Headlines

ਮਨੀਪੁਰ ਮੂਲਨਿਵਾਸੀ ਭਾਈਚਾਰੇ ਵੱਲੋਂ ਭਾਰਤੀ ਕੌਂਸਲ ਖਾਨੇ ਵੈਨਕੂਵਰ ਅੱਗੇ ਰੋਸ ਮੁਜ਼ਾਹਰਾ

ਵੈਨਕੁਵਰ (ਡਾ. ਗੁਰਵਿੰਦਰ ਸਿੰਘ) -ਮਨੀਪੁਰ ਵਿੱਚ ਇੰਡੀਅਨ ਸਟੇਟ ਦੇ ਪਰਛਾਵੇਂ ਹੇਠ ਵਾਪਰੀ ਕੁੁੱਕੀ ਇਸਾਈ ਭਾਈਚਾਰੇ ਦੀਆਂ ਬੀਬੀਆਂ ਨਾਲ ਸਮੂਹਿਕ ਬਲਾਤਕਾਰ, ਨਗਨ ਪ੍ਰੇਡ ਅਤੇ ਪੀੜਤਾ ਦੇ ਭਰਾ ਅਤੇ ਪਿਤਾ ਦੀ ਹੱਤਿਆ ਦੀ ਘਟਨਾ ਦੀ ਰੋਸ ਵਜੋਂ, ਵੈਨਕੂਵਰ ਸਥਿਤ ਭਾਰਤੀ ਕੌਂਸਲ ਖਾਨੇ ਬਾਹਰ ਹੋਏ ਰੋਸ ਮੁਜਾਹਰੇ ਵਿੱਚ, ਮੂਲ ਨਿਵਾਸੀ ਮਨੀਪੁਰ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ। ਉਨ੍ਹਾਂ 13 ਅਗਸਤ ਨੂੰ ਕੈਨੇਡਾ ਭਰ ਵਿੱਚ ਅਜਿਹੀ ਰੋਸ ਮੁਜਾਹਰੇ ਕਰਨ ਅਤੇ ਕੁੱਕੀ ਇਸਾਈ ਭਾਈਚਾਰੇ ਦੀਆਂ ਪੀੜਤ ਔਰਤਾਂ ਲਈ ਇਨਸਾਫ਼ ਵਾਸਤੇ ਸੱਦਾ ਵੀ ਦਿੱਤਾ।
ਇਸ ਮੌਕੇ ਤੇ ਕੈਨੇਡਾ ਦੇ ਸਿੱਖਾਂ ਵੱਲੋਂ ਮਨੀਪੁਰ ਦੀ ਘਟਨਾ ਦੇ ਪੀੜਤਾਂ ਨਾਲ ਮਿਲ ਕੇ ਇੰਡੀਅਨ ਸਟੇਟ ਦੇ ਜ਼ਬਰ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਇਸ ਇਕੱਤਰਤਾ ਵਿੱਚ ਸਰੀ ਡੈਲਟਾ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਨੇ ਕਿਹਾ ਕਿ ਭਾਰਤ ਤੋਂ ਇਨਸਾਫ ਦੀ ਆਸ ਰੱਖਣਾ ਬਹੁਤ ਵੱਡੀ ਗ਼ਲਤ ਫਹਿਮੀ ਹੈ।
             ਗੁਰੂ ਨਾਨਕ ਗੁਰਦੁਆਰਾ ਸਾਹਿਬ ਸਿੱਖ ਸਰੀ ਡੈਲਟਾ ਦੇ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ ਪੱਤੜ ਨੇ ਕਿਹਾ ਕਿ ਜੋ ਅੱਜ ਮਨੀਪੁਰ ਦੀਆਂ ਇਸਾਈ ਔਰਤਾਂ ਨਾਲ ਹੋਇਆ ਹੈ, ਇਹ ਬਹੁਤ ਚਿਰ ਪਹਿਲਾਂ ਹਿੰਦੋਸਤਾਨ ਭਰ ਵਿੱਚ ਸਿੱਖ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਅਤੇ ਕਤਲੇਆਮ ਦੇ ਰੂਪ ਵਿੱਚ ਵਾਪਰ ਚੁੱਕਿਆ ਹੈ।  ਇਸ ਮੌਕੇ ਤੇ ਸਾਰਿਆਂ ਮਿਲ ਕੇ ‘ਰੇਪਿਸਟ ਇੰਡੀਅਨ ਸਟੇਟ ਮੁਰਦਾਬਾਦ’ ਦੇ ਨਾਅਰੇ ਲਾਏ ਅਤੇ 15 ਅਗਸਤ ਨੂੰ ਭਾਰਤੀ ਕੌਂਸਲ ਖਾਨੇ ਦੇ ਬਾਹਰ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਦੇ ਨਕਸ਼ੇ ਕਦਮਾਂ ‘ਤੇ ਪਹਿਰਾ ਦਿੰਦਿਆਂ, ਮਨੀਪੁਰ ਦੇ ਪੀੜਤ ਕੁੂਕੀ ਭਾਈਚਾਰੇ ਨਾਲ ਖੜ ਕੇ ਸਿੱਖਾਂ ਨੇ ਸਾਂਝੇ ਰੂਪ ਵਿੱਚ ‘ਹਾਅ ਦਾ ਨਾਅਰਾ’ ਮਾਰਿਆ ਅਤੇ ਮਾਨਵਵਾਦੀ ਸੋਚ ਦਾ ਸਬੂਤ ਦਿੱਤਾ।
ਤਸਵੀਰਾਂ : ਵੈਨਕੂਵਰ ਦੇ ਭਾਰਤੀ ਕੌਂਸਲਖਾਨੇ ਬਾਹਰ ਮਨੀਪੁਰ ਦੇ ਕੂਕੀ ਇਸਾਈ ਭਾਈਚਾਰੇ ਦੀ ਪੀੜਤ ਔਰਤਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ।