Headlines

ਸਮਾਜ ਸੇਵੀ ਰਣਜੀਤ ਸਿੰਘ ਰਾਣਾ ਆੜਤੀਆ ਵੱਲੋਂ ‘ਬਲੱਡ ਵਾਲਟ ਲਾਇਬ੍ਰੇਰੀ’ ਲਈ ਮਾਲੀ ਮਦਦ

ਨਸ਼ਿਆਂ ਦਾ ਤਿਆਗ ਕਰਕੇ ਨੌਜਵਾਨ ਖੇਡਾਂ ਅਤੇ ਕਿਤਾਬਾਂ ਪੜ੍ਹਣ ਵਿੱਚ ਰੁਚੀ ਪੈਦਾ ਕਰਨ – ਰਣਜੀਤ ਸਿੰਘ ਰਾਣਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,9 ਅਗਸਤ –
ਲੰਮੇ ਸਮੇਂ ਤੋਂ ਬਲੱਡ ਵਾਲਟ ਲਾਇਬ੍ਰੇਰੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਕੀਟ ਚੋਹਲਾ ਸਾਹਿਬ ਵਿਖੇ ਚਲਾਈ ਜਾ ਰਹੀ ਹੈ।ਇਸ ਲਾਇਬ੍ਰੇਰੀ ਤੋਂ ਪਾਠਕ ਆਪਣੀਆਂ ਮਨਪਸੰਦ ਕਿਤਾਬਾਂ ਘਰ ਲਿਜਾਕੇ ਪੜਦੇ ਹਨ ਅਤੇ ਦਾਨੀ ਸੱਜਣ ਬਲੱਡ ਵਾਲਟ ਲਾਇਬ੍ਰੇਰੀ ਦੀ ਸਮੇਂ-ਸਮੇਂ ‘ਤੇ ਮਾਲੀ ਮਦਦ ਕਰਦੇ ਹਨ ਅਤੇ ਬਹੁਤ ਸਾਰੇ ਦਾਨੀ ਸੱਜਣ ਸੈਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਵੀ ਦਾਨ ਕਰ ਚੁੱਕੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲੱਡ ਵਾਲਟ ਲਾਇਬ੍ਰੇਰੀ ਦੇ ਚੇਅਰਮੈਨ ਸਨਦੀਪ ਸਿੰਘ ਸਿੱਧੂ ਅਤੇ ਲਾਇਬ੍ਰੇਰੀ ਸੰਚਾਲਕ ਪਰਮਿੰਦਰ ਚੋਹਲਾ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ‘ਬਲੱਡ ਵਾਲਟ ਲਾਇਬ੍ਰੇਰੀ’ ਲੰਮੇ ਸਮੇਂ ਤੋਂ ਇਲਾਕੇ ਦੇ ਪਾਠਕਾਂ ਦੀ ਸੇਵਾ ਕਰ ਰਹੀ ਹੈ ਅਤੇ ਮੁਫ਼ਤ ਵਿੱਚ ਕਿਤਾਬਾਂ ਪੜ੍ਹਾ ਰਹੀ ਹੈ ਅਤੇ ਇਸਦੇ ਨਾਲ-ਨਾਲ ‘ਬਲੱਡ ਵਾਲਟ ਸੰਸਥਾ’ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਐਮਰਜੈਂਸੀ ਖੂਨਦਾਨ ਸੇਵਾਵਾਂ ਵੀ ਨਿਭਾ ਰਹੀ ਹੈ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਜਰੂਰਤਮੰਦ ਵਿਅਕਤੀਆਂ ਨੂੰ ਦਾਨੀ ਸੱਜਣਾ ਦੀ ਮਦਦ ਨਾਲ ਖੂਨਦਾਨ ਕਰ ਚੁੱਕੀ ਹੈ।ਉਹਨਾਂ ਦੱਸਿਆ ਕਿ ਇਸ ਸੰਸਥਾ ਨਾਲ ਪੰਜਾਬ ਵਿੱਚੋਂ ਕਾਫੀ ਨੌਜਵਾਨ ਮੁੰਡੇ ਅਤੇ ਕੁੜੀਆਂ ਜੁੜੇ ਹਨ,ਜੋ ਸਮੇਂ-ਸਮੇਂ ਤੇ ਜਰੂਰਤਮੰਦ ਵਿਅਕਤੀਆਂ ਨੂੰ ਖੂਨਦਾਨ ਕਰਦੇ ਹਨ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਸਹਿਯੋਗ ਕਰਦੇ ਹਨ।ਉਹਨਾਂ ਦੱਸਿਆ ਕਿ ਇਲਾਕੇ ਦੇ ਉੱਘੇ ਸਮਾਜਸੇਵੀ ਸ.ਰਣਜੀਤ ਸਿੰਘ ਰਾਣਾ ਆੜ੍ਹਤੀਆ ਜੋ ਸਮੇਂ-ਸਮੇਂ ਤੇ ਸਮਾਜ ਵਿੱਚ ਜਰੂਰਤਮੰਦ ਵਿਅਕਤੀਆਂ ਦੀ ਮਦਦ ਕਰਦੇ ਹਨ।ਉਹਨਾਂ ਵੱਲੋਂ ਅੱਜ ਬਲੱਡ ਵਾਲਟ ਨਾਇਬ੍ਰੇਰੀ ਦੀ ਮਾਲੀ ਮਦਦ ਕੀਤੀ ਗਈ ਹੈ,ਜਿਸ ਨਾਲ ਨਵੀਆਂ ਕਿਤਾਬਾਂ ਖ੍ਰੀਦ ਕੇ ਲਾਇਬ੍ਰੇਰੀ ਵਿੱਚ ਰੱਖੀਆਂ ਜਾਣਗੀਆਂ।ਉਹਨਾਂ ਦੱਸਿਆ ਕਿ ਰਣਜੀਤ ਸਿੰਘ ਰਾਣਾ ਆੜਤੀਆ ਪਹਿਲਾਂ ਵੀ ਬਲੱਡ ਵਾਲਟ ਲਾਇਬ੍ਰੇਰੀ ਲਈ ਕਿਤਾਬਾਂ ਖ੍ਰੀਦਣ ਲਈ ਮਦਦ ਕਰ ਚੁੱਕੇ ਹਨ।ਇਸ ਸਮੇਂ ਸਮਾਜਸੇਵੀ ਰਣਜੀਤ ਸਿੰਘ ਰਾਣਾ ਆੜਤੀਆ ਨੇ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਅਤੇ ਕਿਤਾਬਾਂ ਪੜਨ ਵਿੱਚ ਰੁਚੀ ਪੈਦਾ ਕਰਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਫੋਟੋ ਕੈਪਸ਼ਨ: ਕਸਬਾ ਚੋਹਲਾ ਸਾਹਿਬ ਵਿਖੇ ਚਲਾਈ ਜਾ ਰਹੀ ‘ਬਲੱਡ ਵਾਲਟ ਲਾਇਬ੍ਰੇਰੀ’ ਲਈ ਕਿਤਾਬਾਂ ਖ੍ਰੀਦਣ ਲਈ ਲਾਇਬ੍ਰੇਰੀ ਦੇ ਸੰਚਾਲਕ ਪਰਮਿੰਦਰ ਚੋਹਲਾ ਨੂੰ ਮਾਲੀ ਮੱਦਦ ਭੇਟ ਕਰਦੇ ਹੋਏ ਸਮਾਜਸੇਵੀ ਰਣਜੀਤ ਸਿੰਘ ਰਾਣਾ ਆੜ੍ਹਤੀਆ।