Headlines

ਇਟਲੀ ਚ’ ਪੰਜਾਬੀ ਨੌਜਵਾਨ ਅਮ੍ਰਿਤ ਮਾਨ ਦੀ ਵਾਲੀਬਾਲ ਟੀਮ ਵਿੱਚ ਚੋਣ

ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) -ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਨਾ ਦੇ ਚੰਚਲ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਅਮ੍ਰਿਤ ਸਿੰਘ ਮਾਨ ਦੀ ਆਪਣੀ ਵਧੀਆ ਖੇਡ ਸਦਕਾ ਇਟਲੀ ਦੀ ਬਾਲੀਬਾਲ ਦੀ ਬੀ ਸੀਰੀਜ ਦੀ ਟੀਮ ਸਪੈਸਾਨੇਜੇ (ਮੋਧਨਾ) ਵਿੱਚ ਚੋਣ ਹੋਈ ਹੈ ।ਇਸ ਸਬੰਧੀ ਪ੍ਰੈਸ ਨੂੰ ਭੇਜੀ ਜਾਣਕਾਰੀ ਰਾਹੀ ਅਮ੍ਰਿਤ ਮਾਨ ਦੇ ਪਿਤਾ ਪਰਮਿੰਦਰ ਸਿੰਘ ਮਾਨ ਅਤੇ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਇਟਲੀ ਦੀ ਨੈਸ਼ਨਲ ਪੱਧਰ ਦੀ ਸੀਰੀਜ ਹੈ ਅਤੇ ਇਸ ਸੀਰੀਜ ਦੇ ਸਾਲ 2023 -24 ਮੈਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣਗੇ। ਪਰਮਿੰਦਰ ਸਿੰਘ ਮਾਨ 1992 ਵਿੱਚ ਇਟਲੀ ਆਏ ਸਨ ਅਤੇ 1998 ਵਿੱਚ ਅਮ੍ਰਿਤ ਮਾਨ ਦਾ ਜਨਮ ਤੈਰਾਚੀਨਾ ਲਾਤੀਨਾ (ਇਟਲੀ) ਵਿੱਚ ਹੋਇਆ। ਪੜਾਈ ਦੇ ਨਾਲ ਨਾਲ ਅਮ੍ਰਿਤ ਮਾਨ ਦੀ ਰੁਚੀ ਖੇਡਾਂ ਵਿੱਚ ਵੀ ਕਾਫੀ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਬਾਲੀਬਾਲ ਖੇਡਣਾ ਸ਼ੁਰੂ ਕੀਤਾ। ਅਤੇ 13 ਸਾਲ ਦੀ ਉਮਰ ਵਿੱਚ ਉਸ ਦੀ ਚੋਣ ਆਪਣੇ ਸ਼ਹਿਰ ਰੋਤੋਫਰੇਨੋ ਦੀ ਬਾਲੀਵਾਲ ਟੀਮ ਵਿੱਚ ਹੋ ਗਈ । ਪੰਜ ਸਾਲ ਬਾਅਦ ਉਸ ਦੀ ਖੇਡ ਨੂੰ ਦੇਖਦਿਆਂ ਸੀਰੀਜ ਸੀ ਦੀ ਪੀ ਐਸ਼ ਐਨ , ਸਨ ਨੀਕੋਲੋ ਦੀ ਟੀਮ ਨੇ ਉਸ ਨੂੰ ਮੌਕਾ ਦਿੱਤਾ , ਜਿੱਥੇ ਉਸ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਹੁਣ ਉਸ ਦੀ ਚੋਣ ਸੀਰੀਜ ਬੀ ਦੇ ਉਪਰੋਕਤ ਕਲੱਬ ਵਿੱਚ ਹੋਈ ਹੈ। ਜਿੱਥੇ ਪੰਜਾਬੀਆਂ ਦਾ ਮਾਣ ਇਹ ਗਭਰੂ ਆਪਣੀ ਖੇਡ ਨਾਲ ਪੰਜਾਬ ਤੇ ਇਟਲੀ ਦਾ ਨਾਮ ਰੋਸ਼ਨ ਕਰੇਗਾ।