Headlines

ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੀ ਪੁਲਿਸ ਜਾਂਚ -ਵਿਦੇਸ਼ ਮੰਤਰੀ ਜੋਲੀ ਵਲੋਂ ਧਮਕੀ ਪੋਸਟਰਾਂ ਦੀ ਨਿੰਦਾ

ਪੋਸਟਰਾਂ ਵਿਚ 15 ਅਗਸਤ ਨੂੰ ਦਿੱਤਾ ਹੈ ਭਾਰਤੀ ਕੌਸਲਖਾਨਿਆਂ ਦੇ ਘੇਰਾਓ ਦਾ ਸੱਦਾ-

ਓਟਵਾ-ਫੈਡਰਲ ਸਰਕਾਰ ਨੇ ਦੱਸਿਆ ਕਿ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਭਰੇ ਵੀਡੀਓ ਆਨਲਾਈਨ ਵਾਇਰਲ ਹੋਣ ਪਿੱਛੋਂ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ| ਇਕ ਟਵੀਟ ਵਿਚ ਪਬਲਿਕ ਸੇਫਟੀ ਕੈਨੇਡਾ ਨੇ ਕਿਹਾ ਕਿ  ਓਟਵਾ, ਕੈਨੇਡਾ ਵਿਚ ਸਾਰੇ ਕੂਟਨੀਤਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇਗਾ ਪਰ ਵਿਭਾਗ ਨੇ ਕੋਈ ਵੇਰਵੇ ਮੁਹੱਈਆ ਨਹੀਂ ਕੀਤੇ| ਇਸ ਨੇ ਆਰਸੀਐਮਪੀ ਲਈ ਸਵਾਲ ਖੜੇ ਕੀਤੇ ਹਨ ਜਿਸ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੇ ਕੋਈ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ ਜਾਂ ਨਹੀਂ ਜਾਂ ਕਿਹੜੀ ਖਾਸ ਵੀਡੀਓ ਇਸ ਵਿਚ ਸ਼ਾਮਿਲ ਹੈ| ਕੁਝ ਕੈਨੇਡੀਅਨ ਸਿੱਖ ਜਿਹੜੇ ਭਾਰਤ ਵਿਚ ਵੱਖਰੇ ਰਾਜ ਦੀ ਵਕਾਲਤ ਕਰਦੇ ਹਨ ਦਾ ਕਹਿਣਾ ਕਿ ਜੂਨ ਮਹੀਨੇ ਵੈਨਕੂਵਰ ਨੇੜੇ ਇਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਸ਼ਾਮਿਲ ਸੀ ਪਰ ਪੁਲਿਸ ਦਾ ਕਹਿਣਾ ਕਿ ਇਸ ਬਾਰੇ ਉਸ ਕੋਲ ਕੋਈ ਸਬੂਤ ਮੌਜੂਦ ਨਹੀਂ ਹਨ| ਇਸਤੋਂ ਪਹਿਲਾਂ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਨੇ ਪੋਸਟਰਾਂ ਦੀ ਨਿਖੇਧੀ ਕੀਤੀ ਸੀ ਜਿਨ੍ਹਾਂ ਵਿਚ ਭਾਰਤ ਦੇ ਸੀਨੀਅਰ
ਕੂਟਨੀਤਕਾਂ ’ਤੇ ਕਾਤਲ ਹੋਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਕਿਹਾ ਕਿ ਅਜਿਹੇ ਪੋਸਟਰ ਅਸਵੀਕਾਰਯੋਗ ਹਨ| ਇਸ ਮੁੱਦੇ ਨੂੰ ਲੈ ਕੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿਚ ਤਣਾਅ ਆ ਗਿਆ ਹੈ ਜਦਕਿ ਦੋਵੇਂ ਦੇਸ਼ ਅਗਲੇ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਪਹਿਲਾਂ ਸੰਭਾਵਤ ਵਪਾਰ ਸਮਝੌਤੇ ਬਾਰੇ ਗੱਲਬਾਤ ਕਰ ਰਹੇ ਹਨ| ਤਾਜ਼ਾ ਸਪੱਸ਼ਟ ਧਮਕੀ ਦੇ ਸਬੰਧ ਵਿਚ ਟਿੱਪਣੀ ਲਈ ਕੀਤੀ ਬੇਨਤੀ ’ਤੇ ਓਟਵਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ| ਭਾਵੇਂ ਓਟਵਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਹੜੀ ਵੀਡੀਓ ਵਿਚ ਭਾਰਤੀ ਕੂਟਨੀਤਕਾਂ ਨੂੰ ਧਮਕੀ ਦਿੱਤੀ ਗਈ ਹੈ ਪਰ 21 ਜੁਲਾਈ ਨੂੰ ਸੋਸ਼ਲ ਮੀਡੀਆ ’ਤੇ ਪਾਈ ਕਲਿਪ ਵਿਚ ਸਿਖਸ ਫਾਰ ਜਸਟਿਸ ਨੇ ਲੋਕਾਂ ਨੂੰ ਕੈਨੇਡਾ ਵਿਚ ਭਾਰਤੀ ਕੌਂਸਲਖਾਨਿਆਂ ਦਾ ਘਿਰਾਉ ਕਰਨ ਦਾ ਸੱਦਾ ਦਿੰਦਿਆਂ ਦੋਸ਼ ਲਗਾਇਆ ਕਿ ਭਾਰਤੀ ਕੂਟਨੀਤਕ ਉਨ੍ਹਾਂ ਸਿੱਖਾਂ ਖਿਲਾਫ ਹਿੰਸਾ ਲਈ ਜ਼ਿੰਮੇਵਾਰ ਹਨ ਜਿਹੜੇ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ|

ਜਿਕਰਯੋਗ ਹੈ ਕਿ 10 ਸਤੰਬਰ ਨੂੰ ਖਾਲਿਸਤਾਨ ਰਾਇਸ਼ੁਮਾਰੀ ਲਈ ਪੈ ਰਹੀਆਂ ਵੋਟਾਂ ਦੇ ਨਾਲ 15 ਅਗਸਤ ਨੂੰ ਭਾਰਤੀ ਕੌਂਸਲਖਾਨਿਆਂ ਦੇ ਘੇਰਾਓ ਦੇ ਸੱਦੇ ਜਿਹਨਾਂ ਉਪਰ ਸੀਨੀਅਰ ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਛਾਪਕੇ ਉਹਨੂੰ ਨੂੰ ਕਾਤਲ ਦੱਸਿਆ ਗਿਆ, ਸਬੰਧੀ ਪੋਸਟਰ ਲਗਾਤਾਰ ਵੰਡੇ ਜਾ ਰਹੇ ਹਨ।