਪੰਜਾਬ ਭਵਨ ਦੇ ਸਟਾਫ਼ ਅਤੇ ਸੁੱਖੀ ਬਾਠ ਹੁਰਾਂ ਦਾ  ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਡਾ. ਸਾਹਿਬ ਸਿੰਘ “ਲੱਛੂ ਕਬਾੜੀਆ” ਨਾਟਕ ਲੈ ਕੇ ਕੈਨੇਡਾ ਆਏ ਹੋਏ ਹਨ, ਉਨ੍ਹਾਂ ਦੇ ਇਸ ਨਾਟਕ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਭਵਨ ਵਲੋਂ 8-9 ਅਕਤੂਬਰ ਹੋਣ ਵਾਲੇ ਪੰਜਵੇਂ ਸਾਲਾਨਾ ਵਿਸ਼ਵ ਸੰਮੇਲਨ ਦੌਰਾਨ  ਡਾ. ਸਾਹਿਬ ਸਿੰਘ ‘ਲੱਛੂ ਕਬਾੜੀਆ’ ਅਤੇ ਇਕ  ਹੋਰ ਨਵਾਂ ਨਾਟਕ ਲੈ ਕੇ ਆਉਣਗੇ।

ਰਿਪੋਰਟ -ਨਵਜੋਤ ਢਿੱਲੋਂ