Headlines

ਵਿਕਟੋਰੀਆ ਵਿਚ ਧੂਮਧਾਮ ਨਾਲ ਮਨਾਇਆ ਪੰਜਾਬੀ ਮੇਲਾ

ਵਿਕਟੋਰੀਆ ( ਸੰਧੂ)- ਬੀਤੀ 20 ਅਗਸਤ ਦਿਨ ਐਤਵਾਰ ਨੂੰ  ਵਿਕਟੋਰੀਆ ਦੇ ਬੈਕਵਿਥ ਪਾਰਕ ਵਿੱਚ ਪੰਜਾਬੀ ਕਲਚਰਲ ਕਮਿਊਨਟੀ ਐਸੋਸੀਏਸ਼ਨ ਵੱਲੋ ਪੰਜਾਬੀ ਮੇਲਾ ਮਨਾਇਆ ਗਿਆ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਸਾਰੇ ਹੀ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਪਰਿਵਾਰਿਕ ਮਹੌਲ ਵਿੱਚ ਇਹ ਮੇਲਾ ਬਹੁਤ ਹੀ ਕਾਮਯਾਬ ਰਿਹਾ।
ਭਾਰਤ ਦੇ 77 ਵੇ ਅਜ਼ਾਦੀ ਦਿਵਸ ਤੇ ਦੇਸ ਭਗਤਾਂ ਨੂੰ ਯਾਦ ਕਰਦੇ ਹੋਏ ਮੇਲੇ ਵਿੱਚ ਇਸ ਵਾਰ ਉਘੇ ਸਮਾਜ ਸੇਵੀ ਤੇ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ  ਨੂੰ ਸਨਮਾਨਿਤ ਕੀਤਾ ਗਿਆ। ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਪਿਛਲੇ 27 ਸਾਲਾ ਤੋ ਸਰੀ ਵਿੱਚ ਗਦਰੀ ਬਾਬਿਆਂ ਦਾ ਮੇਲਾ ਕਰਾ ਰਹੇ ਹਨ। ਉਹਨਾਂ ਨੇ ਹਜਾਰਾਂ ਲੋਕਾਂ ਤੋ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਬਾਰੇ ਇੱਕ ਪਟੀਸ਼ਨ ਤੇ ਸਾਈਨ ਕਰਾਕੇ ਫੈਡਰਲ ਸਰਕਾਰ ਨੂੰ ਆਪਣੀ ਗਲਤੀ ਤੇ ਮਾਫੀ ਮੰਗਣ ਲਈ ਮਜ਼ਬੂਰ ਕੀਤਾ।
ਮੇਲੇ ਵਿੱਚ ਕੈਲਗਰੀ ਤੋਂ  ਡਾ.  ਹਰਭਜਨ ਸਿੰਘ ਢਿੱਲੋ , ਬਰੈਂਪਟਨ ਤੋਂ ਸਕੂਲ ਟਰੱਸਟੀ ਅਤੇ ਵਕੀਲ ਸੁਖਪਾਲ ਟੁੱਟ, ਉਘੇ  ਵਿਦਵਾਨ ਡਾ. ਜਗਰੂਪ ਸਿੰਘ ਸੇਖੋਂ, ਡਾ.  ਚੰਨਣ ਸਿੰਘ ਚੀਮਾ ਅਤੇ ਡਾ. ਰਣਜੀਤ ਸਿੰਘ ਸੰਧੂ ਸਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਜਿਹਨਾਂ ਦਰਸ਼ਕਾਂ ਨਾਲ  ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਮਾਣਯੋਗ ਐਮ ਪੀ ਰੈਂਡਲ ਗੈਰੀਸਨ, ਕੌਸਲਰ ਮੀਨਾ ਵੈਸਟਹੈਵਰ, ਜੈਕ ਡੀ ਰਾਈਜ਼ ਅਤੇ ਕੌਲਨ ਪਲਾਂਟ, ਨੇ ਆਪਣੇ ਵਿਚਾਰ ਰੱਖੇ।
ਮੇਲੇ ਵਿੱਚ ਬਹੁਤ ਸਾਰੇ ਵਪਾਰੀ ਭੈਣ- ਭਰਾ ਆਪਣੀਆ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਦੇ ਨਾਲ ਹੀ ਗਹਿਣਿਆਂ ਗੱਟਿਆਂ, ਪੰਜਾਬੀ ਜੁਤੀਆਂ, ਸੂਟਾਂ ਤੇ ਚੁੰਨੀਆਂ – ਫੁਲਕਾਰੀਆਂ ਦੇ ਸਟਾਲਾਂ ਵਾਲੇ ਵਿਕਰੀ ਤੋਂ ਬਹੁਤ ਖੁਸ਼ ਸਨ। ਖਰੀਦਦਾਰ ਆਪਣੀ  ਪਸੰਦੀ ਦਾ ਸਮਾਨ ਖਰੀਦ ਕੇ ਪੂਰੇ ਆਨੰਦ ਮਾਣ ਰਹੇ ਸਨ। ਰੈਸਟੋਰੈਂਟ ਮਾਲਕ ਵਲੋਂ ਖਾਣ ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ। ਪੰਜਾਬੀ ਕਲਚਰਲ ਕਮਿਊਨਿਟੀ ਅਸੋਸੀਏਸ਼ਨ ਵਿਕਟੋਰੀਆ ਵੱਲੋ ਖਾਣੇ ਦੀ ਸੇਵਾ ਮੇਲਾ ਖਤਮ ਹੋਣ ਤੱਕ ਮੁਫ਼ਤ ਕੀਤੀ ਗਈ। ਇਸ ਦੇ ਨਾਲ ਹੀ ਰੰਗਾਰੰਗ  ਪ੍ਰੋਗਰਾਮ ਦਾ ਵੀ ਹਰ ਇਕ ਨੇ ਅਨੰਦ ਮਾਣਿਆ। ਅਖੀਰ ਵਿੱਚ ਸਾਰੀਆਂ ਭੈਣਾਂ ਨੇ ਰੱਲ ਕੇ ਬੋਲੀਆਂ ਪਾਈਆਂ ਅਤੇ ਗਿੱਧੇ ਦਾ ਖ਼ੂਬ ਰੰਗ ਬੰਨਿਆਂ। ਪੰਜਾਬੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਫਲ ਕਰਨ ਲਈ ਸਭ ਦਾ ਦਿਲੋਂ ਧੰਨਵਾਦ ਕੀਤਾ ਗਿਆ।