Headlines

ਕੈਲਗਰੀ ਕਬੱਡੀ ਕੱਪ 2023- ਮੇਜ਼ਬਾਨ ਟੀਮ ਨੇ ਜਿੱਤਿਆ ਬੀਸੀ ਯੂਨਾਈਟਡ ਫੈਡਰੇਸ਼ਨ ਦਾ ਚੌਥਾ ਕੱਪ

ਯੋਧਾ ਸੁਰਖਪੁਰ, ਭੂਰੀ ਛੰਨਾ, ਰਵੀ ਦਿਉਰਾ ਤੇ ਬੁਲਟ ਖੀਰਾਂਵਾਲ ਬਣੇ ਸਰਵੋਤਮ ਖਿਡਾਰੀ
ਬੁਲਾਰੇ ਪ੍ਰੋ. ਮੱਖਣ ਹਕੀਮਪੁਰ ਦੀ ਸੁਪਤਨੀ ਸਰਬਜੀਤ ਕੌਰ ਦਾ ਸੋਨ ਤਗਮੇ ਨਾਲ ਸਨਮਾਨ

ਡਾ. ਸੁਖਦਰਸ਼ਨ ਸਿੰਘ ਚਹਿਲ
9779590575, +1 (403) 660-5476

ਕੈਲਗਰੀ-ਯੁਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਵੱਲੋਂ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਸ਼ਾਨਦਾਰ ਕਬੱਡੀ ਕੱਪ ਕੈਲਗਰੀ ਦੇ ਪਰੇਰੀ ਵਿੰਡ ਪਾਰਕ ਵਿਖੇ ਕਰਵਾਇਆ ਗਿਆ। ਮੇਜਰ ਬਰਾੜ, ਜਸਪਾਲ ਭੰਡਾਲ, ਕਰਮਪਾਲ ਸਿੱਧੂ ਤੇ ਸਵਰਨ ਸਿੱਧੂ ਹੋਰਾਂ ਦੀ ਅਗਵਾਈ ‘ਚ ਕਰਵਾਏ ਗਏ ਇਸ ਕੱਪ ਨੂੰ ਜਿੱਤਣ ਦਾ ਮਾਣ ਮੇਜ਼ਬਾਨ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਦੀ ਟੀਮ ਨੇ ਪ੍ਰਾਪਤ ਕੀਤਾ। ਪੰਜਾਬ ਕੇਸਰੀ ਕਲੱਬ ਦੀ ਟੀਮ ਉੱਪ ਜੇਤੂ ਰਹੀ। ਯੋਧਾ ਸੁਰਖਪੁਰ, ਭੂਰੀ ਛੰਨਾ, ਰਵੀ ਦਿਉਰਾ ਤੇ ਬੁਲਟ ਖੀਰਾਂਵਾਲ ਸਰਵੋਤਮ ਖਿਡਾਰੀ ਚੁਣੇ ਗਏ। ਵਿਸ਼ਾਲ ਇਕੱਠ ਦੀ ਹਾਜ਼ਰੀ ‘ਚ ਹੋਏ ਇਸ ਕੱਪ ਦੌਰਾਨ ਕਬੱਡੀ ਨਾਲ ਜੁੜੀਆਂ ਸ਼ਖਸ਼ੀਅਤਾਂ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।

ਮੇਜ਼ਬਾਨ:- ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਵੱਲੋਂ ਮੇਜਰ ਬਰਾੜ ਭਲੂਰ, ਜਸਪਾਲ ਭੰਡਾਲ, ਕਰਮਪਾਲ ਸਿੱਧੂ ਲੰਡੇਕੇ, ਗੁਰਲਾਲ ਮਾਣੂਕੇ, ਮਨਪ੍ਰੀਤ ਥਿੰਦ, ਗੈਰੀ ਗਿੱਲ, ਜਸਕੀਰਤ ਬਰਾੜ, ਜਲੰਧਰ ਸਿੱਧੂ, ਲਾਡੀ ਮਹਿਰੋਕ, ਸਵਰਨ ਸਿੱਧੂ ਦੀ ਅਗਵਾਈ ‘ਚ ਕਰਵਾਏ ਗਏ ਇਸ ਕੱਪ ਦੀ ਸਫਲਤਾ ਲਈ ਰਫੀਹ ਬਾਰੀ ਤੇ ਹਰੋਨ ਇਵਾਜ਼, ਭਜਨ ਸਿੰਘ ਜੌਹਲ, ਪਲਾਟੀਨਮ ਸਪਾਂਸਰਾਂ ‘ਚ ਗੈਰੀ ਭੰਡਾਲ, ਸ਼ੇਰ ਸਿੰਘ ਮਰੋਕ, ਉਂਕਾਰ ਸਿੰਘ ਔਜਲਾ, ਰਣਜੀਤ ਸਿੰਘ ਵਿਰਕ, ਰਮਨ ਚਾਹਲ, ਚਾਰਲੀ ਸੰਘਾ, ਪਰਮਿੰਦਰ ਸਿੰਘ, ਪਿੰਦਰ ਅਤੇ ਇੰਦਰ ਬਰਾੜ, ਰਾਜਦੀਪ ਅਤੇ ਹਰਦੀਪ ਸਿੰਘ, ਸੁਖਮਨ ਜੌਹਲ, ਗੁਰਬੀਰ ਸਿੰਘ ਰਣਦੇਵ, ਗੁਰਪ੍ਰੀਤ ਸੰਧੂ, ਗੁਰਪ੍ਰੀਤ ਸੰਘਾ, ਭੁਪਿੰਦਰ ਗਿੱਲ, ਰੈਬਲ ਟੀਵੋਲਡ, ਪਾਰੁਲ, ਸੁੱਖੀ, ਰਣੀ ਦੂਹਰਾ, ਸਿਮਰਜੀਤ ਸਿੰਘ ਗਿੱਲ, ਰਸ਼ਪਾਲ ਡੱਲਾ, ਰਾਜਪਾਲ ਸਿੰਘ ਸਿੱਧੂ, ਪ੍ਰਭਜੋਤ ਸਿੰਘ ਸੰਧੂ, ਅਮਰਪ੍ਰੀਤ ਸਿੰਘ, ਗੁਰਦੇਵ ਢਿੱਲੋਂ, ਗੁਰਜੀਤ ਛੀਨਾ, ਗੁਰਦੀਪ ਸੰਘਾ, ਹਰਪ੍ਰੀਤ ਬਰਾੜ, ਗਿੱਲ ਮਿਨਹਾਸ, ਚਰਨ ਬਰਾੜ, ਖੁਸ਼ੀ ਸਿੱਧੂ ਇੰਦਰਜੀਤ ਸੰਘਾ, ਦਵਿੰਦਰ ਸਿੰਘ ਗਿੱਲ, ਮਨਦੀਪ ਸਿੰਘ, ਤਾਰੀ ਸੇਖੋਂ ਤੇ ਰਿੱਕੀ ਕਲੇਰ ਆਦਿ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਐਮ.ਪੀ. ਜਾਰਜ ਚਹਿਲ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ।

ਸਨਮਾਨ:- ਇਸ ਕੱਪ ਦੌਰਾਨ ਮੇਜਰ ਬਰਾੜ, ਜਸਪਾਲ ਭੰਡਾਲ, ਕਰਮਪਾਲ ਸਿੱਧੂ ਤੇ ਸਾਥੀਆਂ ਵੱਲੋਂ ਨਾਮਵਰ ਕਬੱਡੀ ਬੁਲਾਰੇ ਪ੍ਰੋ. ਮੱਖਣ ਸਿੰਘ ਹਕੀਮਪੁਰ ਦੀ ਧਰਮਪਤਨੀ ਸਰਬਜੀਤ ਕੌਰ, ਕਬੱਡੀ ਬੁਲਾਰੇ ਕਾਲਾ ਰਛੀਨ ਦੇ ਪਿਤਾ ਕੁਲਦੀਪ ਸਿੰਘ ਰਛੀਨ, ਕਬੱਡੀ ਬੁਲਾਰੇ ਲੱਖਾ ਸਿੱਧਵਾਂ, ਸਾਬਕਾ ਕਬੱਡੀ ਖਿਡਾਰੀ ਦੇਬਾ ਭੰਡਾਲ, ਕਬੱਡੀ ਕੋਚ ਬਿੱਟੂ ਭੋਲ੍ਹੇ ਵਾਲਾ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।ਇਸ ਦੇ ਨਾਲ ਹੀ ਬੁਲਾਰੇ ਮੱਖਣ ਅਲੀ ਤੇ ਦੇਬਾ ਭੰਡਾਲ ਦਾ, ਜੁਗਰਾਜ ਬਰਾੜ, ਨਵੀਂ ਅੱਛਰਵਾਲ, ਜਸਜੀਤ ਸਿੰਘ, ਪੰਮਾ ਤੇ ਸੁਖਦੇਵ ਸਿੰਘ ਵੱਲੋਂ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਕਬੱਡੀ ਖਿਡਾਰੀ ਜੱਗਾ ਕਾਲਖ ਦਾ ਵੀ ਸਨਮਾਨ ਕੀਤਾ ਗਿਆ।

ਮੁਕਾਬਲੇਬਾਜ਼ੀ:- ਇਸ ਕੱਪ ਦੇ ਪਹਿਲੇ ਦੌਰ ਦੇ ਪਹਿਲੇ ਮੈਚ ‘ਚ ਪੰਜਾਬ ਟਾਈਗਰਜ਼ ਕਲੱਬ ਨੇ ਰਿਚਮੰਡ-ਐਬਟਸਫੋਰਡ ਕਲੱਬ ਨੂੰ 37-31.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਹਰਜੋਤ ਭੰਡਾਲ, ਕੁਲਵਿੰਦਰ ਧਰਮਪੁਰਾ ਤੇ ਦੀਨੂ ਹਰਿਆਣਾ, ਜਾਫੀ ਜੱਗੂ ਹਾਕਮਵਾਲਾ, ਯਾਦ ਲੰਗੇਆਣਾ ਤੇ ਨਿੱਕਾ ਅਖਾੜਾ ਨੇ ਧਾਕੜ ਖੇਡ ਦਿਖਾਈ। ਰਿਚਮੰਡ ਦੀ ਟੀਮ ਵੱਲੋਂ ਮੰਨਾ ਬੱਲ ਨੌ, ਬਲਾਲ ਕਮਾਂਡੋ, ਜਾਫੀ ਖੁਸ਼ੀ ਦੁੱਗਾ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 42-29.5 ਅੰਕਾਂ ਦੇ ਅੰਤਰ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਭੂਰੀ ਛੰਨਾ, ਕਾਲਾ ਧੂਰਕੋਟਤੇ ਦੀਪਕ ਕਾਸ਼ੀਪੁਰ, ਜਾਫੀ ਅਮਨ ਦਿਉਰਾ ਤੇ ਯੋਧਾ ਸੁਰਖਪੁਰ ਨੇ ਸ਼ਾਨਦਾਰ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਲਈ ਜੀਵਨ ਮਾਣੂੰਕੇ ਗਿੱਲ ਤੇ ਬਾਗੀ ਪਰਮਜੀਤਪੁਰਾ, ਜਾਫੀ ਅਰਸ਼ ਬਰਸਾਲਪੁਰ ਨੇ ਜੁਝਾਰੂ ਖੇਡ ਦਿਖਾਈ। ਤੀਸਰੇ ਮੈਚ ‘ਚ ਸੰਦੀਪ ਸੰਧੂ ਗਲੇਡੀਏਟਰ ਕਲੱਬ ਵੈਨਕੂਵਰ ਨੇ ਪੰਜਾਬ ਕੇਸਰੀ ਕਲੱਬ ਨੂੰ 35-32.5 ਅੰਕਾਂ ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਸੁਲਤਾਨ ਸਮਸਪੁਰ ਤੇ ਕਮਲ ਨਵਾਂ ਪਿੰਡ, ਜਾਫੀ ਵਾਹਿਗੁਰੂ ਸੀਚੇਵਾਲ, ਪਿੰਦੂ ਸੀਚੇਵਾਲ, ਘੋੜਾ ਦੋਦਾ ਤੇ ਅੰਮ੍ਰਿਤ ਛੰਨਾ ਨੇ ਧਾਕੜ ਖੇਡ ਦਿਖਾਈ। ਪੰਜਾਬ ਕੇਸਰੀ ਕਲੱਬ ਲਈਰੁਪਿੰਦਰ ਦੋਦਾ ਤੇ ਸਾਜੀ ਸ਼ਕਰਪੁਰ, ਜਾਫੀ ਸੱਤੂ ਖਡੂਰ ਸਾਹਿਬ, ਫਰਿਆਦ ਸ਼ਕਰਪੁਰ ਤੇ ਇੰਦਰਜੀਤ ਕਲਸੀਆ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸਰੀ ਸੁਪਰ ਸਟਾਰਜ਼- ਕਾਮਾਗਾਟਾ ਮਾਰੂ ਕਲੱਬ ਦੀ ਟੀਮ ਨੂੰ 34-32.5 ਅੰਕਾਂ ਦੇ ਅੰਤਰ ਨਾਲ ਪਛਾੜਿਆ। ਜੇਤੂ ਟੀਮ ਲਈ ਧਾਵੀ ਬਾਗੀ ਪਰਮਜੀਤਪੁਰਾ, ਜੀਵਨ ਮਾਣੂਕੇ ਗਿੱਲ ਤੇ ਢੋਲਕੀ ਕਾਲਾ ਸੰਘਿਆ, ਜਾਫੀ ਰਾਜੂ ਖੋਸਾ ਕੋਟਲਾ ਤੇ ਬੁੱਗਾ ਮੱਲੀਆਂ ਨੇ ਵਧੀਆ ਖੇਡ ਦਿਖਾਈ। ਸਰੀ ਸੁਪਰ ਸਟਾਰਜ਼ ਦੀ ਟੀਮ ਵੱਲੋਂ ਧਾਵੀ ਤਬੱਸਰ ਜੱਟ ਤੇ ਮਾਹਲਾ ਗੋਬਿੰਦਪੁਰਾ, ਜਾਫੀ ਸੰਨੀ ਆਦਮਵਾਲ ਤੇ ਜੀਤਾ ਤਲਵੰਡੀ ਨੇ ਸ਼ੰਘਸ਼ਰਮਈ ਖੇਡ ਦਿਖਾਈ। ਅਗਲੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 40-36.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਗੁਰਪ੍ਰੀਤ ਬੁਰਜਹਰੀ, ਜਸਮਨਪ੍ਰੀਤ ਰਾਜੂ, ਸਾਜੀ ਸ਼ਕਰਪੁਰ ਤੇ ਰੁਪਿੰਦਰ ਦੋਦਾ, ਜਾਫੀ ਫਰਿਆਦ ਸ਼ਕਰਪੁਰ ਤੇ ਬੂਟਾ ਅੰਨਦਾਣਾ ਜਿੱਤ ਦੇ ਸੂਤਰਧਾਰ ਬਣੇ। ਪੰਜਾਬ ਟਾਈਗਰਜ਼ ਵੱਲੋਂ ਜਾਫੀ ਜੱਗੂ ਹਾਕਮਵਾਲਾ, ਧਾਵੀ ਟੀਨੂੰ ਜਵਾਹਰਕੇ, ਕੁਲਵਿੰਦਰ ਧਰਮਪੁਰਾ, ਗੁਰਵਿੰਦਰ ਖੂਨਣ ਤੇ ਹਰਜੋਤ ਭੰਡਾਲ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਦੌਰ ਦੇ ਆਖਰੀ ਮੈਚ ‘ਚ ਰਿਚਮੰਡ-ਐਬਟਸਫੋਰਡ ਕਲੱਬ ਨੇ ਸੰਦੀਪ ਸੰਧੂ ਗਲੇਡੀਏਟਰ ਕਲੱਬ ਵੈਨਕੂਵਰ ਨੂੰ 33.5-31 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਮੰਨਾ ਬੱਲ ਨੌ ਤੇ ਮੋਹਸਿਨ ਬਿਲਾਲ, ਜਾਫੀ ਜੱਗਾ ਚਿੱਟੀ ਤੇ ਖੁਸੀ ਦੁੱਗਾ ਨੇ ਧਾਕੜ ਖੇਡ ਦਿਖਾਈ। ਵੈਨਕੂਵਰ ਕਲੱਬ ਲਈ ਧਾਵੀ ਸੁਲਤਾਨ ਸਮਸਪੁਰ, ਜਾਫੀ ਵਾਹਿਗੁਰੂ ਸੀਚੇਵਾਲ, ਰਵੀ ਸਾਹੋਕੇ, ਘੋੜਾ ਦੋਦਾ ਤੇ ਅੰਮ੍ਰਿਤ ਛੰਨਾ ਨੇ ਸੰਘਰਸ਼ਮਈ ਖੇਡ ਨਾਲ ਮੈਚ ਨੂੰ ਰੋਚਕ ਬਣਾਕੇ ਰੱਖਿਆ।
ਪਹਿਲੇ ਸੈਮੀਫਾਈਨਲ ‘ਚ ਪੰਜਾਬ ਕੇਸਰੀ ਕਲੱਬ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 45.5-35 ਅੰਕਾਂ ਨਾਲ ਹਰਾਕੇ, ਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਦੁੱਲਾ ਬੱਗਾ ਪਿੰਡ, ਸਾਜੀ ਸ਼ਕਰਪੁਰ, ਰੁਪਿੰਦਰ ਦੋਦਾ, ਜਸਮਨਪ੍ਰੀਤ ਰਾਜੂ ਤੇ ਗੁਰਪ੍ਰੀਤ ਬੁਰਜਹਰੀ, ਜਾਫੀ ਬੂਟਾ ਅੰਨਦਾਣਾ ਤੇ ਸੱਤੂ ਖਡੂਰ ਸਾਹਿਬ ਨੇ ਜੇਤੂ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਲਈ ਧਾਵੀ ਜੀਵਨ ਮਾਣੂੰਕੇ ਗਿੱਲ, ਸ਼ਾਹ ਜੱਟ ਤੇ ਢੋਲਕੀ ਕਾਲਾ ਸੰਘਿਆ, ਜਾਫੀ ਰਾਜੂ ਖੋਸਾ ਕੋਟਲਾ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਨੂੰ 47.5-37 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਭੂਰੀ ਛੰਨਾ ਤੇ ਕਾਲਾ ਧੂਰਕੋਟ, ਜਾਫੀ ਅਮਨ ਦਿਉਰਾ, ਯੋਧਾ ਸੁਰਖਪੁਰ ਤੇ ਸ਼ਰਨਾ ਡੱਗੋਰੋਮਾਣਾ ਜਿੱਤ ਦੇ ਸੂਤਰਧਾਰ ਬਣੇ। ਰਿਚਮੰਡ ਦੀ ਟੀਮ ਲਈ ਧਾਵੀ ਮੋਹਸਿਨ ਬਿਲਾਲ ਢਿੱਲੋਂ ਤੇ ਮਲਿਕ ਬਿਨਯਾਮੀਨ, ਜਾਫੀ ਜੱਗਾ ਚਿੱਟਾ ਤੇ ਖੁਸ਼ੀ ਧੁੱਗਾ ਨੇ ਜੁਝਾਰੂ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਮੇਜ਼ਬਾਨ ਯੂਨਾਈਟਡ ਬੀਸੀ ਫਰੈਂਡਜ਼ ਕਬੱਡੀ ਕਲੱਬ ਦੀ ਟੀਮ ਨੇ ਪੰਜਾਬ ਕੇਸਰੀ ਕਲੱਬ ਦੀ ਟੀਮ ਨੂੰ 21-15 ਅੰਕਾਂ ਦੇ ਅੰਤਰ ਨਾਲ ਹਰਾਕੇ, ਸੀਜ਼ਨ ਦਾ ਚੌਥਾ ਕੱਪ ਜਿੱਤਿਆ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ ਤੇ ਰਵੀ ਦਿਉਰਾ, ਜਾਫੀ ਯੋਧਾ ਸਰੁਖਪੁਰ ਤੇ ਸ਼ੀਲੂ ਨੇ ਸ਼ਾਨਦਾਰ ਖੇਡ ਦਿਖਾਈ। ਪੰਜਾਬ ਕੇਸਰੀ ਕਲੱਬ ਵੱਲੋਂ ਰੁਪਿੰਦਰ ਦੋਦਾ ਤੇ ਗੁਰਪ੍ਰੀਤ ਬੁਰਜਹਰੀ ਨੇ ਜੁਝਾਰੂ ਖੇਡ ਦਿਖਾਈ। ਇਸ ਟੀਮ ਵੱਲੋਂ ਕੋਈ ਵੀ ਜਾਫੀ, ਜੱਫਾ ਨਹੀਂ ਲਗਾ ਸਕਿਆ। ਰੱਸਾਕਸੀ ਮੁਕਾਬਲਿਆਂ ‘ਚ ਗੈਰੀ ਸਿੱਧੂ ਦੀ ਸਿਖਲਾਈਯਾਫਤਾ ਫਰੈਂਡਜ਼ ਕਲੱਬ ਮੋਗਾ ਦੀ ਟੀਮ ਨੇ ਹਿੰਮਤਪੁਰਾ ਕਲੱਬ ਤੇ ਮੋਗਾ ਕਲੱਬ ਦੀਆਂ ਟੀਮਾਂ ਨੂੰ ਹਰਾਕੇ, ਪਹਿਲਾ ਸਥਾਨ ਹਾਸਲ ਕੀਤਾ।

ਸਰਵੋਤਮ ਖਿਡਾਰੀ:- ਇਸ ਕੱਪ ਦੌਰਾਨ ਜੇਤੂ ਟੀਮ ਦੇ ਧਾਵੀ ਰਵੀ ਦਿਉਰਾ, ਬੁਲਟ ਖੀਰਾਂਵਾਲ ਤੇ ਭੂਰੀ ਛੰਨਾ ਨੇ 6-6 ਅਜੇਤੂ ਧਾਵੇ ਬੋਲਕੇ, ਸਾਂਝੇ ਤੌਰ ‘ਤੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਜੇਤੂ ਟੀਮ ਦੇ ਹੀ ਯੋਧਾ ਸੁਰਖਪੁਰ ਨੇ 7 ਕੋਸ਼ਿਸ਼ਾਂ ਤੋਂ 2 ਜੱਫੇ ਲਗਾ ਕੇ ਸਰਵੋਤਮ ਜਾਫੀ ਬਣਨ ਦਾ ਮਾਣ ਹਾਸਲ ਕੀਤਾ।

ਸੰਚਾਲਕ ਦਲ:- ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਨੀਟਾ ਸਰਾਏ, ਮੱਖਣ ਸਿੰਘ, ਮੰਦਰ ਗਾਲਿਬ, ਮਾ. ਬਲਜੀਤ ਸਿੰਘ ਰਤਨਗੜ੍ਹ ਨੇ ਕੀਤਾ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਸੁਰਜੀਤ ਕਕਰਾਲੀ, ਲੱਖਾ ਸਿੱਧਵਾਂ, ਇਕਬਾਲ ਗਾਲਿਬ ਤੇ ਕਾਲਾ ਰਛੀਨ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।

ਤਿਰਛੀ ਨਜ਼ਰ:- ਖੂਬਸੂਰਤ ਘਾਹ ਵਾਲੇ ਮੈਦਾਨ ਦੇ ਆਲੇ-ਦੁਆਲੇ ਸਥਿਤ ਪਹਾੜੀਆਂ ਨੇ ਖੇਡ ਮੇਲੇ ਨੂੰ ਵਿਲੱਖਣਾ ਪ੍ਰਦਾਨ ਕੀਤੀ। ਕੱਪ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਰਿਕਾਰਡਤੋੜ ਇਕੱਠ ਨੇ ਮੂੰਹ ਹਨੇਰੇ ਤੱਕ ਉੱਚ ਕੋਟੀ ਦੀ ਕਬੱਡੀ ਦਾ ਆਨੰਦ ਮਾਣਿਆ। ਰੱਸਾਕਸੀ ਮੁਕਾਬਲਿਆਂ ਨੇ ਕੱਪ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਰਿਚਮੰਡ-ਐਬਟਸਫੋਰਡ ਕਲੱਬ ਤੇ ਸੰਦੀਪ ਸੰਧੂ ਵੈਨਕੂਵਰ ਕਲੱਬ ਦੇ ਮੈਚ ਦੌਰਾਨ (21 ਜੱਫੇ) ਅਤੇ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਤੇ ਰਿਚਮੰਡ ਐਬਟਸਫੋਰਡ ਕਲੱਬ ਦੇ ਮੈਚ ਦੌਰਾਨ ਦਿਨ ਦੇ ਸਭ ਤੋਂ ਜਿਆਦਾ 21-21 ਜੱਫੇ ਲੱਗੇ। ਫਾਈਨਲ ਮੈਚ ‘ਚ ਪੰਜਾਬ ਕੇਸਰੀ ਦੀ ਟੀਮ ਵੱਲੋਂ ਕੋਈ ਵੀ ਜੱਫਾ ਨਹੀਂ ਲੱਗਿਆ।