Headlines

ਵਿੰਨੀਪੈੱਗ ਦੇ ਕਬੱਡੀ ਕੱਪ 2023- ਵਿੰਨੀਪੈੱਗ ਕਬੱਡੀ ਐਸੋਸੀਏਸ਼ਨ ਦਾ ਕੱਪ ਕੈਲਗਰੀ ਵਾਲਿਆਂ ਨੇ ਜਿੱਤਿਆ

ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਜਿੱਤਿਆ ਪੰਜਵਾਂ ਕੱਪ
ਭੂਰੀ ਛੰਨਾ, ਸ਼ੀਲੂ ਬਾਹੂ ਅਕਬਰਪੁਰ ਤੇ ਯੋਧਾ ਸੁਰਖਪੁਰ ਐਲਾਨੇ ਸਰਵੋਤਮ ਖਿਡਾਰੀ-

ਵਿੰਨੀਪੈਗ ( ਡਾ ਸੁਖਦਰਸ਼ਨ ਸਿੰਘ ਚਾਹਲ, ਨਰੇਸ਼ ਸ਼ਰਮਾ)- ਵਿੰਨੀਪੈੱਗ ਕਬੱਡੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਮਿੱਠੂ ਬਰਾੜ ਦੀ ਅਗਵਾਈ ‘ਚ ਕਰਵਾਇਆ ਗਿਆ ਸ਼ਾਨਦਾਰ ਕਬੱਡੀ ਕੱਪ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਇਸ ਕੱਪ ‘ਚ ਪੰਜਾਬ ਕੇਸਰੀ ਕਲੱਬ ਦੀ ਟੀਮ ਉੱਪ ਜੇਤੂ ਰਹੀ। ਜੇਤੂ ਟੀਮ ਦੇ ਧਾਵੀ ਭੂਰੀ ਛੰਨਾ, ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਯੋਧਾ ਸੁਰਖਪੁਰ ਨੇ ਸਰਵੋਤਮ ਖਿਡਾਰੀਆਂ ਦੇ ਖਿਤਾਬ ਜਿੱਤੇ।

ਪ੍ਰਬੰਧਕੀ ਟੀਮ:- ਵਿੰਨੀਪੈੱਗ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਕਾਰੋਬਾਰੀ ਮਿੱਠੂ ਬਰਾੜ ਦੀ ਅਗਵਾਈ ‘ਚ  ਜਗਦੀਪ ਗਿੱਲ, ਰਾਜਵੀਰ ਧਾਲੀਵਾਲ, ਗੁਰਪ੍ਰੀਤ ਖਹਿਰਾ, ਕਮਲ ਖਹਿਰਾ, ਗੈਰੀ ਸੰਧੂ, ਬੱਬੀ ਬਰਾੜ, ਸੀਰਾ ਜੌਹਲ, ਬਾਜ ਸਿੱਧੂ, ਗੈਰੀ ਰਾਏ, ਚਰਨਜੀਤ ਸਿੱਧੂ, ਮਨਦੀਪ ਬਸਰਾ, ਜਗਜੀਤ ਗਿੱਲ, ਯਾਦਵਿੰਦਰ ਦਿਉਲ, ਸੁਖਜਿੰਦਰ ਸੰਧੂ, ਹਰਮੇਲ ਧਾਲੀਵਾਲ ਤੇ ਦੀਪ ਗਰੇਵਾਲ ਨੇ ਕੱਪ ਦੀ ਸਫਲਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਕੱਪ ਦੀ ਸਫਲਤਾ ਲਈ ਚੈਪੀਅਨ ਟੋਇੰਗ, ਚੈਪੀਅਨ ਕੁਲੀਜ਼ਨ ਸੈਂਟਰ, ਬੀਵੀਡੀ ਪੈਟਰੋਲੀਅਮ, ਬੀ ਐਫ ਐਲ ਕੈਨੇਡਾ, ਵਿੰਨੀਪੈੱਗ ਫਲੈਟ ਬੈੱਡ, ਦਾਅਵਤ ਰੈਸਟੋਰੈਂਟ, ਓਸ਼ੀਅਨ ਟਰੇਲਰ, ਪ੍ਰੀਮੀਅਰ ਟਰੱਕ ਸੈਂਟਰ, ਪੀਟਰ ਬੈਲਟ ਮੈਨੀਟੋਬਾ, ਟਰੂਡੋ ਟਰਾਂਸਪੋਰਟ, ਜਗਦੀਪ ਸੰਘਾ ਟਰਾਂਸਪੋਰਟ, ਜਤਿੰਦਰ ਸਰਦਾਨਾ, ਹੌਲਿਸਟਰ ਟਰਾਂਸਪੋਰਟ, ਮੈਕਸਿਨ ਟਰੱਕ ਐਂਡ ਟਰੇਲਰ, ਕੋਲੰਬੀਆ ਹੋਮਜ਼, ਗਲੋਬਲ ਚੁਆਇਸ ਫੂਡ ਤੇ ਆਰਥਰ ਜੇ ਗਾਲਗਰ ਨੇ ਭਰਵਾਂ ਯੋਗਦਾਨ ਪਾਇਆ।

ਮਹਿਮਾਨ:- ਇਹ ਕੱਪ ਉਸ ਵੇਲੇ ਸਿਖਰਾਂ ਨੂੰ ਛੂਹ ਗਿਆ ਜਦੋਂ ਮੈਨੀਟੋਬਾ ਦੀ ਪ੍ਰੀਮੀਅਰ (ਮੁੱਖ ਮੰਤਰੀ)
ਹੀਥਰ ਸਟੈਫਨਸਨ, ਖੇਡ ਮੰਤਰੀ ਓਬੇ ਖਾਨ, ਵਿਧਾਇਕ ਪਰਮਜੀਤ ਸਾਹੀ ਮੁੱਖ ਮਹਿਮਾਨਾਂ ਵਜੋਂ ਪੁੱਜੇ। ਕੱਪ ਦਾ ਉਦਘਾਟਨ ਕੌਂਸਲਰ ਦੇਵੀ ਸ਼ਰਮਾ ਨੇ ਕੀਤਾ। ਇਸ ਦੇ ਨਾਲ ਹੀ ਕੈਲਗਰੀ ਤੋਂ ਕਬੱਡੀ ਪ੍ਰਮੋਟਰ ਮੇਜਰ ਬਰਾੜ, ਸਵਰਨ ਸਿੱਧੂ ਤੇ ਕਰਮਪਾਲ ਸਿੱਧੂ ਕੈਲਗਰੀ, ਟੋਰਾਂਟੋ ਤੋਂ ਇੰਦਰਜੀਤ ਧੁੱਗਾ, ਸਰੀ ਤੋਂ ਸੀਰਾ ਮੈਂਬਰ ਚੰਦ ਨਵਾਂ ਤੇ ਪਰਮ ਸਿੱਧੂ ਚੰਚ ਨਵਾਂ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ।

ਮੁਕਾਬਲੇਬਾਜ਼ੀ:- ਵਿੰਨੀਪੈੱਗ ਕੱਪ ਦੇ ਪਹਿਲੇ ਪੜਾਅ ਦੇ ਪਲੇਠੇ ਮੈਚ ‘ਚ ਪੰਜਾਬ ਟਾਈਗਰਜ਼ ਕਲੱਬ ਨੇ ਤੇ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਵੈਨਕੂਵਰ ਨੂੰ 23-18.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਵਾਹਰਕੇ ਤੇ ਕੁਲਵਿੰਦਰ ਧਰਮਪੁਰਾ,  ਜਾਫੀ ਜੱਗੂ ਹਾਕਮਵਾਲ ਤੇ ਅਬੈਦਉਲ੍ਹਾ ਰਾਜਪੂਤ ਨੇ ਸ਼ਾਨਦਾਰ ਖੇਡ ਦਿਖਾਈ। ਵੈਨਕੂਵਰ ਕਲੱਬ ਵੱਲੋਂ ਸੰਦੀਪ ਸੁਤਲਾਨ, ਜਾਫੀ ਰਵੀ ਸਾਹੋਕੇ ਤੇ ਗਗਨ ਸੂਰੇਵਾਲ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਸਰੀ ਸੁਪਰ ਸਟਰਾਜ਼- ਕਾਮਾਗਾਟਾਮਾਰੂ ਕਲੱਬ ਨੇ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਨੂੰ ਬੇਹੱਦ ਫਸਵੇਂ ਮੁਕਾਬਲੇ ‘ਚ ਸਿਰਫ ਅੱਧੇ ਅੰਕ (31.5-31) ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਤਬੱਸਰ ਜੱਟ, ਮਾਹਲਾ ਗੋਬਿੰਦਪੁਰਾ ਤੇ ਲੱਡਾ ਬੱਲਪੁਰੀਆ, ਜਾਫੀ ਆਸਿਫ ਰਾਜਾ ਨੇ ਧਾਕੜ ਖੇਡ ਦਿਖਾਈ। ਬੀਸੀ ਫਰੈਂਡਜ਼ ਵੱਲੋਂ ਧਾਵੀ ਭੂਰੀ ਛੰਨਾ, ਦੀਪਕ ਕਾਸ਼ੀਪੁਰ ਤੇ ਕਾਲਾ ਧੂਰਕੋਟ, ਜਾਫੀ ਯੋਧਾ ਸੁਰਖਪੁਰ ਤੇ ਸ਼ਰਨਾ ਡੱਗੋਰੋਮਾਣਾ ਨੇ ਜੁਝਾਰੂ ਖੇਡ ਦਿਖਾਈ। ਤੀਸਰੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਰਿਚਮੰਡ-ਐਬਟਸਫੋਰਡ ਕਲੱਬ ਨੂੰ ਸਿਰਫ ਡੇਢ ਅੰਕ ਨਾਲ (30.5-29) ਹਰਾਇਆ। ਜੇਤੂ ਟੀਮ ਵੱਲੋਂ ਵੱਲੋਂ ਧਾਵੀ ਜਸਮਨਪ੍ਰੀਤ ਰਾਜੂ, ਸਾਜੀ ਸ਼ਕਰਪੁਰ, ਜਾਫੀ ਬੂਟਾ ਅੰਨਦਾਣਾ, ਸੱਤੂ ਖਡੂਰ ਸਾਹਿਬ ਤੇ ਪ੍ਰਦੀਪ ਲਹਿਲ ਨੇ ਧੜੱਲੇਦਾਰ ਖੇਡ ਦਿਖਾਈ। ਰਿਚਮੰਡ ਕਲੱਬ ਵੱਲੋਂ ਕਾਲਾ ਧਨੌਲਾ, ਮੋਹਸਿਨ ਬਿਲਾਲ ਢਿੱਲੋਂ, ਜਾਫੀ ਖੁਸ਼ੀ ਦਿੜਬਾ ਤੇ ਮੰਗਤ ਸਿੰਘ ਮੰਗੀ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ ਇੱਕਪਾਸੜ ਮੁਕਾਬਲੇ ‘ਚ 35.5-16 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ ਅਤੇ ਕਾਲਾ ਧੂਰਕੋਟ, ਜਾਫੀ ਯੋਧਾ ਸੁਰਖਪੁਰ, ਸ਼ਰਨਾ ਡੱਗੋਰੋਮਾਣਾ ਤੇ ਅਮਨ ਦਿਉਰਾ ਨੇ ਧਾਖੜ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਵੱਲੋਂ ਧਾਵੀ ਬਾਗੀ ਪਰਮਜੀਤਪੁਰਾ,  ਮੱਲ ਨੀਲੋਵਾਲ ਤੇ ਜਾਫੀ ਅਰਸ ਬਰਸਾਲਪੁਰ ਨੇ ਸੰਘਰਸ਼ਮਈ ਖੇਡ ਦਿਖਾਈ। ਅਗਲੇ ਮੈਚ ‘ਚ ਪੰਜਾਬ ਟਾਈਟਗਰ ਕਲੱਬ ਨੇ ਰਿਚਮੰਡ ਐਬਟਸਫੋਰਡ ਕਲੱਬ ਨੂੰ 35-27.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਕੁਲਵਿੰਦਰ ਧਰਮਪੁਰਾ, ਬੀਨੂੰ ਜਵਾਹਕੇ, ਸੁਨੀਲ ਧਮਤਾਨ ਸਾਹਿਬ, ਜਾਫੀ ਜੱਗੂ ਹਾਕਮਵਾਲਾ ਨੇ ਧੜੱਲੇਦਾਰ ਖੇਡ ਦਿਖਾਈ। ਰਿਚਮੰਡ ਕਲੱਬ ਵੱਲੋਂ ਧਾਵੀ ਮੋਹਸਿਨ ਬਿਲਾਲ ਢਿੱਲੋਂ, ਕਾਲਾ ਧਨੌਲਾ ਤੇ ਜਾਫੀ ਖੁਸ਼ੀ ਗਿੱਲ ਨੇ ਚੰਗੀ ਖੇਡ ਦਿਖਾਈ। ਦੂਸਰੇ ਦੌਰ ਦੇ ਆਖਰੀ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਸੰਦੀਪ ਗਲੇਡੀਏਟਰ ਕਲੱਬ ਵੈਨਕੂਵਰ ਨੂੰ 29-19 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਰੁਪਿੰਦਰ ਦੋਦਾ, ਗੁਰਪ੍ਰੀਤ ਬੁਰਜਹਰੀ, ਜਸਮਨਪ੍ਰੀਤ ਰਾਜੂ, ਜਾਫੀ ਹਰਮਨ ਘੋਲੀਆ, ਪਵੀ ਡਫਰ, ਬੂਟਾ ਅੰਨਦਾਣਾ ਤੇ ਸੱਤੂ ਖਡਰੂ ਸਾਹਿਬ ਨੇ ਧੜੱਲੇਦਾਰ ਖੇਡ ਦਿਖਾਈ। ਗਲੇਡੀਏਟਰ ਕਲੱਬ ਵੱਲੋਂ ਸੰਦੀਪ ਲੁੱਧਰ, ਜਾਫੀ ਗਗਨ ਸੂਰੇਵਾਲ ਤੇ ਰਵੀ ਸਾਹੋਕੇ ਨੇ ਸੰਘਰਸ਼ਮਈ ਖੇਡ ਦਿਖਾਈ। ਇਸ ਮੈਚ ‘ਚ ਕੱਪ ਦੌਰਾਨ ਸਭ ਤੋਂ ਵੱਧ 15 ਜੱਫੇ ਲੱਗੇ।
ਪਹਿਲੇ ਸੈਮੀਫਾਈਨਲ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 49-33.5 ਅੰਕਾਂ ਨਾਲ ਹਰਾਕੇ, ਫਾਈਨਲ ‘ਚ ਥਾਂ ਬਣਾਈ। ਜੇਤੂ ਟੀਮ ਵੱਲੋਂ ਧਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ, ਕਾਲਾ ਧੂਰਕੋਟ ਤੇ ਦੀਪਕ ਕਾਸ਼ੀਪੁਰ, ਜਾਫੀ ਸੀਲੂ ਬਾਹੂ ਅਕਬਰਪੁਰ ਤੇ ਸੁਮਿਤ ਸ਼ਿਵਾ ਨੇ ਜੇਤੂ ਖੇਡ ਦਿਖਾਈ। ਪੰਜਾਬ ਟਾਈਗਰਜ਼ ਕਲੱਬ ਧਾਵੀ ਕੁਲਵਿੰਦਰ ਧਰਮਪੁਰਾ, ਗੁਰਵਿੰਦਰ ਖੂਨਣ, ਜਾਫੀ ਅਬੈਦਉਲ੍ਹਾ ਰਾਜਪੂਤ ਨੇ ਸੰਘਰਸ਼ਮਈ ਖੇਡ ਦਾ ਪ੍ਰਦਰਸ਼ਨ ਕੀਤਾ। ਦੂਸਰੇ ਸੈਮੀਫਾਈਨਲ ‘ਚ ਪੰਜਾਬ ਕੇਸਰੀ ਕਲੱਬ ਨੇ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਨੂੰ ਡੇਢ ਅੰਕ (38.5-36) ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਰੁਪਿੰਦਰ ਦੋਦਾ, ਗੁਰਪ੍ਰੀਤ ਬੁਰਜਹਰੀ, ਜਸਮਨਪ੍ਰੀਤ ਰਾਜੂ, ਸਾਜੀ ਸ਼ਕਰਪੁਰ, ਜਾਫੀ ਸੱਤੂ ਖਡੂਰ, ਹਰਮਨ ਘੋਲੀਆ ਤੇ ਪਵੀ ਡਫਰ ਨੇ ਧਾਕੜ ਪ੍ਰਦਰਸ਼ਨ ਕੀਤਾ। ਸਰੀ ਸੁਪਰ ਸਟਾਰਜ਼ ਟੀਮ ਵੱਲੋਂ ਧਾਵੀ ਤਬੱਸਰ ਜੱਟ, ਮਾਹਲਾ ਗੋਬੰਦਰਪੁਰਾ, ਲੱਡਾ ਬੱਲਪੁਰੀਆ, ਜਾਫੀ ਸਨੀ ਆਦਮਵਾਲ ਤੇ ਜੀਤਾ ਤਲਵੰਡੀ ਨੇ ਜੁਝਾਰੂ ਖੇਡ ਦਿਖਾਈ। ਦੁਧੀਆ ਰੋਸ਼ਨੀ ‘ਚ ਹੋਏ ਫਾਈਨਲ ਮੈਚ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਨੇ ਪੰਜਾਬ ਕੇਸਰੀ ਕਲੱਬ ਨੂੰ 33-21 ਅੰਕਾਂ ਨਾਲ ਹਰਾਕੇ, ਸੀਜ਼ਨ ਦਾ ਪੰਜਵਾਂ ਖਿਤਾਬ ਜਿੱਤਿਆ। ਜੇਤੂ ਟੀਮ ਵੱਲੋਂ ਭੂਰੀ ਛੰਨਾ, ਕਾਲਾ ਧੁਰਕੋਟ,  ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਯੋਧਾ ਸੁਰਖਪੁਰ ਆਪਣੀ ਟੀਮ ਦੀ ਜਿੱਤ ਦੇ ਸੂਤਰਧਾਰ ਬਣੇ। ਪੰਜਾਬ ਕੇਸਰੀ ਕਲੱਬ ਵੱਲੋਂ ਧਾਵੀ ਜਸਮਨਪ੍ਰੀਤ ਰਾਜੂ, ਰੁਪਿੰਦਰ ਦੋਦਾ ਤੇ ਗੁਰਪ੍ਰੀਤ ਬੁਰਜਹਰੀ, ਜਾਫੀ ਸੱਤੂ ਖਡੂਰ ਸਾਹਿਬ ਨੇ ਸੰਘਰਸ਼ਮਈ ਖੇਡ ਦਿਖਾਈ। ਅੰਡਰ-21 ਦੇ ਪ੍ਰਦਰਸ਼ਨੀ ਮੈਚ ‘ਚ ਮੈਪਲ ਕਲੱਬ ਨੇ ਬੀ ਈ ਕੇ ਕਲੱਬ ਨੂੰ 23-18.5 ਅਤੇ ਸੀਨੀਅਰ ਵਰਗ ਦੇ ਮੈਚ ‘ਚ ਬਲੇਜ਼ਰ ਕਿੰਗ ਕਲੱਬ ਨੇ ਜੱਸੀ ਕਲੱਬ ਨੂੰ 21-19 ਅੰਕਾਂ ਨਾਲ ਹਰਾਇਆ।

ਸਰਵੋਤਮ ਖਿਡਾਰੀ:- ਇਸ ਕੱਪ ਦੇ ਫਾਈਨਲ ਮੈਚ ਦੌਰਾਨ ਭੂਰੀ ਛੰਨਾ ਨੇ 15 ਅਜੇਤੂ ਧਾਵੇ ਬੋਲਕੇ, ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਸ਼ੀਲੂ ਬਾਹੂ ਅਕਬਰਪੁਰ ਨੇ 4 ਕੋਸ਼ਿਸ਼ਾਂ ਤੋਂ 3 ਜੱਫੇ ਅਤੇ ਯੋਧਾ ਸੁਰਖਪੁਰ ਨੇ 8 ਕੋਸ਼ਿਸ਼ਾਂ ਤੋਂ 3 ਜੱਫੇ ਲਗਾਕੇ, ਸਾਂਝੇ ਤੌਰ ‘ਤੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ।

ਸਨਮਾਨ:- ਇਸ ਕੱਪ ਦੌਰਾਨ ਕੈਨੇਡਾ ਕਬੱਡੀ ਕੱਪ ਦੇ ਸਰਵੋਤਮ ਜਾਫੀ ਰਵੀ ਸਾਹੋਕੇ ਦਾ ਸੋਨੇ ਦੇ ਤਮਗੇ ਤੇ ਮੁੰਦਰੀ ਨਾਲ, ਕਬੱਡੀ ਖਿਡਾਰੀ ਲੱਖਾ ਜਲਾਲਪੁਰ ਤੇ ਕੁਮੈਂਟੇਟਰ ਪ੍ਰਿਤਾ ਸ਼ੇਰਗੜ੍ਹ, ਕੋਚ ਬਿੱਟੂ ਭੋਲੇ੍ਹ ਵਾਲੇ ਦਾ ਸੋਨ ਤਗਮੇ ਨਾਲ, ਕੁਮੈਂਟੇਟਰ ਪ੍ਰਿਤਾ ਸ਼ੇਰਗੜ੍ਹ ਚੀਮਾ ਦਾ ਸੋਨ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ। ਕੱਪ ਦੌਰਾਨ ਸਰਵੋਤਮ ਧਾਵੀ ਭੂਰੀ ਛੰਨਾ ਨੂੰ ਚਾਰ ਮੈਚਾਂ ‘ਚ ਸਿਰਫ ਇੱਕ ਜੱਫਾ ਲੱਗਿਆ। ਫਾਈਨਲ ਮੁਕਾਬਲੇ ‘ਚ ਜੇਤੂ ਟੀਮ ਖਿਲਾਫ ਪੰਜਾਬ ਕੇਸਰੀ ਕਲੱਬ ਵੱਲੋਂ ਇਕਲੌਤਾ ਜੱਫਾ ਸੱਤੂ ਖਡੂਰ ਸਾਹਿਬ ਨੇ ਲਗਾਇਆ।

ਤਿਰਛੀ ਨਜ਼ਰ:- ਵਿੰਨੀਪੈੱਗ ਕੱਪ ਦੀ ਜਿੱਤ ਨਾਲ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਦੀ ਟੀਮ ਨੇ ਪੰਜ ਖਿਤਾਬ ਜਿੱਤ ਕੇ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੀ ਸਰਵੋਤਮ ਟੀਮ ਬਣਨ ਦਾ ਮਾਣ ਵੀ ਹਾਸਲ ਕਰ ਲਿਆ। ਕੱਪ ਦੇ ਸਮਾਂਤਰ ਹੀ ਵਿਸ਼ਾਲ ਤੀਆਂ ਦਾ ਮੇਲਾ ਵੀ ਲਗਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ‘ਚ ਸੁਆਣੀਆਂ ਨੇ ਹਿੱਸਾ ਲਿਆ ਅਤੇ ਨਾਲੋਂ ਨਾਲ ਕਬੱਡੀ ਦਾ ਅਨੰਦ ਵੀ ਮਾਣਿਆ। ਵੱਡੀ ਗਿਣਤੀ ‘ਚ ਕਬੱਡੀ ਦੇਖਣ ਆਈਆਂ ਔਰਤਾਂ ਲਈ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਲਾਈਟਿੰਗ ਦੇ ਵਿਸ਼ੇਸ਼ ਪ੍ਰਬੰਧ ਨੇ ਕੱਪ ਨੂੰ ਹਰ ਪੱਖੋਂ ਸਫਲ ਬਣਾ ਦਿੱਤਾ। ਕੈਨੇਡਾ ਸੀਜ਼ਨ ‘ਚ ਹੋਏ ਕੱਪਾਂ ਦੌਰਾਨ ਵਿੰਨੀਪੈੱਗ ਦਾ ਖੂਬਸੂਰਤ ਖੇਡ ਮੈਦਾਨ ਇੱਕ ਨਵੀਂ ਮਿਸਾਲ ਬਣਿਆ। ਕੱਪ ਦੌਰਾਨ ਯੋਧਾ ਸੁਰਖਪੁਰ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਤਕਰੀਬਨ 2.5-2.5 ਲੱਖ ਰੁਪਏ (4000 ਡਾਲਰ) ਦੇ ਤਿੰਨ-ਤਿੰਨ ਜੱਫੇ ਲਗਾਏ।ਹਾਸਰਸ ਕਲਾਕਾਰ ਭਾਨਾ ਸਿੱਧੂ ਹੋਰਾਂ ਨੇ ਆਪਣੇ ਟੋਟਕਿਆਂ ਨਾਲ ਰੰਗ ਬੰਨਿਆ।

ਸੰਚਾਲਕ ਦਲ:- ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਨੀਟਾ ਸਰਾਏ, ਮੱਖਣ ਸਿੰਘ, ਮੰਦਰ ਗਾਲਿਬ, ਮਾ. ਬਲਜੀਤ ਸਿੰਘ ਰਤਨਗੜ੍ਹ ਨੇ ਕੀਤਾ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਸੁਰਜੀਤ ਕਕਰਾਲੀ, ਇਕਬਾਲ ਗਾਲਿਬ ਤੇ ਕਾਲਾ ਰਛੀਨ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।