Headlines

ਮਨੁੱਖੀ ਹੱਕਾਂ ਦੇ ਹੀਰੋ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਨੂੰ ਟੋਰਾਂਟੋ ਫਿਲਮ ਮੇਲੇ ਦੀ ਸੂਚੀ ਚੋ ਹਟਾਇਆ

ਟੋਰਾਂਟੋ ( ਸੇਖਾ )- ਫਿਲਮੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਨਹੀਂ ਹੋਵੇਗੀ। ਹਾਲਾਂਕਿ ਪਹਿਲਾਂ ਇਹ ਚਰਚਾ ਸੀ ਪਰ ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਫਿਲਮ ਮੇਲੇ ਵਿਚ ਹੋਵੇਗਾ। ਜਾਣਕਾਰੀ ਮੁਤਾਬਿਕ ਇਸ ਫਿਲਮ ਨੂੰ ਟੋਰਾਂਟੋ ਫਿਲਮ ਮੇਲੇ ’ਚੋਂ ਰਾਜਸੀ ਦਬਾਅ ਕਾਰਨ ਹਟਾਇਆ ਗਿਆ ਹੈ। ਇਹ ਫਿਲਮ 80ਵੇਂ ਦਹਾਕੇ ਦੌਰਾਨ ਪੰਜਾਬ ਪੁਲੀਸ ਵੱਲੋਂ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਨਿਰਦੋਸ਼ ਸਿੱਖ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ। ਸ੍ਰੀ ਖਾਲੜਾ ਨੇ ਫਰਜ਼ੀ ਪੁਲੀਸ ਮੁਕਾਬਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਵੈਰਾਇਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੋਰਾਂਟੋ ਫਿਲਮ ਫੈਸਟੀਵਲ ਦੀ ਵੈਬਸਾਈਟ ’ਤੇ ਵੀ ਇਸ ਫਿਲਮ ਦੇ ਪ੍ਰੀਮੀਅਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਏਜੰਸੀ ਨੇ ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਫਿਲਮ ‘ਪੰਜਾਬ 95’ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਸ ਫਿਲਮ ਵਿਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ ਮੁੱਖ ਭੂਮਿਕਾਵਾਂ ਵਿਚ ਹਨ। ਜ਼ਿਕਰਯੋਗ ਹੈ ਕਿ  ਜਸਵੰਤ ਸਿੰਘ ਖਾਲੜਾ ਵੱਲੋਂ ਨਿਰਦੋਸ਼ਾਂ ਨੂੰ ਮਾਰਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਬਾਅਦ ਉਹ 1995 ਵਿੱਚ ਲਾਪਤਾ ਹੋ ਗਿਆ ਅਤੇ 2005 ਵਿੱਚ ਛੇ ਪੁਲੀਸ ਅਧਿਕਾਰੀਆਂ ਨੂੰ ਉਸ ਦੇ ਅਗਵਾ ਅਤੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਤੋਂ ਬਾਅਦ ਕੈਨੇਡਾ ਵਿਚ ਵੱਡੀ ਗਿਣਤੀ ਸਿੱਖ ਵਸਦੇ ਹਨ।