Headlines

ਕਿਸਾਨਾਂ ਨੂੰ ‘ਆਪ’ ਸਰਕਾਰ ਤੋਂ ਮੁਆਵਜ਼ੇ ਦੀ ਕੋਈ ਉਮੀਦ ਨਹੀਂ – ਰਵਿੰਦਰ ਬ੍ਰਹਮਪੁਰਾ

ਪੰਚਾਇਤੀ ਚੋਣਾਂ ‘ਤੇ ਹਾਈਕੋਰਟ ਦੀ ਫਟਕਾਰ ਨਾਲ ਮਾਨ ਸਰਕਾਰ ਦੇ ਬਦਲਾਖੋਰੀ ਏਜੰਡੇ ਦਾ ਪਰਦਾਫਾਸ਼ ਹੋਇਆ-ਬ੍ਰਹਮਪੁਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,31 ਅਗਸਤ-
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ‘ਆਪ’ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਨਾਟਕਕਾਰ ਜੋਕਰਾਂ ਅਤੇ ਗੈਰ ਜ਼ਿੰਮੇਵਾਰ ਲੋਕਾਂ ਦੀ ਸਰਕਾਰ ਹੈ ਅਤੇ ਕਿਸਾਨਾਂ ਨੂੰ ਅਜਿਹੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦੀ ਉਮੀਦ ਨਹੀਂ ਹੈ।ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ ਵੀ ਸਾਬਕਾ ਵਿਧਾਇਕ  ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਜਿਥੇ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਹੜ ਪ੍ਰਭਾਵਿਤ ਕਿਸਾਨਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ,ਉਥੇ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਸੰਦਰਭ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ‘ਆਪ’ ਦੀ ਸਰਕਾਰ ਆਉਣ ’ਤੇ ਉਹ ਕਿਸਾਨਾਂ ਨੂੰ ਖਰਾਬ ਹੋਈਆਂ ਫ਼ਸਲਾਂ ਦਾ ਤੁਰੰਤ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲ ਦਾ ਮੁਆਵਜ਼ਾ ਜਾਰੀ ਕਰਨਗੇ ਅਤੇ ਗਿਰਦਾਵਰੀ ਵੀ ਬਾਅਦ ਵਿੱਚ ਕਰਵਾਈ ਜਾਵੇਗੀ। ਪਰ ਹੁਣ ਉਨ੍ਹਾਂ ਦੀ ਸਰਕਾਰ ਫ਼ਸਲਾਂ ਦੇ ਨੁਕਸਾਨ ਲਈ 6800 ਰੁਪਏ ਪ੍ਰਤੀ ਏਕੜ ਤੱਕ ਆ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਵੀ ਫ਼ਿਲਹਾਲ ਆਉਣੀ ਬਾਕੀ ਹੈ ਅਤੇ ਅਜੇ ਤੱਕ ਕੋਈ ਗਿਰਦਾਵਰੀ ਨਹੀਂ ਕਰਵਾਈ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈ ਕੇ ਆਲੋਚਨਾ ਕਰਦੇ ਹੋਏ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਜਦੋਂ ਸੂਬਾ ਹੜ੍ਹਾਂ ਦੀ ਮਾਰ ਹੇਠ ਹੈ ਤਾਂ ਉਹ ਪੰਜਾਬ ਸਰਕਾਰ ਦੇ ਹੈਲੀਕਾਪਟਰ ‘ਚ ‘ਆਪ’ ਸੁਪਰੀਮੋ ਕੇਜਰੀਵਾਲ ਨਾਲ  ਕੁਝ ਚੋਣਾਂ ਵਾਲੇ ਸੂਬਿਆਂ ‘ਚ ਖੁਦ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸਾਬਕਾ ਕੈਬਨਿਟ ਮੰਤਰੀ ਸਵ.ਜਥੇ.ਰਣਜੀਤ ਸਿੰਘ ਬ੍ਰਹਮਪੁਰਾ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਜਦੋਂ ਉਨ੍ਹਾਂ ਨੂੰ ਸਰਕਾਰ ਤੋਂ ਤੁਰੰਤ ਮੁਆਵਜ਼ਾ ਮਿਲਦਾ ਸੀ।ਬ੍ਰਹਮਪੁਰਾ ਨੇ ਸੂਬੇ ਵਿੱਚ ਪੰਚਾਇਤਾਂ ਦੀ ਬਰਖਾਸਤਗੀ ਦੀ ਗੱਲ ਕਰਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਕਰੀਬ 5 ਮਹੀਨੇ ਪਹਿਲਾਂ ਹੀ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਭੰਗ ਕਰਕੇ ਹੋਸ਼ੀ ਰਾਜਨੀਤੀ ਕਰ ਰਹੀ ਸੀ।ਸ.ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦੇ ਕੋਝੇ ਕਾਰੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਜਨਹਿਤ ਪਟੀਸ਼ਨ (ਪੀ.ਆਈ.ਐਲ.) ‘ਤੇ ਮੁੜ ਸ਼ੁਰੂ ਹੋਈ ਸੁਣਵਾਈ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ,ਜੈ ਆਮ ਲੋਕਾਂ ਦੀ ਜਿੱਤ ਹੈ।ਪਰ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ‘ਬਦਲਾਖੋਰੀ’ ਦਾ ਸਪਸ਼ਟ ਸੰਕੇਤ ਦੇ ਰਹੀਆਂ ਹਨ।ਬ੍ਰਹਮਪੁਰਾ ਨੇ ਆਪਣੇ ਹਲਕੇ ਖਡੂਰ ਸਾਹਿਬ ਦੇ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਉਹ ਪੰਚਾਇਤੀ ਚੋਣਾਂ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਅਤੇ ਜੋਸ਼ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਚਾਇਤੀ ਚੋਣਾਂ ਲੜਾਂਗੇ ਵੀ ਅਤੇ ਜਿੱਤਾਂਗੇ ਵੀ।
ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੇ ਆਮ ਆਦਮੀ ਨੂੰ ਵੋਟਾਂ ਪਾ ਕੇ ਗ਼ਲਤ ਹੱਥਾਂ ਵਿੱਚ ਸਰਕਾਰ ਦੀ ਵਾਗ ਡੋਰ ਸੌਂਪ ਦਿੱਤੀ ਹੈ ਅਤੇ ਪੰਜਾਬ ਵਿੱਚ ਰਾਜ ਕਰ ਰਹੀ ਭਗਵੰਤ ਮਾਨ ਦੀ ਸਰਕਾਰ ਨੂੰ ਪੰਜਾਬ ਵਾਸੀਆਂ ਦੇ ਮਸਲੇ ਹੱਲ ਕਰਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।
ਇਸ ਮੌਕੇ ਸੀਨੀਅਰ ਟਕਸਾਲੀ ਆਗੂ ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਦਿਲਬਾਗ ਸਿੰਘ ਸਾਬਕਾ ਸਰਪੰਚ ਕਾਹਲਵਾਂ, ਸਰਪੰਚ ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ,ਬਲਬੀਰ ਸਿੰਘ ਬੱਲੀ,ਜੋਤਾ ਸਿੰਘ ਸਾਬਕਾ ਸਰਪੰਚ ਧੁੰਨ ਢਾਏ ਵਾਲਾ,ਮਾਸਟਰ ਗੁਰਨਾਮ ਸਿੰਘ ਧੁੰਨ ਢਾਏ ਵਾਲਾ,ਪਰਮਜੀਤ ਸਿੰਘ ਸਾਬਕਾ ਸਰਪੰਚ ਧੁੰਨ ਢਾਏ ਵਾਲਾ,ਗਿਆਨ ਸਿੰਘ ਸਾਬਕਾ ਸਰਪੰਚ,ਖਜਾਨ ਸਿੰਘ ਸਾਬਕਾ ਸਰਪੰਚ,ਗੁਰਮੇਜ ਸਿੰਘ ਦੋਧੀ ਸਾਬਕਾ ਸਰਪੰਚ, ਜਗਰੂਪ ਸਿੰਘ ਪੱਖੋਪੁਰ ਸੀਨੀਅਰ ਯੂਥ ਅਕਾਲੀ ਆਗੂ ਅਤੇ ਓਐਸਡੀ ਦਮਨਜੀਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ: ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਕਾਲੀ ਵਰਕਰਾਂ ਨਾਲ ਗੱਲਬਾਤ ਦੌਰਾਨ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)