Headlines

ਮੋਦੀਖਾਨਾ ਪੱਟੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਕੁੜੀਆਂ ਨੇ ਗਿੱਧਾ, ਭੰਗੜਾ ਪਾ ਕੇ ਮਨਾਈਆਂ ਤੀਆਂ –
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,13 ਅਗਸਤ-
ਪੱਟੀ ਸ਼ਹਿਰ ਵਿਖੇ ਸਮਾਜ ਸੇਵਾ ਕਾਰਜਾਂ ਲਈ ਹੋਂਦ ਵਿੱਚ ਆਈ ਇਮਾਰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ ਵਿਖੇ ਚੱਲ ਰਹੇ ਫ੍ਰੀ ਸਿਲਾਈ,ਕੰਪਿਊਟਰ ਅਤੇ ਬਿਊਟੀ ਪਾਰਲਰ ਸਿਖਲਾਈ ਸੈਂਟਰ ਦੀਆਂ ਵਿਦਿਆਰਥਣਾਂ ਵੱਲੋਂ ਰਲ਼ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਵਿਦਿਆਰਥਣਾਂ ਵੱਲੋਂ ਗਿੱਧੇ,ਭੰਗੜੇ ਦੀਆਂ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਜਸਵਿੰਦਰ ਕੌਰ ਧੁੰਨਾ,ਰਾਜਵਿੰਦਰ ਕੌਰ ਪਨਗੋਟਾ,ਸੁਖਦੀਪ ਕੌਰ ਅਤੇ ਗੁਰਪ੍ਰੀਤ ਕੌਰ ਵੱਲੋਂ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜਸਵਿੰਦਰ ਕੌਰ ਧੁੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਇਸ ਇਮਾਰਤ ਦਾ ਨਿਰਮਾਣ ਸਮਾਜ ਸੇਵਾ ਕਾਰਜਾਂ ਲਈ ਕੀਤਾ ਗਿਆ ਹੈ।ਜਿਸ ਵਿੱਚ ਇਸ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫ੍ਰੀ ਸਿਲਾਈ ਸੈਂਟਰ,ਕੰਪਿਊਟਰ ਸੈਂਟਰ,ਬਿਊਟੀ ਪਾਰਲਰ ਸਿਖਲਾਈ ਸੈਂਟਰ ਅਤੇ ਫਿਜ਼ੀਓਥਰੈਪੀ ਸੈਂਟਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਸੈਂਟਰ ਵਿੱਚ 150 ਵਿਦਿਆਰਥੀ ਸਿੱਖਿਆ ਲੈ ਰਹੇ ਹਨ।ਇਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਾਉਣ ਮਹੀਨੇ ਨਾਲ ਸੰਬੰਧਤ ਤੀਆਂ ਦਾ ਤਿਉਹਾਰ ਮਨਾਉਣ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੁੜੀਆਂ ਗਿੱਧਾ,ਭੰਗੜਾ ਪਾ ਕੇ ਤੀਆਂ ਮਨਾ ਸਕਣ।
ਇਸ ਮੌਕੇ ਰਾਜਵਿੰਦਰ ਕੌਰ ਪਨਗੋਟਾ ਨੇ ਕਿਹਾ ਕਿ ਬੇਸ਼ੱਕ ਸਮੇਂ ਦੇ ਨਾਲ ਤੀਆਂ ਦੇ ਤਿਉਹਾਰ ਮਨਾਉਣ ਦਾ ਰੂਪ ਬਦਲ ਚੁੱਕਾ ਹੈ। ਪਹਿਲਾਂ ਸਾਉਣ ਦੇ ਤਿਉਹਾਰ ਮੌਕੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਆਉਂਦੀਆਂ ਸਨ ਤਾਂ ਪਿੰਡ ਦੀਆਂ ਕੁੜੀਆਂ ਨਾਲ ਰਲ਼ ਕੇ ਸਾਂਝੀ ਥਾਂ ‘ਤੇ ਗਿੱਧਾ ਪਾਉਂਦੀਆਂ,ਪੀਂਘਾਂ ਝੂਟਦੀਆਂ ਸਨ,ਪਰ ਅਜੋਕੇ ਸਮੇਂ ਵਿੱਚ ਉਹ ਸਭ ਵਿਸਰ ਗਿਆ ਹੈ।ਮੋਦੀਖਾਨੇ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾਂ,ਭੰਗੜਾ ਪਾ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ।ਪ੍ਰੋਗਰਾਮ ਦੇ ਅੰਤ ਵਿੱਚ ਜਸਵਿੰਦਰ ਕੌਰ ਧੁੰਨਾ ਅਤੇ ਰਾਜਵਿੰਦਰ ਕੌਰ ਪਨਗੋਟਾ ਵੱਲੋਂ ਅਧਿਆਪਕਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਿਲਾਈ ਅਧਿਆਪਕ ਰਣਜੀਤ ਕੌਰ, ਕੰਪਿਊਟਰ ਅਧਿਆਪਕ ਭਾਰਤੀ ਅਰੋੜਾ,ਬਿਊਟੀ ਪਾਰਲਰ ਅਧਿਆਪਕ ਅਮਨਦੀਪ ਕੌਰ,ਡਾਕਟਰ ਅਰਮਾਨਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਤੀਆਂ ਦੇ ਤਿਉਹਾਰ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਜਸਵਿੰਦਰ ਕੌਰ ਧੁੰਨਾ ਤੇ ਰਾਜਵਿੰਦਰ ਕੌਰ ਪਨਗੋਟਾ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)