Headlines

ਆਖਰ ਫਰੇਜ਼ਰ ਵੈਲੀ ਵਿਚ 4 ਮਹੀਨੇ ਬਾਦ ਟਰਾਂਜਿਟ ਹੜਤਾਲ ਖਤਮ ਹੋਈ

ਕੰਪਨੀ ਤੇ ਯੂਨੀਅਨ ਵਿਚਾਲੇ ਸਮਝੌਤਾ ਸਿਰੇ ਚੜਿਆ-

-ਅਗਸਤ ਮਹੀਨੇ ਮੁਸਾਫਿਰਾਂ ਲਈ ਸਫਰ ਮੁਫਤ-

ਐਬਸਫੋਰਡ ( ਦੇ ਪ੍ਰ ਬਿ)- ਫਰੇਜ਼ਰ ਵੈਲੀ ਵਿਚ ਟਰਾਂਜਿਟ ਵਰਕਰਾਂ ਦੀ ਪਿਛਲੇ ਲੰਬੇ ਸਮੇਂ ਤੋ ਚੱਲ ਰਹੀ ਹੜਤਾਲ ਆਖਰ ਖਤਮ ਹੋ ਗਈ ਹੈ ਤੇ ਇਸ 6 ਅਗਸਤ ਤੋਂ ਬੱਸ ਸੇਵਾ ਮੁੜ ਆਰੰਭ ਹੋ ਗਈ ਹੈ। ਬੀਸੀ ਟਰਾਂਜਿਸਟ ਲਈ ਕੰਮ ਕਰ ਰਹੀ ਕੰਪਨੀ ਅਤੇ ਵਰਕਰ ਯੂਨੀਅਨ ( CUPE) ਵਿਚਾਲੇ ਉਜਰਤਾਂ ਅਤੇ ਪੈਨਸ਼ਨ ਸਕੀਮ ਲਾਗੂ ਕੀਤੇ ਜਾਣ ਸਬੰਧੀ ਸਮਝੌਤਾ ਹੋਣ ਉਪਰੰਤ 20 ਮਾਰਚ ਤੋਂ ਚੱਲ ਰਹੀ ਹੜਤਾਲ ਸਮਾਪਤ ਹੋ ਗਈ ਹੈ। ਬੱਸ ਸੇਵਾ ਮੁੜ ਸ਼ੁਰੂ ਹੋਣ ਉਪਰੰਤ  ਅਗਸਤ ਮਹੀਨੇ ਵਿਚ ਫਰੇਜ਼ਰ ਵੈਲੀ ਟਰਾਂਜ਼ਿਟ ਸਫਰ ਮੁਫਤ ਹੋਵੇਗਾ।

ਕੰਪਨੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਫ੍ਰੇਜ਼ਰ ਵੈਲੀ-ਐਬਸਫੋਰਡ,ਮਿਸ਼ਨ, ਚਿੱਲਵੈਕ ਤੇ ਹੋਪ ਤੱਕ   ਪੂਰੀ ਆਵਾਜਾਈ ਸੇਵਾ ਨੂੰ ਬਹਾਲ ਕਰ ਦਿੱਤੀ ਗਈ ਹੈ।

ਫਰੇਜ਼ਰ ਵੈਲੀ ਵਿਚ ਲਗਪਗ  200 ਬੱਸ ਡਰਾਈਵਰ ਅਤੇ ਮਕੈਨਿਕ ਅਪ੍ਰੈਲ 2020 ਤੋਂ ਬਿਨਾਂ ਇਕਰਾਰਨਾਮੇ ਦੇ ਸਨ, ਅਤੇ 20 ਮਾਰਚ ਨੂੰ ਕੰਪਨੀ ਨਾਲ ਗੱਲਬਾਤ ਟੁੱਟਣ ‘ਤੇ ਨੌਕਰੀ ਛੱਡਕੇ ਹੜਤਾਲ ਤੇ ਚਲੇ ਗਏ ਸਨ।CUPE ਲੋਕਲ 561, ਜੋ ਕਿ ਕਾਮਿਆਂ ਦੀ ਨੁਮਾਇੰਦਗੀ ਕਰਦਾ ਹੈ, ਨੇ ਦਲੀਲ ਦਿੱਤੀ ਸੀ ਕਿ ਇਸਦੇ ਮੈਂਬਰ ਬਿਨਾਂ ਪੈਨਸ਼ਨ ਦੇ ਸਨ ਅਤੇ ਲੋਅਰ ਮੇਨਲੈਂਡ ਦੇ ਦੂਜੇ ਟ੍ਰਾਂਜ਼ਿਟ ਓਪਰੇਟਰਾਂ ਨਾਲੋਂ ਲਗਭਗ ਇੱਕ ਤਿਹਾਈ ਘੱਟ  ਤਨਖਾਹ ਉਪਰ ਕੰਮ ਕਰ ਰਹੇ ਸਨ।

ਤਾਜਾ ਸਮਝੌਤੇ ਮੁਤਾਬਿਕ ਛੇ ਸਾਲਾਂ ਦੇ ਵਕਫੇ ਵਿਚ ਫਰੇਜਰ ਵੈਲੀ ਦੇ ਕਰਮਚਾਰੀਆਂ ਦਾ  ਦੂਜੇ ਬੀ ਸੀ ਟ੍ਰਾਂਜ਼ਿਟ ਕਰਮਚਾਰੀਆਂ ਨਾਲੋਂ ਤਨਖਾਹ ਦੇ ਪਾੜੇ ਨੂੰ ਘਟਾਇਆ ਜਾਵੇਗਾ ਅਤੇ ਇੱਕ ਪੈਨਸ਼ਨ ਯੋਜਨਾ ਵੀ ਲਾਗੂ ਕੀਤੀ ਜਾਵੇਗੀ।