Headlines

ਟਰੂਡੋ ਕੈਬਨਿਟ ਵਿਚ ਫੇਰ ਬਦਲ-ਕਿੰਨਾ ਕੁ ਕਾਰਗਰ ?

ਲੋਰੀ ਟਰਨਬੁੱਲ –

ਕੈਨੇਡਾ ਵਿਚ ਅਗਲੀਆਂ ਚੋਣਾਂ, ਜਦੋਂ ਵੀ ਹੋਣਗੀਆਂ , ਇੱਕ ਤਬਦੀਲੀ ਦਾ ਸੰਦੇਸ਼ ਲੈਕੇ ਆ ਰਹੀਆਂ ਰਹੀਆਂ ਹਨ। ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਵਾਲੀ  ਮੌਜੂਦਾ ਸਰਕਾਰ ਲਗਭਗ ਅੱਠ ਸਾਲ ਪੁਰਾਣੀ ਹੈ। ਜਸਟਿਨ ਟਰੂਡੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਿਬਰਲਾਂ ਦੇ ਆਗੂ ਵਜੋਂ ਵਿਚਰ ਰਹੇ ਹਨ। ਪਰ ਉਹਨਾਂ ਦੀ ਲੰਬੀ ਪਾਰੀ ਦੌਰਾਨ ਹੁਣ ਵੋਟਰਾਂ ਵਿਚਾਲੇ ਉਕਤਾ ਜਾਣ ਵਾਲੀ ਸਥਿਤੀ ਸਪੱਸ਼ਟ ਹੈ। ਦਿਨ ਬ ਦਿਨ ਵਧ ਰਹੀ ਮਹਿੰਗਾਈ ਕਾਰਣ  ਲੋਕ ਆਪਣੇ ਵਿੱਤੀ ਭਵਿੱਖ ਬਾਰੇ ਚਿੰਤਤ ਹਨ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਦੇਸ਼ ਸਹੀ ਦਿਸ਼ਾ ਵਿੱਚ ਅੱਗੇ  ਨਹੀਂ ਵਧ ਰਿਹਾ ਹੈ – ਜਾਂ, ਦੂਜੇ ਸ਼ਬਦਾਂ ਵਿੱਚ, ਉਹਨਾਂ ਨੂੰ ਯਕੀਨ ਨਹੀਂ ਹੈ ਕਿ ਲਿਬਰਲਾਂ ਕੋਲ ਸਹੀ ਆਰਥਿਕ ਯੋਜਨਾ ਹੈ  ਅਤੇ ਨਾ ਹੀ ਉਹਨਾਂ ਨੂੰ ਯਕੀਨ ਹੈ ਕਿ ਸਰਕਾਰ ਵਿੱਤੀ ਸੰਕਟ ਚੋ ਉਭਰਨ ਲਈ ਗੰਭੀਰ ਹੈ। ਜਦੋਂ ਕਿ ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਦੀ ਸ਼ਖਸੀਅਤ ਦਾ ਲਗਾਤਾਰ ਉਭਾਰ ਹੋ ਰਿਹਾ ਹੈ। ਲੀਡਰ ਲੋਕਪ੍ਰਿਯਤਾ ਅਤੇ ਚੋਣ ਸਰਵੇਖਣਾ ਵਿਚ  ਉਸਦੀ ਪਾਰਟੀ ਅਜੇ ਵੀ ਦੂਜੀਆਂ ਪਾਰਟੀਆਂ ਨਾਲੋਂ ਅੱਗੇ ਦਿਖਾਈ ਦੇ ਰਹੀ ਹੈ।
ਕੰਧ ‘ਤੇ ਲਿਖਿਆ ਸਪੱਸ਼ਟ ਨਜ਼ਰ ਆਉਂਦਾ  ਹੈ ਕਿ ਸੱਤਾ ਵਿਚ ਲਿਬਰਲਾਂ ਦੇ ਦਿਨ ਗਿਣਤੀ ਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ ਫੇਰ ਬਦਲ ਕੀਤਾ ਗਿਆ ਹੈ।  ਇੱਕ ਵੱਡਾ ਕੈਬਨਿਟ ਫੇਰਬਦਲ ਉਹੀ ਚੀਜ਼ ਹੋ ਸਕਦੀ ਹੈ ਜੋ ਉਹ ਸੱਤਾ ਤਬਦੀਲੀ ਲਈ ਇਕੱਤਰ ਹੋ ਰਹੇ ਝੁਰਮਟ ਤੋਂ ਬਚਣ ਲਈ ਇੱਕ ਸ਼ਾਟ ਲੈਣ ਲਈ ਕਰ ਸਕਦੇ ਹਨ। ਪਰ ਕੀ ਇਹ ਯੋਜਨਾ ਕੰਮ ਕਰੇਗੀ ? ਕੀ ਤੀਸਰੀ ਟਰਮ ਵਾਲੀ ਟਰੂਡੋ ਦੀ ਸਰਕਾਰ ਸੱਚਮੁੱਚ ਵੱਖਰੀ ਤਰ੍ਹਾਂ ਦਿਖਾਈ ਦੇ ਸਕਦੀ ਹੈ, ਖਾਸ ਤੌਰ ‘ਤੇ ਜਦੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ – ਕੈਬਨਿਟ ਮੇਜ਼ ‘ਤੇ ਸਭ ਤੋਂ ਪ੍ਰਭਾਵਸ਼ਾਲੀ ਫੈਸਲੇ ਲੈਣ ਵਾਲੇ ਅਤੇ ਸਰਕਾਰ ਦੀ ਆਰਥਿਕ ਰਣਨੀਤੀ ਦੇ ਮੁੱਖ ਚਾਲਕ – ਆਪਣੀਆਂ ਸੀਟਾਂ ‘ਤੇ ਉਜ ਦੇ ਉਂਜ ਬਿਰਾਜਮਾਨ ਹਨ?
ਸਰਕਾਰ ਦੀ ਨੁਹਾਰ ਵਾਸਤੇ ਕੈਬਨਿਟ ਵਿਚ ਫੇਰ ਬਦਲ ਸਿਰਫ ਮੇਕਅੱਪ ਤੋਂ ਵੱਧ ਕੁਝ ਨਹੀ ਹੈ। ਕੈਬਨਿਟ ਫੇਰ ਬਦਲ  ਵਿੱਚ ਸ਼ਾਮਲ ਲੋਕਾਂ ਦੇ ਚਾਰ ਸਮੂਹ ਹਨ: 12 ਮੰਤਰੀ ਉਹ ਹਨ ਜਿਨ੍ਹਾਂ ਦੇ ਮਹਿਕਮੇ ਉਹੀ ਪਹਿਲਾਂ ਵਾਲੇ ਰੱਖੇ ਗਏ ਹਨ।  20 ਮੰਤਰੀ ਉਹ ਹਨ ਜਿਹਨਾਂ ਦੇ ਮਹਿਕਮੇ ਬਦਲੇ ਗਏ ਹਨ। ਸੱਤ ਚਿਹਰੇ  ਨਵੇਂ ਮੰਤਰੀ ਵਜੋਂ ਸਾਹਮਣੇ ਆਏ ਹਨ ਅਤੇ 7 ਮੰਤਰੀ ਉਹ ਹਨ ਜਿਹਨਾਂ ਦੇ ਮਹਿਕਮੇ ਪੂਰੀ ਤਰਾਂ ਬਦਲੇ ਗਏ ਹਨ। ਪਾਬਲੋ ਰੌਡਰਿਗਜ਼ ਨੂੰ ਹੈਰੀਟੇਜ ਮਹਿਕਮੇ ਤੋ ਬਦਲਕੇ ਟ੍ਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ। ਜਿੱਥੇ ਉਹ ਵੱਡੀਆਂ  ਟੈਕ ਕੰਪਨੀਆਂ ਨਾਲ ਬੇਕਾਰ ਲੜ ਰਿਹਾ ਸੀ। ਕੈਨੇਡਾ ਦੇ ਸਭ ਤੋਂ ਬਦਨਾਮ ਸੀਰੀਅਲ ਕਿਲਰ, ਪਾਲ ਬਰਨਾਰਡੋ ਨੂੰ ਇੱਕ ਮੱਧਮ-ਸੁਰੱਖਿਆ ਵਾਲੀ ਜੇਲ੍ਹ ਵਿੱਚ ਲਿਜਾਣ ਦੀਆਂ ਯੋਜਨਾਵਾਂ ਬਾਰੇ ਜਾਣੂ ਨਾ ਹੋਣ ਕਾਰਨ ਲਗਾਤਾਰ ਜਾਂਚ ਦਾ ਸਾਹਮਣਾ ਕਰਨ ਤੋਂ ਬਾਅਦ ਮਾਰਕੋ ਮੇਂਡੀਚੀਨੋ ਨੂੰ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਗਿਆ। ਅਨੀਤਾ ਆਨੰਦ ਨੂੰ ਡਿਫੈਂਸ ਤੋਂ ਖਜ਼ਾਨਾ ਬੋਰਡ ਦਾ ਪ੍ਰੈਜੀਡੈਂਟ ਬਣਾਇਆ ਗਿਆ ਹੈ।
ਕਈ ਮੰਤਰੀਆਂ ਨੂੰ ਨਵੇਂ ਮਹਿਕਮੇ ਦਿੱਤੇ ਗਏ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਪੁਰਾਣੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਡਾਇਨ ਲੇਬੂਥਿਲੀਅਰ, ਜੋ ਕਿ 2015 ਤੋਂ ਨੈਸ਼ਨਲ ਰੈਵਨਿਊ ਮੰਤਰੀ ਸੀ , ਹੁਣ ਮੱਛੀ ਪਾਲਣ ਅਤੇ ਸਮੁੰਦਰੀ ਮਾਮਲਿਆਂ ਬਾਰੇ ਮੰਤਰੀ ਹੈ। ਇਸ ਦੌਰਾਨ, ਮਾਰਕ ਹੌਲੈਂਡ – ਇੱਕ ਕੁਦਰਤੀ ਰਾਜਨੀਤਿਕ ਸੰਚਾਲਕ – ਸਦਨ ਦੇ ਨੇਤਾ ਬਣਨ ਤੋਂ ਸਿਹਤ ਮੰਤਰੀ ਬਣ ਜਾਂਦਾ ਹੈ, ਇੱਕ ਅਜਿਹੀ ਤਬਦੀਲੀ ਜਿਸ ਲਈ ਬਹੁਤ ਜ਼ਿਆਦਾ ਨੀਤੀ ਫੋਕਸ ਅਤੇ ਸੂਬਿਆਂ ਨਾਲ ਨਿਯਮਤ ਗੱਲਬਾਤ ਦੀ ਲੋੜ ਹੋਵੇਗੀ। ਡੋਮਿਨਿਕ ਲੇਬਲੈਂਕ ਅੰਤਰ-ਸਰਕਾਰੀ ਮਾਮਲਿਆਂ ਨੂੰ ਰੱਖੇਗਾ ਅਤੇ ਡੈਮੋਕਰੇਟਿਕ ਸੰਸਥਾਵਾਂ ਅਤੇ ਜਨਤਕ ਸੁਰੱਖਿਆ ਦੋਵਾਂ ਨੂੰ ਸ਼ਾਮਲ ਕਰੇਗਾ।
ਅੱਜ ਦੇ ਹਾਲਾਤ ਨੂੰ 2002 ਦੇ ਸਮਾਨ ਵੇਖਿਆ ਜਾ ਸਕਦਾ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੇਚੀਅਨ ਆਪਣੇ ਤੀਜੇ ਕਾਰਜਕਾਲ ਦੇ ਅੱਧ  ਵਿੱਚ ਸਨ ਅਤੇ ਆਪਣੇ ਸਿਆਸੀ ਭਵਿੱਖ ਬਾਰੇ ਸਵਾਲਾਂ ਦਾ ਸਾਹਮਣਾ ਕਰ ਰਹੇ ਸਨ।  ਉਸਨੇ ਇਸ ਉਮੀਦ ਵਿੱਚ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਕਿ ਇਹ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਵਿਚ ਸਫਲ ਹੋ ਜਾਣਗੇ। ਪਰ ਅੰਤ ਵਿੱਚ, ਇਹ ਉਹੀ ਸੀ ਜਿਸਨੂੰ ਅਸਲ ਤਬਦੀਲੀ ਕਹਿੰਦੇ ਹਨ। ਉਸਦੀ ਸਰਕਾਰ ਜਾਂਦੀ ਰਹੀ ਤੇ ਨਵੀਂ ਸਰਕਾਰ ਸੱਤਾ ਵਿਚ ਆ ਗਈ।
20 ਸਾਲ ਪਹਿਲਾਂ ਅਤੇ ਅੱਜ ਦੇ ਦ੍ਰਿਸ਼ ਵਿੱਚ ਕੀ ਵੱਖਰਾ ਹੈ । ਉਹ ਇਹ ਹੈ ਕਿ ਲਿਬਰਲਾਂ ਦਾ ਇੱਕ ਸਪੱਸ਼ਟ ਬਦਲ ਸੀ ਕੰਸਰਵੇਟਿਵ ਪਾਰਟੀ ਦਾ ਆਗੂ ਸਟੀਫਨ ਹਾਰਪਰ । ਹਾਲਾਂਕਿ ਉਹ ਹਰ ਕਿਸੇ ਦਾ ਪਸੰਦੀਦਾ ਆਗੂ ਨਹੀਂ ਸੀ, ਪਰ ਉਹ ਅੱਜ ਦੇ ਨੇਤਾਵਾਂ ਨਾਲੋਂ ਕਿਤੇ ਬੇਹਤਰ ਸੀ। ਮਿਸਟਰ ਟਰੂਡੋ ਅਤੇ ਮਿਸਟਰ ਪੋਲੀਵਰ ਦੋਵੇਂ ਘੱਟੋ-ਘੱਟ ਜਿੰਨਾ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ, ਉਨ੍ਹਾਂ ਨੂੰ ਹੀ ਲੋਕਾਂ ਨੂੰ ਦੂਰ ਕਰਦੇ ਵੀ ਜਾਪਦੇ ਹਨ।  ਪਰ ਇਹ ਪੱਕਾ ਹੈ ਕਿ ਅਗਲੀਆਂ ਚੋਣਾਂ ਤੱਕ ਦੋਵੇ ਆਪੋ ਆਪਣੀ ਪਾਰਟੀ ਦੇ ਆਗੂ ਬਣੇ ਰਹਿਣਗੇ।
ਸੱਤਾ ਵਿੱਚ ਬਣੇ ਰਹਿਣ ਲਈ, ਕੈਬਨਿਟ ਵਿੱਚ ਫੇਰਬਦਲ ਕਿੰਨਾ ਕੁ ਮਹੱਤਵਪੂਰਣ ਹੈ। ਜ਼ਿਆਦਾ ਕੁਝ ਨਹੀ ਕਿਹਾ ਜਾ ਸਕਦਾ ਪਰ  ਵਾਸਤਵ ਵਿੱਚ, ਇਹ ਬਹੁਤ ਜ਼ਿਆਦਾ ਅਣਦੇਖਿਆ ਵੀ ਹੋ ਸਕਦਾ ਹੈ। ਲਿਬਰਲਾਂ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਵੱਧ ਤੋ ਵੱਧ ਲੋਕਾਂ ਨੂੰ ਇਹ ਯਕੀਨ ਦਿਵਾਉਣ ਕਿ ਮਿਸਟਰ ਪੋਲੀਵਰ ਅਤੇ ਕੰਜ਼ਰਵੇਟਿਵ ਨੂੰ ਵੋਟ ਪਾਉਣਾ ਖਤਰੇ ਤੋ ਖਾਲੀ ਨਹੀਂ । ਲਿਬਰਲਾਂ ਦੀ ਜਿੱਤ ਦੀ ਉਮੀਦ ਨਾਲ ਲੋਕਾਂ ਵਿਚ ਪੋਲੀਵਰ ਦੀ ਨਾਪਸੰਦਗੀ ਦਾ ਮਾਹੌਲ ਬਣਾਉਣਾ ਹੀ ਕਾਫ਼ੀ ਨਹੀਂ ਹੈ। ਜੇਕਰ ਕੈਬਨਿਟ ਵਿਚ ਫੇਰ ਬਦਲ ਨਾਲ ਸਰਕਾਰ ਦੀ ਛਵੀ ਬਦਲ ਸਕਦੀ ਹੋਵੇ ਜਾਂ ਉਸ ਲਈ  ਕੋਈ ਨਵੀ ਉਮੀਦ ਬਣਦੀ ਹੋਵੇ ਤਾਂ ਇਸ ਫੇਰ ਬਦਲ ਵਿਚ ਕੋਈ ਹਰਜ਼ ਵੀ ਨਹੀਂ।

  • ਪ੍ਰੋ. ਲੋਰੀ ਟਰਨਬੁੱਲ, ਡਲਹੌਜ਼ੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਹੈ। ( ਧੰਨਵਾਦ ਸਹਿਤ-ਗਲੋਬ ਐਂਡ ਮੇਲ)