Headlines

ਪਾਕਿਸਤਾਨ ਦੇ ਚੋਟੀ ਦੇ ਸਾਹਿਤਕ ਪੁਰਸਕਾਰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡਾਂ ਦਾ ਐਲਾਨ

ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਰਵਿੰਦਰ ਰਵੀ ਕੈਨੇਡਾ , ਗਾਇਕ ਗੁਰਦਾਸ ਮਾਨ  ਤੇ ਨਾਵਲਕਾਰਾ ਹਰਕੀਰਤ ਕੌਰ ਚਾਹਲ ਦਾ ਨਾਮ ਸ਼ਾਮਿਲ-

ਲਾਹੌਰ- ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਵੱਲੋਂ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ਸਾਹਿਤਕ ਪੁਰਸਕਾਰਾਂ ਲਈ ਪੰਜਾਬੀ ਦੇ ਸਿਰਮੌਰ ਲੇਖਕ ਪ੍ਰੋ ਵਰਿਆਮ ਸਿੰਘ ਸੰਧੂ ਨੂੰ ਚੜਦੇ ਪੰਜਾਬ ਦੇ ਪ੍ਰਮੁੱਖ ਕਹਾਣੀਕਾਰ ਵਜੋਂ ਅਤੇ ਸ ਰਾਵਿੰਦਰ ਰਵੀ ਕੈਨੇਡਾ ਨੂੰ ਪ੍ਰਮੁ੍ੱਖ ਕਵੀ ਵਜੋ ਤੇ  ਪ੍ਰਸਿਧ ਗਾਇਕ ਗੁਰਦਾਸ ਮਾਨ ਨੂੰ ਪ੍ਰਮੁੱਖ ਪੰਜਾਬੀ ਗਾਇਕ ਵਜੋਂ  ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ  ਐਵਾਰਡ ਕਮੇਟੀ ਦੇ ਚੇਅਰਮੈਨ ਜਨਾਬ ਇਲਿਆਸ ਘੁੰਮਣ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਦੇ ਨਾਲ ਕਈ ਹੋਰ ਪੰਜਾਬੀ ਲੇਖਕਾਂ, ਗਾਇਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਹਨਾਂ ਵਿਚ ਕੈਨੇਡਾ ਤੋਂ ਉਘੀ ਨਾਵਲਕਾਰਾ ਹਰਕੀਰਤ ਕੌਰ ਚਾਹਲ ਦਾ ਨਾਮ ਵੀ ਸ਼ਾਮਿਲ ਹੈ।

ਇਸ ਸਬੰਧ ਵਿਚ ਐਵਾਰਡ ਵੰਡ ਤੇ ਸਨਮਾਨ ਸਮਾਰੋਹ 26 ਅਗਸਤ 2023 ਨੂੰ ਦੁਪਹਿਰ 3 ਵਜੇ ਕਜ਼ਾਫੀ ਸਟੇਡੀਅਮ ਲਾਹੌਰ ਦੇ ਪਿਲਾਕ ਆਡੀਟੋਰੀਅਮ ਵਿਖੇ ਹੋਵੇਗਾ।

ਜ਼ਿਕਰਯੋਗ ਹੈ ਕਿ ਉਹਨਾਂ ਨੇ ਦੇਸ ਪ੍ਰਦੇਸ ਟਾਈਮਜ਼ ਨੂੰ ਭੇਜੀ ਗਈ ਜਾਣਕਾਰੀ ਵਿਚ ਇਹ ਸਪੱਸ਼ਟ ਕੀਤਾ ਹੈ ਕਿ  “ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ”  ਵਾਸਤੇ ਹਰਕੀਰਤ ਕੌਰ ਚਾਹਲ ਦਾ ਨਾਮ ਸ਼ਾਮਲ ਹੈ। ਪਰ ਪਹਿਲਾਂ ਜਾਰੀ ਪ੍ਰੈਸ ਰਿਲੀਜ਼ ਵਿਚ ਕੇਵਲ 3 ਪ੍ਰਮੁੱਖ ਪੁਰਸਕਾਰਾਂ ਦੀ ਹੀ ਘੋਸ਼ਣਾ ਕੀਤੀ ਹੈ। ਅਨੇਕਾਂ ਖੇਤਰਾਂ ਵਿਚ ਹੋਰ ਵੀ ਐਵਾਰਡ ਦਿਤੇ ਜਾਣਗੇ।