Headlines

ਸੰਪਾਦਕੀ-ਆਜਾਦ ਭਾਰਤ ਦੀ ਅਸਲ ਤਸਵੀਰ….

ਸੁਖਵਿੰਦਰ ਸਿੰਘ ਚੋਹਲਾ—-

ਭਾਰਤ ਦਾ ਆਜਾਦੀ ਦਿਵਸ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੇ ਗੁਲਾਮੀ ਤੋਂ ਛੁਟਕਾਰਾ ਮਿਲਿਆ ਸੀ । ਭਾਰਤ ਦੀ ਆਜਾਦੀ ਦਾ ਇਤਿਹਾਸ ਬਹੁਤ ਹੀ ਕੁਰਬਾਨੀਆਂ ਭਰਿਆ ਤੇ ਅੰਗਰੇਜੀ ਸਾਸ਼ਕਾਂ ਦੇ ਜਬਰ ਜੁਲਮ ਖਿਲਾਫ ਭਾਰਤੀ ਸਪੂਤਾਂ ਵਲੋਂ ਆਪਣੇ ਖੂਨ ਨਾਲ ਲਿਖਿਆ ਇਤਿਹਾਸ ਹੈ। ਇਤਿਹਾਸ ਦੇ ਇਹਨਾਂ ਪੰਨਿਆਂ ਵਿਚ ਮਹਾਤਮਾ ਗਾਂਧੀ ਦਾ ਸ਼ਾਂਤਮਈ ਅੰਦੋਲਨ, ਸੁਭਾਸ਼ ਚੰਦਰ ਬੋਸ ਤੇ ਸਰਦਾਰ ਭਗਤ ਸਿੰਘ ਵਰਗੇ ਅਨੇਕਾਂ ਯੋਧਿਆਂ ਤੇ ਆਜਾਦੀ ਪ੍ਰਵਾਨਿਆਂ ਦਾ ਜਿਕਰੇ ਖਾਸ ਹੈ ਜਿਹਨਾਂ ਦੀ ਬਦੌਲਤ ਭਾਰਤ ਦੇ ਲੋਕਾਂ ਨੇ ਆਜਾਦੀ ਦੇ ਸੂਰਜ ਨੂੰ ਤੱਕਿਆ ਪਰ ਇਸਦੇ ਨਾਲ ਹੀ ਦੇਸ਼ ਦੀ ਵੰਡ ਦਾ ਉਹ ਦੁਖਦਾਈ ਮੰਜ਼ਰ ਵੀ ਵੇਖਿਆ ਜਦੋਂ ਲੱਖਾਂ ਅਣਭੋਲ ਲੋਕ ਫਿਰਕੂ ਨਫਰਤ ਦੀ ਭੇਟ ਚੜ ਗਏ ਤੇ ਕਰੋੜਾਂ ਲੋਕਾਂ ਨੂੰ ਉਜਾੜੇ ਦਾ ਸੰਤਾਪ ਭੋਗਦਿਆਂ ਸਮੇਂ ਦੇ ਹਾਕਮਾਂ ਤੇ ਬੇਈਮਾਨ ਸਿਆਸਤਦਾਨਾਂ ਵਲੋਂ ਧਰਤੀ ਦੀ ਹਿੱਕ ਉਪਰ ਰਾਤੋ ਰਾਤ ਖਿੱਚੀ ਲੀਕ ਦੇ ਆਰ-ਪਾਰ ਹੋਣ ਲਈ ਅਕਹਿ ਦੁਸ਼ਵਾਰੀਆਂ ਦੇ ਰੂਬਰੂ ਹੋਣਾ ਪਿਆ।

ਇਤਿਹਾਸ ਦੀਆਂ ਪੁਸਤਕਾਂ ਦੇ ਪੰਨੇ ਦਸਦੇ ਹਨ ਕਿ ਕਿਵੇਂ 1757 ਵਿੱਚ ਪਲਾਸੀ ਦੀ ਲੜਾਈ ਵਿੱਚ, ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਨਵਾਬ ਸਿਰਾਜ- ਉਦ ਦੌਲਾ ਨੂੰ ਹਰਾਕੇ ਭਾਰਤ ਵਿਚ ਅੰਗਰੇਜ਼ ਰਾਜ ਦੀ ਨੀਂਹ ਰੱਖੀ ਸੀ । ਲਗਪਗ ਸੌ ਸਾਲ ਬਾਦ ਅੰਗਰੇਜ 1849 ਵਿਚ ਪੰਜਾਬ ਉਪਰ ਕਾਬਜ਼ ਹੋਣ ਵਿਚ ਸਫਲ ਹੋਏ। ਭਾਰਤੀਆਂ ਵਲੋਂ ਅੰਗਰੇਜਾਂ ਖਿਲਾਫ 1857 ਵਿੱਚ ਆਜਾਦੀ ਦੀ ਪਹਿਲੀ ਲੜਾਈ ਵਜੋਂ ਵਿਦਰੋਹ ਕੀਤਾ ਤੇ ਆਖਰ ਇਕ ਸਦੀ ਹੋਰ ਲੰਬੀ ਜਦੋਜਹਿਦ ਬਾਦ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ ਗਿਆ। ਪਰ ਜਾਂਦੇ ਜਾਂਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ 15 ਅਗਸਤ, 1947 ਨੂੰ  ਭਾਰਤ ਨੂੰ ਦੋ ਨਵੇਂ ਮੁਲਕਾਂ, ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ।

ਇਸ  ਖੂਨੀ ਵੰਡ ਦੌਰਾਨ 5 ਤੋਂ 10 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ ਤੇ ਅੰਦਾਜ਼ਨ 2-3 ਕਰੋੜ ਲੋਕਾਂ ਨੂੰ ਨਵੀਂ ਬਣਾਈ ਸਰਹੱਦ ਦੇ ਆਰ ਪਾਰ ਸ਼ਰਨਾਰਥੀ ਬਣਨ ਲਈ ਮਜ਼ਬੂਰ ਹੋਣਾ ਪਿਆ।

ਭਾਰਤ ਹੁਣ ਆਪਣਾ 77ਵਾਂ ਆਜਾਦੀ ਦਿਵਸ ਮਨਾ ਰਿਹਾ ਹੈ। ਪੌਣੀ ਸਦੀ ਦੀ ਆਜਾਦੀ ਦੌਰਾਨ ਭਾਰਤ ਨੇ ਹਰ ਖੇਤਰ ਵਿਚ ਅਨੇਕਾਂ ਪ੍ਰਾਪਤੀਆਂ  ਕੀਤੀਆਂ ਹਨ ਪਰ ਇਹ ਪ੍ਰਾਪਤੀਆਂ ਮੁਲਕ ਦੀ ਪੂਰੀ ਆਬਾਦੀ ਲਈ ਤਸੱਲੀਬਖਸ਼ ਨਹੀ ਹਨ। ਉਹਨਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਵਾਲੀਆਂ ਨਹੀ ਹਨ। ਗਰੀਬੀ, ਬੇਰੁਜਗਾਰੀ ਦੇ ਨਾਲ ਸਿਹਤ ਸਹੂਲਤਾਂ ਅਤੇ ਆਰਥਿਕ ਵਸੀਲਿਆਂ ਵਿਚ ਕਾਣੀ ਵੰਡ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਭ੍ਰਿਸ਼ਟਾਚਾਰ ਦੀ ਸਿਊਂਕ ਸਿਸਟਮ ਦੇ ਹਰ ਦਰਵਾਜੇ ਤੇ ਬਾਰੀ ਨੂੰ ਖੋਖਲਾ ਕਰੀ ਬੈਠੀ ਹੈ। ਰਾਜਸੱਤਾ ਉਪਰ ਕਾਬਜ਼ ਆਗੂਆਂ ਦੇ ਦਾਅਵੇ ਕੁਝ ਹੋਰ ਹਨ, ਕਰਦੇ ਕੁਝ ਹੋਰ ਹਨ।

ਉਂਜ ਅੰਕੜੇ ਬੋਲਦੇ ਹਨ ਕਿ ਅੰਗਰੇਜ਼ਾਂ ਦੇ ਜਾਣ ਸਮੇਂ ਭਾਵ 1947 ਤੋਂ ਪਹਿਲਾਂ ਮੁਲਕ ਵਿਚ ਵਿਅਕਤੀ ਦੀ ਔਸਤ ਜੀਵਨ ਸੰਭਾਵਨਾ ਉਮਰ ਪੁਰਸ਼ਾਂ ਲਈ ਸਿਰਫ਼ 37 ਸਾਲ ਅਤੇ ਔਰਤਾਂ ਲਈ 36 ਸਾਲ ਸੀ।  ਸਿਰਫ਼ 12% ਭਾਰਤੀ ਪੜ੍ਹੇ-ਲਿਖੇ ਸਨ।  ਦੇਸ਼ ਦੀ ਜੀਡੀਪੀ 20 ਬਿਲੀਅਨ ਡਾਲਰ ਸੀ। ਜਦੋੰਕਿ ਇਸ ਸਮੇਂ ਭਾਰਤ ਦੀ ਲਗਭਗ 3 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ  ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ। ਵਿਸ਼ਵ ਬੈਂਕ ਨੇ ਭਾਰਤ ਨੂੰ ਘੱਟ-ਆਮਦਨੀ ਤੋਂ ਮੱਧ-ਆਮਦਨੀ ਵਰਗ ਵਾਲੇ ਮੁਲਕਾਂ ਵਿਚ ਰੱਖਿਆ ਹੈ। ਇਸ ਸਮੇਂ ਪ੍ਰਤੀ ਵਿਅਕਤੀ ਆਮਦਨ 1,036 ਡਾਲਰ ਤੋਂ 12,535 ਡਾਲਰ ਦੇ ਵਿਚਕਾਰ  ਹੈ।

ਸਾਖਰਤਾ ਦਰ ਵੀ ਮਰਦਾਂ ਲਈ 74% ਅਤੇ ਔਰਤਾਂ ਦੀ  65%  ਹੈ ਅਤੇ ਔਸਤ ਜੀਵਨ ਸੰਭਾਵਨਾ ਉਮਰ ਹੁਣ 70 ਸਾਲ ਹੈ। ਭਾਰਤੀ ਡਾਇਸਪੋਰਾ ਵਿਦੇਸ਼ਾਂ ਵਿਚ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨ ਵਰਗੇ ਮੁਲਕ ਤੋਂ ਬਾਦ ਸਭ ਤੋਂ ਵਧ ਹੈ। ਭਾਰਤੀਆਂ ਦੀਆਂ ਵਿਦੇਸ਼ਾਂ ਵਿਚ ਅਹਿਮ ਪ੍ਰਾਪਤੀਆਂ ਵਿਚ ਗੂਗਲ ਦੇ ਮੁੱਖ ਕਾਰਜਕਾਰੀ ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਟਵਿੱਟਰ ਦੇ ਮੁਖੀ ਪਰਾਗ ਅਗਰਵਾਲ ਸਮੇਤ ਦੁਨੀਆ ਦੀਆਂ ਕਈ  ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਸੀਨੀਅਰ ਅਹੁਦਿਆਂ ਉਪਰ ਕਾਬਜ਼ ਹਨ । 1990 ਦੇ ਦਹਾਕੇ ਤੋਂ ਬਾਦ ਦੁਨੀਆ ਦੇ ਮਹਾਨ ਅਰਥ ਸ਼ਾਸਤਰੀ ਡਾ ਮਨਮੋਹਣ ਸਿੰਘ ਵਲੋਂ ਲਿਆਂਦੀਆਂ ਗਈ ਉਦਾਰ ਆਰਥਿਕ ਨੀਤੀਆਂ ਸਦਕਾ ਭਾਰਤ ਦਾ ਤੇਜੀ ਨਾਲ ਵਿਕਾਸ ਕਰ ਰਹੀਆਂ ਆਰਥਿਕ ਸ਼ਕਤੀਆਂ ਵਿਚ ਹੋਇਆ ਹੈ। ਅੱਜ ਆਰਥਿਕ ਰਾਜਧਾਨੀ ਮੁੰਬਈ,  ਚੇਨਈ ਅਤੇ ਹੈਦਰਾਬਾਦ ਸਮੇਤ ਵੱਡੇ ਸ਼ਹਿਰਾਂ ਵਿੱਚ ਅਮਰੀਕੀ, ਜਾਪਾਨੀ ਅਤੇ ਦੱਖਣ-ਪੂਰਬੀ ਏਸ਼ੀਆਈ ਫਰਮਾਂ ਨੇ ਵੱਡਾ ਨਿਵੇਸ਼ ਕੀਤਾ ਹੈ।  ਦੱਖਣੀ ਭਾਰਤ ਦੇ  ਸ਼ਹਿਰ ਬੇਂਗਲੁਰੂ ਨੂੰ “ਭਾਰਤ ਦੀ ਸਿਲੀਕਾਨ ਵੈਲੀ” ਕਿਹਾ ਜਾਂਦਾ ਹੈ । ਵਿਸ਼ਵ ਦੇ ਅਰਬਪਤੀਆਂ ਦੀ ਗਿਣਤੀ ਵਿਚ 100 ਭਾਰਤੀਆਂ ਦਾ ਨਾਮ ਦਰਜ ਹੈ। ਫੋਰਬਸ ਦੀ ਰਿਪੋਰਟ ਮੁਤਾਬਿਕ ਕਾਰੋਬਾਰੀ ਗੌਤਮ ਅਡਾਨੀ ਦੀ  ਕੁੱਲ ਜਾਇਦਾਦ $ 130 ਬਿਲੀਅਨ ਡਾਲਰ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸੰਸਥਾਪਕ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ 95 ਬਿਲੀਅਨ ਡਾਲਰ ਤੋਂ ਵੱਧ ਹੈ।

ਭਾਰਤ ਨੇ ਆਰਥਿਕ ਖੇਤਰ ਵਿਚ ਵੱਡੀਆਂ ਉਪਲਬਧੀਆਂ ਤਾਂ ਕੀਤੀਆਂ ਹਨ ਪਰ ਇਸਦੇ ਨਾਲ ਭਾਰਤ ਦੀ ਕਰੋੜਾਂ ਦੀ ਆਬਾਦੀ ਅੱਜ ਵੀ ਗਰੀਬੀ ਦੇ ਪੁੜਾਂ ਹੇਠ ਪਿਸ ਰਹੀ ਹੈ। ਵਿਸ਼ਵ ਬੈਂਕ ਦੇ 2017 ਦੇ ਅੰਕੜਿਆਂ ਮੁਤਾਬਿਕ ਭਾਰਤ ਦੇ ਲਗਭਗ 1 ਅਰਬ 30 ਕਰੋੜ ਲੋਕਾਂ ਵਿੱਚੋਂ ਲਗਭਗ 60% ਲੋਕ ਇੱਕ ਦਿਨ ਵਿੱਚ 3 ਡਾਲਰ ਦੇ ਕਰੀਬ ਉਜਰਤ ਨਾਲ ਗੁਜਾਰਾ ਕਰ ਰਹੇ ਸਨ। ਗਰੀਬੀ ਤੇ ਭੁੱਖਮਰੀ ਦੇ ਨਾਲ ਸਮਾਜਿਕ ਸਮੱਸਿਆਵਾਂ ਵੀ ਢੇਰਾਂ ਹਨ। ਭਾਰਤ ਵਿਚ ਬਸਤੀਵਾਦ ਦੇ ਅੰਤ ਤੋਂ ਬਾਅਦ ਵੀ ਅਮੀਰ ਗਰੀਬ ਦਾ ਪਾੜਾ ਸਿਖਰ ਤੇ ਹੈ। ਬਲਕਿ ਇਸ ਪਾੜੇ ਵਿਚ ਹੋਰ ਵਾਧਾ ਹੋਇਆ ਹੈ। ਇਕ ਹੋਰ ਰਿਪਰੋਟ ਮੁਤਾਬਿਕ ਦੇਸ਼ ਦੇ ਸਭ ਤੋਂ ਅਮੀਰ 10% ਲੋਕ ਦੇਸ਼ ਦੀ ਦੌਲਤ ਦੇ ਕੁਲ 80% ਹਿੱਸੇ ਉਪਰ ਕਬਜਾ ਕਰੀ ਬੈਠੇ ਹਨ। ਮਹਾਂਨਗਰਾਂ ਦੀਆਂ ਗਗਨਚੁੰਬੀ ਇਮਾਰਤਾਂ ਦੇ ਹੇਠਾਂ ਝੁੱਗੀ-ਝੌਂਪੜੀਆਂ ਵਾਲੇ ਸਲੰਮ ਇਲਾਕੇ ਅਤੇ  ਫੁੱਟਪਾਥ ਉਪਰ ਫਟੇ ਹੋਏ ਕੱਪੜੇ ਪਹਿਨੇ ਭੀਖ ਮੰਗਦੇ ਬੱਚੇ ਦੇਸ਼ ਦੇ ਹਾਕਮਾਂ ਦੇ ਦਾਅਵਿਆਂ ਦਾ ਮੂੰਹ ਚਿੜਾਉਂਦੇ ਹਨ।

ਸਮਾਜਿਕ ਤੌਰ ਤੇ ਵੀ ਮੁਲਕ ਦੇ ਪਿਛੜੇਪਣ ਦੀ ਨਿਸ਼ਾਨਦੇਹੀ ਕਰਨ ਲਈ ਔਰਤਾਂ ਨਾਲ ਵਿਤਕਰਾ, ਲਿੰਗ ਭੇਦ ਅਤੇ ਫਿਰਕੂ ਨਫਰਤ ਕਾਰਣ ਵਾਪਰ ਵਾਲੀਆਂ ਘਟਨਾਵਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਔਰਤਾਂ ਨੂੰ ਅੱਜ ਵੀ  ਵਿਆਪਕ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿਚ ਨਿੱਤ ਦਿਨ ਬਲਾਤਕਾਰ ਦੀਆਂ ਸ਼ਰਮਨਾਕ ਘਟਨਾਵਾਂ ਵਾਪਰਦੀਆਂ ਹਨ ਪਰ ਸਮਾਜਿਕ ਟੈਬੂ ਕਾਰਣ ਉਹਨਾਂ ਦੀ ਰਿਪੋਰਟ ਨਹੀ ਕੀਤੀ ਜਾਂਦੀ। ਫਿਰਕੂ ਨਫਰਤ ਤੇ ਫਿਰਕੂ ਫਸਾਦ ਦੀਆਂ ਘਟਨਾਵਾਂ ਅੱਜ ਵੀ ਪਿੰਡਾਂ, ਸ਼ਹਿਰਾਂ ਤੇ ਇਥੋ ਤੱਕ ਕਿ ਦੇਸ਼ ਦੀ ਰਾਜਧਾਨੀ ਵਿਚ ਵੀ ਵਾਪਰਦੀਆਂ ਦਿਖਾਈ ਦੇ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਆਗੂ ਤੇ ਰਾਜਸੱਤਾ ਉਪਰ ਕਾਬਜ਼ ਹਾਕਮ ਬੜੀ ਬੇਸ਼ਰਮੀ ਨਾਲ ਫਿਰਕੂ ਨਫਰਤ ਦੀ ਚਿੰਗਾਰੀ ਨੂੰ ਭਾਂਬੜ ਮਚਾਉਣ ਵਿਚ ਕੋਈ ਕਸਰ ਨਹੀ ਛੱਡਦੇ। ਤਾਜਾ ਘਟਨਾਵਾਂ ਵਿਚ ਮਨੀਪੁਰ ਵਿਚ ਔਰਤਾਂ ਦੀ ਨੂੰ ਨਿਰਵਸਤਰ ਕਰਨ ਤੋਂ ਲੈਕੇ ਸਮੂਹਿਕ ਕਤਲ ਅਤੇ ਫਿਰਕੂ ਹਿੰਸਾ ਦਾ ਨੰਗ ਨਾਚ ਸਭ ਦੇ ਸਾਹਮਣੇ ਹੈ ਪਰ ਹਾਕਮ ਹਨ ਕਿ ਅੱਖਾਂ ਮੀਚੀ ਬਿਆਨ ਦਾਗ ਰਹੇ ਹਨ ਕਿ ਉਹਨਾਂ ਦਾ ਇਹ ਯਕੀਨ ਹੈ ਕਿ  ਸ਼ਾਂਤੀ ਦਾ ਸੂਰਜ ਜਰੂਰ ਉਗੇਗਾ। ਹਰਿਆਣਾ ਵਿਚ ਹਿੰਦੂ-ਮੁਸਲਿਮ ਫਸਾਦ ਕਰਵਾਉਣ ਤੋ ਬਾਦ ਰਾਜਧਾਨੀ ਦਿੱਲੀ ਵਿਚ ਇਕ ਫਿਰਕੇ ਦੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਧਮਕੀਆਂ ਵਾਇਰਲ ਕਰਦਿਆਂ, ਕਾਤਲਾਂ, ਲੁਟੇਰਿਆਂ ਨੂੰ ਹੀਰੋ ਬਣਾਇਆ ਜਾ ਰਿਹਾ ਹੈ। ਵਿਧਾਨ ਸਭਾਵਾਂ ਤੇ ਪਾਰਲੀਮੈਂਟ ਵਿਚ ਰਾਮ ਰਾਜ ਦੇ ਦਾਅਵਿਆਂ ਲਈ ਨਾਅਰੇ ਮਾਰੇ ਤੇ ਮਰਵਾਏ ਜਾ ਰਹੇ ਹਨ। 47 ਦੀ ਫਿਰਕੂ ਵੰਡ ਵਾਲਾ ਮੰਜ਼ਰ ਮੁੜ ਪਰੋਸਿਆ ਜਾ ਰਿਹਾ ਹੈ। ਆਜ਼ਾਦੀ ਦਿਵਸ ਮੌਕੇ ਕੇਵਲ ਹਰ ਘਰ ਤਿਰੰਗੇ ਦੇ ਸੱਦੇ ਨਾਲ ਹੀ ਆਜਾਦ ਭਾਰਤ ਦੀ ਇਸ ਅਸਲ ਤਸਵੀਰ ਤੋਂ ਅੱਖਾਂ ਚੁਰਾ ਲੈਣਾ ਸੰਭਵ ਨਹੀ….