Headlines

ਪੰਜਾਬ ਸਰਕਾਰ ਖਿਡਾਰੀਆਂ ਨੂੰ ਕਰ ਰਹੀ ਅਣਗੌਲਿਆਂ – ਰਵਿੰਦਰ ਸਿੰਘ ਬ੍ਰਹਮਪੁਰਾ 

ਕੈਨੇਡਾ ਵਿੱਚ  ਕੁਸ਼ਤੀ ਮੁਕਾਬਲੇ ਵਿੱਚ ਗੋਲਡ ਮੈਡਲ ਜੇਤੂ ਗੁਰਸ਼ਰਨਪ੍ਰੀਤ ਕੌਰ ਦਾ  ਕੀਤਾ ਵਿਸ਼ੇਸ਼ ਸਨਮਾਨ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-ਪਿਛਲੇ ਦਿਨੀਂ ਕੈਨੇਡਾ ਵਿੱਚ ਹੋਈਆਂ ਆਲ ਵਰਲਡ ਪੁਲਿਸ ਗੇਮਸ ਵਿਚ ਪੰਜਾਬ ਪੁਲਿਸ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਗੇਮਾਂ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਜ਼ਿਲ੍ਹਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ  ਦੇ ਅਧੀਨ ਪੈਂਦੇ ਪਿੰਡ ਵਿਣਿੰਗ ਦੇ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਜੋ ਕਿ ਕੁਸ਼ਤੀ ਦੀ ਗੇਮ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਵਤਨ ਵਾਪਸ ਪਹੁੰਚੇ,ਪਰ ਅਫ਼ਸੋਸ ਕਿ ਇਸ ਮੌਕੇ ਪੰਜਾਬ ਸਰਕਾਰ ਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਖਿਡਾਰੀ ਦੀ ਹੌਂਸਲਾ ਅਫ਼ਜਾਈ ਕੀ ਕਰਨੀ ਸੀ,ਇਸ ਦੇ ਉਲਟ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਮੌਜੂਦਾ ਵਿਧਾਇਕਾਂ ਵਲੋਂ ਫ਼ੋਨ ਕਰ ਕੇ ਮੁਬਾਰਕਬਾਦ ਵੀ ਨਹੀਂ ਦਿੱਤੀ ਗਈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਵਣਿੰਗ ਵਿਖੇ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ,ਜਿਸ ਕਰਕੇ ਸੂਬੇ ਦੇ ਹੋਣਹਾਰ ਖਿਡਾਰੀਆਂ ਵਿੱਚ ਸਰਕਾਰ ਪ੍ਰਤੀ  ਨਿਰਾਸ਼ਾ ਪੈਦਾ ਹੋ ਰਹੀ ਹੈ।ਇਸ ਮੌਕੇ ਸ.ਬ੍ਰਹਮਪੁਰਾ ਵੱਲੋਂ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਨੂੰ ਇਸ ਮੁਕਾਮ ‘ਤੇ ਪਹੁੰਚਣ ਦੀ ਮੁਬਾਰਕਬਾਦ ਦਿੱਤੀ ਅਤੇ ਇਸ ਉਪਰੰਤ ਖਿਡਾਰਨ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਇਸ ਮੁਕਾਬਲੇ ਤੋਂ ਪਹਿਲਾਂ 40 ਵਾਰ ਭਾਰਤ ਵੱਲੋਂ ਵੱਖ-ਵੱਖ ਚੈਂਪੀਅਨਸ਼ਿਪ ਵਿੱਚ ਖੇਡ ਚੁੱਕੇ ਹਨ।ਜਿਸ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਗੇਮਸ ਵਿਚ ਬਰਾਉਣਜ ਮੈਡਲ, ਕਾਮਨਵੈਲਥ ਗੇਮਸ ਵਿਚ 3 ਸਿਲਵਰ ਮੈਡਲ,ਵਰਲਡ ਪੁਲਿਸ ਗੇਮਸ ਵਿਚ 1 ਗੋਲਡ ਮੈਡਲ,ਸੀਨੀਅਰ ਨੈਸ਼ਨਲ ਗੇਮਸ ਵਿਚ 7 ਗੋਲਡ,2 ਸਿਲਵਰ,3 ਬਰਾਉਣਜ ਮੈਡਲ ਅਤੇ ਨੈਸ਼ਨਲ ਗੇਮਸ ਵਿਚ 3 ਗੋਲਡ ਮੈਡਲ,ਇੰਡੀਅਨ ਪੁਲਿਸ ਗੇਮਸ ਵਿਚ 4 ਗੋਲਡ,1 ਬਰਾਉਣਜ ਮੈਡਲ ਅਤੇ 40 ਵਾਰ ਭਾਰਤ ਕੇਸਰੀ ਟੂਰਨਾਮੈਂਟ ਜਿੱਤ ਕੇ ਭਾਰਤ ਅਤੇ ਪੰਜਾਬ ਪੁਲਿਸ ਸਮੇਤ ਆਪਣੇ ਮਾਤਾ-ਪਿਤਾ ਦਾ ਨਾਮ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।ਇਸ ਮੌਕੇ ਸ.ਬ੍ਰਹਮਪੁਰਾ ਨੇ ਦੱਸਿਆ ਹੈ ਕਿ ਇਸ ਖਿਡਾਰਣ ਦੇ ਪਿਤਾ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।ਗੁਰਸ਼ਰਨ ਕੌਰ ਦੇ ਮਾਤਾ ਨੇ ਆਪਣੀ ਬੇਟੀ ਦੀ ਖੇਡ ਖੇਤਰ ਵਿੱਚ ਬਹੁਤ ਮਦਦ ਅਤੇ ਹੌਂਸਲਾ ਅਫਜ਼ਾਈ ਕੀਤੀ।ਜਿਸ ਸਦਕਾ ਉਨ੍ਹਾਂ ਦੀ ਬੇਟੀ ਵਲੋਂ ਇਹ ਗੋਲਡ ਮੈਡਲ ਜਿਤੇ ਅਤੇ ਆਪਣੇ ਜ਼ਿਲ੍ਹੇ ਤਰਨਤਾਰਨ,ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਗਿਆ ਹੈ। ਸ.ਬ੍ਰਹਮਪੁਰਾ ਨੇ  ਖਿਡਾਰਨ ਗੁਰਸ਼ਰਨਪ੍ਰੀਤ ਕੌਰ ਅਤੇ ਉਸ ਦੇ ਮਾਤਾ ਦੀ ਖਾਸ ਤੌਰ ਤੇ ਪ੍ਰਸੰਸਾ ਕੀਤੀ।ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਦਾ ਵੱਧ ਤੋਂ ਵੱਧ ਸਨਮਾਨ ਕੀਤਾ ਜਾਵੇ ਤਾਂ ਜੋ ਉਹ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।ਇਸ ਮੌਕੇ ਬ੍ਰਹਮਪੁਰਾ ਵਲੋਂ ਖਿਡਾਰਨ ਦੇ ਪਰਿਵਾਰਕ ਮੈਂਬਰ ਮਾਤਾ ਰਾਜਬੀਰ ਕੌਰ ਅਤੇ ਭਰਾ ਕਰਮਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਜਗਜੀਤ ਸਿੰਘ ਜੱਗੀ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ, ਮਨਜਿੰਦਰ ਸਿੰਘ ਸਾਬਕਾ ਸਰਪੰਚ ਭੱਠਲ ਭਾਈਕੇ,ਜਗੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ,ਅਮਰਜੀਤ ਸਿੰਘ,ਨਿਰਮਲ ਸਿੰਘ ਹੈਪੀ, ਜਗਰੂਪ ਸਿੰਘ ਅਤੇ ਹੋਰ ਮੋਹਤਬਰ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ -ਕੈਨੇਡਾ ਵਿੱਚ ਹੋਈਆਂ ਆਲ ਵਰਲਡ ਪੁਲਿਸ ਗੇਮਜ਼ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਵਤਨ ਪੁੱਜੀ ਪੰਜਾਬ ਪੁਲਿਸ ਵੱਲੋਂ ਬਤੌਰ ਸਬ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ  ਖਿਡਾਰਨ ਗੁਰਸ਼ਰਨਪ੍ਰੀਤ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਹੋਰ।(ਫੋਟੋ: ਨਈਅਰ ਪੱਤਰਕਾਰ,ਚੋਹਲਾ ਸਾਹਿਬ)