Headlines

ਐਡਮਿੰਟਨ ਵਿਚ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਨਾਲ ਮਨਾਇਆ

ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ-ਭਾਰਤੀ ਕੌਂਸਲ ਜਨਰਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ-

ਐਡਮਿੰਟਨ ( ਦਵਿੰਦਰ ਦੀਪਤੀ)- ਬੀਤੀ 20 ਅਗਸਤ ਦਿਨ ਐਤਵਾਰ ਨੂੰ ਭਾਰਤੀ ਕਲਚਰਲ ਸੁਸਾਇਟੀ ਆਫ ਅਲਬਰਟਾ, ਸ਼ਿਰੜੀ ਸਾਈਂ ਬਾਬਾ ਮੰਦਿਰ ਐਡਮਿੰਟਨ ਅਤੇ ਹਿੰਦੂ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਵਲੋਂ ਸਾਂਝੇ ਤੌਰ ਤੇ ਦੂਸਰਾ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅਲਬਰਟਾ ਸਰਕਾਰ ਵਲੋਂ 29 ਜੁਲਾਈ 2021 ਨੂੰ ਅਗਸਤ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਐਲਾਨੇ ਜਾਣ ਤੋਂ ਬਾਦ ਅਲਬਰਟਾ ਦੀਆਂ ਹਿੰਦੂ ਸੰਸਥਾਵਾਂ ਵਲੋਂ ਮਨਾਏ ਗਏ ਇਸ ਦੂਸਰੇ ਹਿੰਦੂ ਹੈਰੀਟੇਜ ਮੰਥ ਨੂੰ ਸਮਰਪਿਤ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਐਡਮਿੰਟਨ ਦੇ 9507, 39 ਐਵਨਿਊ ਨਾਰਥ ਵੈਸਟ ਵਿਖੇ ਸਥਿਤ ਮੰਦਿਰ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਵੈਨਕੂਵਰ ਤੋਂ ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼ ਨੇ ਮੁੱਖ ਮਹਿਮਾਨ ਅਤੇ ਕੌਂਸਲ ( ਕਮਿਊਨਿਟੀ ਮਾਮਲੇ) ਸ੍ਰੀ ਰਾਹੁਲ ਨੇਗੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਰਵਾਸੀ ਭਾਰਤੀਆਂ ਨੂੰ ਹਿੰਦੂ ਹੈਰੀਟੇਜ ਮੰਥ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਬੱਚਿਆਂ ਤੇ ਨੌਜਵਾਨਾਂ ਵਲੋਂ ਵੱਖ ਵੱਖ ਸਭਿਆਚਾਰਕ ਤੇ ਭਾਰਤੀ ਵਿਰਾਸਤ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ ਗਏ ਜਿਹਨਾਂ ਦਾ ਲੋਕਾਂ ਨੇ ਭਾਰੀ ਆਨੰਦ ਮਾਣਿਆ। ਵੱਖ ਵੱਖ ਭਾਰਤੀ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ। ਬਿਜਨੈਸ ਅਦਾਰਿਆਂ ਵਲੋਂ ਲਗਾਏ ਗਏ ਸਟਾਲਾਂ ਉਪਰ ਵਿਸ਼ੇਸ਼ ਕਫਾਇਤੀ ਦਰਾਂ ਉਪਰ ਵਸਤਾਂ ਦੀ ਖਰੀਦੋ ਫਰੋਖਤ ਵਿਚ ਲੋਕਾਂ ਨੇ ਖਾਸ ਦਿਲਚਸਪੀ ਵਿਖਾਈ।