Headlines

ਕੈਨੇਡਾ ਵਿੱਚ ਮਹਿੰਗਾਈ ਦਰ ‘ਚ ਫੇਰ ਵਾਧਾ

ਮਹਿੰਗਾਈ ਕਾਰਨ ਲੋਕਾਂ ਵਿੱਚ ਹਾਹਾਕਾਰ-
ਟੋਰਾਂਟੋ ( ਬਲਜਿੰਦਰ ਸੇਖਾ )- ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੁਲਾਈ ਮਹੀਨੇ ਵਿੱਚ ਬੈਂਕ ਆਫ਼ ਕੈਨੇਡਾ ਦੇ ਟੀਚੇ ਤੋਂ ਵੱਧ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਮੁਲਕ ਦੀ ਮਹਿੰਗਾਈ ਦਰ 3.3% ਦਰਜ ਕੀਤੀ ਗਈ ਹੈ ਜੋ ਕਿ ਜੂਨ ਵਿੱਚ 2.8 ਪ੍ਰਤੀਸ਼ਤ ਸੀ। ਗੈਸ ਦੀਆਂ ਕੀਮਤਾਂ ਦਾ ਵਾਧਾ ਮਹਿੰਗਾਈ ਦਰ ਵਧਾਉਣ ਦਾ ਇੱਕ ਪ੍ਰਮੁੱਖ ਕਾਰਨ ਸਾਬਤ ਹੋਇਆ ਹੈ ਕਿਉਂਕਿ ਗੈਸ ਦੀਆਂ ਕੀਮਤਾਂ ਦਾ ਵਾਧਾ ਹੋਰ ਕਈ ਚੀਜ਼ਾਂ ਦੀਆਂ ਕੀਮਤਾਂ ਵਧਾ ਦਿੰਦਾ ਹੈ।

ਜੁਲਾਈ ਵਿਚ ਗੈਸ ਦੀਆਂ ਕੀਮਤਾਂ ‘ਚ 0.9% ਵਾਧਾ ਹੋਇਆ ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ਗੈਸ ਦੀਆਂ ਕੀਮਤਾਂ ਵਿਚ 9% ਤੋਂ ਵੱਧ ਗਿਰਾਵਟ ਦਰਜ ਹੋਈ ਸੀ। ਇਕੱਲੇ ਗੈਸ ਦੀਆਂ ਕੀਮਤਾਂ ਹੀ ਨਹੀਂ ਸਗੋਂ ਬਿਜਲੀ ਦੀ ਵਾਧੂ ਲਾਗਤ ਨੇ ਵੀ ਮਹਿੰਗਾਈ ਦਰ ‘ਚ ਵਾਧਾ ਕੀਤਾ ਹੈ। ਪਿਛਲੇ ਸਾਲ ਦੀ ਤੁਲਨਾ ‘ਚ ਬਿਜਲੀ ਦੀ ਕੀਮਤਾਂ ਵਿਚ 11.7% ਵਾਧਾ ਦਰਜ ਹੋਇਆ ਹੈ।ਭੋਜਨ ਦੀਆਂ ਕੀਮਤਾਂ ਵੀ ਮਹਿੰਗਾਈ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਜੂਨ ਵਿਚ 9.1 % ਦੀ ਤੁਲਨਾ ਵਿਚ ਜੁਲਾਈ ਤੱਕ ਗ੍ਰੋਸਰੀ ਦੀਆਂ ਕੀਮਤਾਂ 8.5% ਵਾਧਾ ਦਰਜ ਹੋਇਆ, ਪਰ ਸਮੁੱਚੀ ਮਹਿੰਗਾਈ ਦਰ ਨਾਲੋਂ ਇਹ ਦਰ ਅਜੇ ਵੀ ਕਰੀਬ ਤਿੰਨ ਗੁਣਾ ਵੱਧ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਿਕ ਅੰਗੂਰਾਂ ਦੀਆਂ ਕੀਮਤਾਂ ਵਿਚ 40% ਤੋਂ ਵੱਧ ਕਮੀ ਆਈ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਮੌਰਗੇਜ ਵਿਆਜ ਦੀਆਂ ਲਾਗਤਾਂ ਵਿਚ 30.6% ਦਾ ਵਾਧਾ ਹੋਇਆ ਹੈ। ਇਹ ਸਮੁੱਚੀ ਮਹਿੰਗਾਈ ਦਰ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ।
ਕੰਮਾਂ ਵਿੱਚ ਮੰਦੀ ਕਾਰਨ ਕੈਨੇਡਾ ਵਿੱਚ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ।