Headlines

ਬਾਵਾ ਮੰਗਲ ਸਿੰਘ ਬੇਦੀ ਦੀ 59ਵੀਂ ਸਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਉਚੇਚੇ ਤੌਰ ਤੇ ਪੁਜੇ-

ਲੰਡਨ -19 ਅਗਸਤ – ਗੁਰਦੁਆਰਾ ਗੁਰੂ ਨਾਨਕ ਗਰੀਬ ਨਿਵਾਸ ਸਪਰਿੰਗ ਫੀਲਡ ਰੋਡ ਹਾਊਸ ਲੰਡਨ ਵਿਖੇ ਬਾਹਰ ਖੁਲੀ ਗਰਾਉਂਡ ਵਿਚ ਬਾਵਾ ਮੰਗਲ ਸਿੰਘ ਬੇਦੀ ਦੀ 59 ਵੀਂ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਹੋਏ ਜਿਸ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਅਫਗਾਨਿਸਤਾਨ, ਪਾਕਿਸਤਾਨ ਅਤੇ ਹਿੰਦੋਸਤਾਨ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਨੇ ਸਮੂਲੀਅਤ ਕੀਤੀ।

ਸਮੂੰਹ ਬਿਰਮਿੰਗਹਮ ਵੂਲਵਹੈਮਪਟਨ ਲੰਡਨ, ਗੁਰੂ ਹਰਿਗੋਬਿੰਦ ਟ੍ਰਸਟ ਯੂ.ਕੇ ਅਤੇ ਸਮੂਹ ਬੇਦੀ ਪ੍ਰੀਵਾਰ ਵੱਲੋਂ ਪੂਰਨ ਸਰਧਾ ਸਤਿਕਾਰ ਨਾਲ ਸਮਾਗਮ ਕਰਵਾਏ ਗਏ।ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਖਾਲਸਾ ਪ੍ਰਾਇਮਰੀ ਸਕੂਲ ਦੇ ਬੱਚੇ ਬੱਚੀਆਂ ਅਤੇ ਗੁਰਬਾਣੀ ਕੀਰਤਨ ਭਾਈ ਜਗਤਾਰ ਸਿੰਘ ਜ਼ੈਜੀ, ਸ. ਅਸ਼ਵਿੰਦਰ ਸਿੰਘ, ਸ. ਮੁਖਵੀਰ ਸਿੰਘ ਜਰਮਨੀ ਵਾਲੇ ਦੇ ਜਥਿਆਂ ਨੇ ਕੀਤਾ। ਸ੍ਰੀ ਰਹਿਰਾਸ ਸਾਹਿਬ, ਆਰਤੀ ਅਤੇ ਕੀਰਤਨ ਭਾਈ ਮਰਦਾਨਾ ਸੰਗੀਤ ਅਕੈਡਮੀ, ਕਥਾ ਵਿਚਾਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਬਾਬਾ ਕਰਤਾਰ ਸਿੰਘ ਬੇਦੀ, ਭਾਈ ਹਰਬੰਸ ਸਿੰਘ ਬੇਵਸ, ਭਾਈ ਬਲਵੰਤ ਸਿੰਘ ਖਾਲਸਾ ਨੇ ਕਰਮਵਾਰ ਸੰਗਤਾਂ ਨਾਲ ਸਾਂਝੇ ਕੀਤੇ।

ਉਪਰੰਤ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਿੱਖ ਗੁਰੂ ਸਾਹਿਬਾਨਾਂ ਅਤੇ ਬੁੱਢਾ ਦਲ ਦੇ ਮੁਖੀ ਮਹਾਨ ਜਰਨੈਲਾਂ ਦੇ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਅਤੇ ਇਨ੍ਹਾਂ ਦਾ ਇਤਿਹਾਸ ਵੀ ਵਿਸਥਾਰ ਨਾਲ ਸੰਗਤਾਂ ਸਾਹਮਣੇ ਰੱਖਿਆ। ਇਸ ਤੋਂ ਇਲਾਵਾ ਸਮੂੰਹ ਪ੍ਰਬੰਧਕਾਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਬੋਲਣ ਉਪਰੰਤ ਸਨਮਾਨਤ ਕੀਤਾ ਗਿਆ। ਉਪਰੰਤ ਭਾਈ ਮਹਿੰਦਰ ਸਿੰਘ ਕਾਬੁਲਵਾਲੇ, ਭਾਈ ਅਮਰਜੀਤ ਸਿੰਘ ਨਾਨਕਸਰ ਵਾਲੇ, ਭਾਈ ਦੇਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ, ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬੀਬੀ ਰਾਮਕੌਰ ਨੇ ਬਾਵਾ ਮੰਗਲ ਸਿੰਘ ਬੇਦੀ ਦੀ ਜੀਵਨੀ ਸਬੰਧੀ ਭਾਵ ਪੂਰਨ ਵਿਚਾਰ ਦਿਤੇ ਅਤੇ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਇਸ ਸਮੇਂ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਉਘੇ ਵਿਚਾਰਵਾਨ ਗਿਆਨੀ ਭਗਵਾਨ ਸਿੰਘ ਜੌਹਲ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਸਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਤੋਂ ਅਗਲਾ ਪ੍ਰੋਗਰਾਮ ਗੁਰਦੁਆਰਾ ਰਾਮਗੜ੍ਹੀਆ ਸਿੱਖ ਐਸੋਸੀਏਸ਼ਨ ਵੋਲਵਿਚ ਮੈਨਸ਼ਨ ਹਿਲ, ਖਾਲਸਾ ਜੱਥਾ ਸ਼ੈਫਰਡ ਬੂਸ਼ ਲੰਡਨ ਵਿਖੇ ਹੋਣਗੇ।